ਜਦ ਵੀ ਪ੍ਰੀਤ ਜੈਲਦਾਰਾਂ ਦੇ ‘ਕਾਕਿਆਂ’ ਨੂੰ ਜਿਪਸੀਆਂ ਅਤੇ ਬੁਲਿਟ ਮੋਟਰ ਸਾਈਕਲਾਂ ‘ਤੇ ਘੁੰਮਦੇ ਦੇਖਦਾ, ਤਾਂ ਉਸ ਦੇ ਅੰਦਰੋਂ ਹਾਉਕੇ ਦੇ ਨਾਲ਼-ਨਾਲ਼ ਇੱਕ ਚੀਸ ਵੀ ਉਠਦੀ, “ਹਾਏ ਰੱਬਾ! ਜੇ ਮੇਰਾ ਬਾਪੂ ਵੀ ਇਹਨਾਂ ਦੇ ਪਿਉ ਵਾਂਗੂੰ ਅਮੀਰ ਹੁੰਦਾ, ਮੈਂ ਵੀ ਇਹਨਾਂ ਲਗਾੜਿਆਂ ਵਾਂਗੂੰ ਐਸ਼ ਕਰਦਾ…!” ਉਹ ਪੱਠੇ ਵੱਢਦਾ ਹੱਥ ਵਾਲ਼ੀ ਦਾਤੀ ਖੇਤ ਵਿੱਚ ਗੱਡ ਕੇ ਸੜਕ ਵੱਲ ਦੇਖਣ ਲੱਗ ਜਾਂਦਾ। ਜੈਲਦਾਰ ਦੇ ਅਮੀਰ ‘ਕਾਕੇ’ ਨਿੱਤ ਨਵਾਂ ਕੋਈ ‘ਸ਼ੋਸ਼ਾ’ ਕਰਦੇ। ਕਦੇ ਕੋਈ ਨਵਾਂ ਹਥਿਆਰ ਲਿਆ ਕੇ ਉਸ ਦੀ ਪ੍ਰਦਸ਼ਨੀ ਕਰਦੇ ਅਤੇ ਕਦੇ ਕੋਈ ਨਵਾਂ ਟਰੈਕਟਰ ਲਿਆ ਕੇ, ਟਰੈਕਟਰ ਉਪਰ ਲੱਗੀ ਟੇਪ ਰਿਕਾਰਡਰ ਦੀ ਅਵਾਜ਼ ‘ਫ਼ੁੱਲ’ ਛੱਡ ਕੇ ਪਿੰਡ ਵਿੱਚ ਭਲਵਾਨੀ ਗੇੜਾ ਦਿੰਦੇ। ਕੋਈ ਉਹਨਾਂ ਅੱਗੇ ਕੁਸਕਦਾ ਤੱਕ ਨਹੀਂ ਸੀ, ਉਹਨਾਂ ਦੀਆਂ ਸ਼ੋਸ਼ੇਬਾਜ਼ੀਆਂ ਦੇਖ ਕੇ ਪਿੰਡ ਦੀ ਮੁੰਡੀਹਰ ਝੁਰਦੀ ਅਤੇ ਖਿਝਦੀ ਰਹਿੰਦੀ।
-”ਚੋਰ ਨੂੰ ਖਾਂਦੇ ਨੂੰ ਨਾ ਦੇਖੀਏ ਪੁੱਤ…! ਚੋਰ ਦੇ ਟੋਟਣ ‘ਚ ਲਿਵਤਰੇ ਪੈਂਦੇ ਦੇਖੀਏ…!! ਚੋਰਾਂ ਦੇ ਸੌ ਦਿਨਾਂ ਬਾਅਦ ਇੱਕ ਦਿਨ ਸਾਧ ਦਾ ਵੀ ਜ਼ਰੂਰ ਆਉਣਾ ਹੁੰਦੈ…!” ਤਜ਼ਰਬਿਆਂ ਦੀ ਮੂਰਤ ਬਾਪੂ ਅਸਮਾਨੀਂ ਸੁਪਨਿਆਂ ਵਿੱਚ ਉਲ਼ਝਦੇ ਜਾਂਦੇ ਪੁੱਤ ਨੂੰ ਬੰਨ੍ਹ ਮਾਰ ਕੇ ਰੋਕਣ ਦਾ ਯਤਨ ਕਰਦਾ।
-”ਯਾਦ ਰੱਖੀਂ ਬਾਪੂ…! ਆ ਲੈਣ ਦੇ ਸਾਡੇ ਵੀ ਦਿਨ, ਜੇ ਸੱਚੇ ਪਾਤਿਸ਼ਾਹ ਨੇ ਦਿਨ ਫ਼ੇਰੇ, ਸਾਰੇ ਪਿੰਡ ਨਾਲ਼ੋਂ ਉਚੀ ਕੋਠੀ ਪਾ ਕੇ ਦਿਖਾਊਂਗਾ…!”
-”ਦਸਾਂ ਨਹੁੰਆਂ ਦੀ ਕਿਰਤ ਕਮਾਈ ਅਰਗੀ ਰੀਸ ਨੀ ਹੁੰਦੀ ਪੁੱਤ, ਨੀਂਦ ਬੜੀ ਸੋਹਣੀ ਆਉਂਦੀ ਐ…! ਆਪਣੇ ਗੁਰੂ ਆਪਾਂ ਨੂੰ ਐਵੇਂ ਨੀ ਸਿੱਖਿਆ ਦੇ ਗਏ; ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥ ਨ ਜਾਈ।। ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ।।” ਪਰ ਬੱਗੀ ਦਾੜ੍ਹੀ ਵਾਲ਼ੇ ਗੁਣੀ-ਗਿਆਨੀ ਬਾਪੂ ਦੀ ਸਿੱਖਿਆ ਜੁਆਨ ਹੁੰਦੇ ਆ ਰਹੇ ਪ੍ਰੀਤ ਦੇ ਪੱਲੇ ਘੱਟ ਹੀ ਪੈਂਦੀ। ਉਹ ਦਿਮਾਗ ‘ਤੇ ਚੜ੍ਹੇ ਸੁਪਨਿਆਂ ਨਾਲ਼ ਹੀ ਘੋਲ਼ ਕਰਦਾ ਰਹਿੰਦਾ।
ਇੱਕ ਦਿਨ ਪ੍ਰੀਤ ਅਤੇ ਸੀਰੀ ਜੈਬਾ ਗੋਡੇ-ਗੋਡੇ ਖੜ੍ਹੀ ਕਣਕ ਨੂੰ ਪਾਣੀ ਲਾ ਰਹੇ ਸਨ।
-”ਪਾੜ੍ਹਿਆ, ਵਿਆਹ-ਵੂਹ ਕਦੋਂ ਦਿਖਾਉਣੈਂ..?” ਨੱਕਾ ਮੋੜਦੇ ਜੈਬੇ ਨੇ ਪ੍ਰੀਤ ਨੂੰ ਚਾਣਚੱਕ ਛੇੜਿਆ।
-”ਵੇਲ਼ਾ ਤਾਂ ਆਬਦਾ ਨੀ ਪੂਰਾ ਹੁੰਦਾ ਬਾਈ ਜੈਬਿਆ, ਅਗਲੀ ਨੂੰ ਕੀ ਚੰਡੋਲ ਝੁਟਾ ਦਿਆਂਗੇ…?”
-”ਜਿਵੇਂ ਬਾਣੀਏਂ ਨੀ ਗੱਲੀਂ ਬਾਤੀਂ ਅਗਲੇ ਤੋਂ ਹੱਟੀ ਵਾਰਨ ਤੱਕ ਜਾਂਦੇ..? ਅਸੀਂ ਤੇਰੇ ਤੋਂ ਆਪਣਾ ‘ਸੀਰ’ ਵਾਰ ਦਿਆਂਗੇ ਪਾੜ੍ਹਿਆ, ਜਿੱਥੇ ਮਰਜੀ ਐ ਝੋਕ ਕੇ ਦੇਖ ਲਈਂ, ਆਪਾਂ ਕਿਹੜਾ ਭਾਨੋਂ ਨੂੰ ਤੁੰਗਲ਼ ਕਰਵਾ ਕੇ ਦੇਣੇ ਐਂææ?”
-”…………..।” ਪ੍ਰੀਤ ਉਚੀ-ਉਚੀ ਹੱਸ ਪਿਆ।
-”ਯਾਰ ਦੀ ਗੱਲ ਨੂੰ ਲੱਲੂ-ਪੰਜੂ ਨਾ ਸਮਝ…! ਤੇਰੇ ਘਰ ਦਾ ਨੂਣ ਖਾਧੈ, ਤੂੰ ਵਿਆਹ ਕਰਵਾ, ਜਾਹ ਮੈਂ ਪੂਰੇ ਸਾਲ ਦੇ ਸੀਰ ਦੇ ਪੈਸੇ ਨੀ ਲੈਂਦਾ…!”
-”……………।” ਪ੍ਰੀਤ ਹੱਸੀ ਜਾ ਰਿਹਾ ਸੀ। ਉਹ ਜੈਬੇ ਦੀ ਦਰਿਆ-ਦਿਲੀ ਦਾ ਵੀ ਕਾਇਲ ਸੀ। ਜੈਬਾ ਦੁਨੀਆਂ ਵਿੱਚ ‘ਕੱਲੀ ਜਾਨ ਸੀ। ਉਸ ਦੇ ਮਾਂ-ਬਾਪ ਛੋਟੇ ਹੁੰਦੇ ਦੇ ਹੀ ਸਵਰਗ ਸਿਧਾਰ ਗਏ ਸਨ। ਉਹ ਨਿੱਕਾ ਹੁੰਦਾ ਹੀ ਪ੍ਰੀਤ ਕਿਆਂ ਨਾਲ਼ ਸੀਰੀ ਆ ਰਲ਼ਿਆ ਸੀ, ਅਤੇ ਹੁਣ ਤੱਕ ਨਾਲ਼ ਨਿਭਦਾ ਆ ਰਿਹਾ ਸੀ।
-”ਜੇ ਜੇਬੋਂ ਨੰਗ ਐਂ, ਤਾਂ ਨੀਤ ਦੇ ਨੰਗ ਨੀ ਛੋਟੇ ਭਾਈ…! ਯਾਰ ਨੂੰ ਭਾਂਵੇਂ ਸੁਹਾਗੇ ਦੀ ਥਾਂ ਸਿੱਟਲੀਂ, ਸੀਅ ਨੀ ਕਰੂੰਗਾ…!” ਉਸ ਨੇ ਵੱਡਾ ਸਾਰਾ ਹੱਥ ਛਾਤੀ ‘ਤੇ ਮਾਰਿਆ। ਛਾਤੀ ਛੱਜ ਵਾਂਗ ਖੜਕੀ।
-”ਮੇਰਾ ਇੱਕ ਕੰਮ ਕਰ ਬਾਈ ਜੈਬਿਆ…!”
-”ਬੋਲ਼…?”
-”ਮੈਂ ਜਾਣਾ ਚਾਹੁੰਨੈ ਬਾਹਰ, ਤੂੰ ਕਿਵੇਂ ਨਾ ਕਿਵੇਂ ਬਾਪੂ ਨੂੰ ਮਨਾ…!”
-”ਛੋਟੇ ਭਾਈ ਸਿਆਣੇ ਕਹਿੰਦੇ ਹੁੰਦੇ ਐ, ਬਾਹਰ ਦੀ ਝਾਕ ਨਾ ਰੱਖੀਏ, ਘਰ ਅੱਧੀ ਚੰਗੀ…!”
-”ਮੈਂ ਤੈਨੂੰ ਕੀ ਕੰਮ ਕਿਹੈ, ਤੂੰ ਤਾਂ ਕਵੀਸ਼ਰੀ ਕਰਨ ਲੱਗ ਪਿਆ ਬਾਈ…?”
-”ਆਬਦੀ ਪੜ੍ਹਾਈ ਤਾਂ ਪੂਰੀ ਕਰ ਲੈ, ਫ਼ੇਰ ਤਾਏ ਨੂੰ ਬਾਹਰ ਵਾਸਤੇ ਵੀ ਮਨਾਲਾਂਗੇ…!”
-”ਪੜ੍ਹ ਕੇ ਕਿਹੜਾ ਤਸੀਲਦਾਰ ਲੱਗ ਜਾਣੈ ਬਾਈ…? ਖੇਤਾਂ ‘ਚ ਈ ਨੱਕੇ ਮੋੜਨੇ ਐਂ…!”
-”…………….।” ਸਿਰੇ ਦੀ ਸੱਚਾਈ ਸੁਣ ਕੇ ਜੈਬਾ ਚੁੱਪ ਵੱਟ ਗਿਆ।
ਪ੍ਰੀਤ ਚੱਲਦੀ ਮੋਟਰ ਵੱਲ ਚਲਿਆ ਗਿਆ। ਜੈਬਾ ਕਿਆਰੇ ਦਾ ਸਿਰਾ ਦੇਖਣ ਤੁਰਾ ਪਿਆ।
-”ਓਏ ਤੂੰ ਕਿੱਧਰੋਂ ਭੱਜਿਆ ਆਉਨੈਂ ਬਰੀ ਦਿਆ ਤਿਔਰਾ…?” ਜੈਬੇ ਨੇ ਗੁਆਂਢੀਆਂ ਦੇ ਮੁੰਡੇ ਨੂੰ ਪੁੱਛਿਆ। ਉਹ ਕਿਆਰੋ-ਕਿਆਰੀ ਭੱਜਿਆ ਆ ਰਿਹਾ ਸੀ।
-”ਪ੍ਰੀਤ ਚਾਚੇ ਨੂੰ ਦੇਖਣ ਆਲ਼ੇ ਆਏ ਐ, ਉਹਨੂੰ ਘਰੇ ਸੱਦਿਐ…!”
-”ਓਹ ਬੱਲੇ ਭਤੀਜ਼…! ਕਿੱਡੀ ਖੁਸ਼ੀ ਦੀ ਖ਼ਬਰ ਸੁਣਾਈ ਐ, ਆ ਤੈਨੂੰ ਗੁੜ ਖੁਆਵਾਂ…!” ਜੈਬਾ ਜੁਆਕ ਨੂੰ ਮੋਟਰ ਵਾਲ਼ੀ ਕੋਠੜੀ ਵੱਲ ਨੂੰ ਲੈ ਤੁਰਿਆ।
ਤੌੜੇ ਵਿੱਚੋਂ ਘੁਲ੍ਹਾੜੀ ਵਾਲ਼ਾ ਗੁੜ ਕੱਢ ਕੇ ਜੈਬੇ ਨੇ ਮੁੰਡੇ ਅੱਗੇ ਕੀਤਾ।
-”ਲੈ ਕਰ ਮੂੰਹ ਮਿੱਠਾ, ਕਿੱਡੀ ਵਧੀਆ ਖ਼ਬਰ ਦਿੱਤੀ ਐ ਭਤੀਜ ਤੂੰ…!”
-”ਘਰ ਦਾ ਗੁੜ ਖੁਆ ਕੇ ਜੁਆਕ ਨੂੰ ਮੋਕ ਨਾ ਲਾਅਦੀਂ, ਬਾਈ…!”
-”ਓਏ ਕੁਛ ਨੀ ਹੁੰਦਾ ਜੱਟ ਦੇ ਪੁੱਤ ਨੂੰ, ਕਿੱਧਰੇ ਨੀ ਲੱਗਦੀ ਇਹਨੂੰ ਮੋਕ…! ਇਹਨੇ ਤਾਂ ਖ਼ਬਰ ਈ ਬੱਤੀ ਸੁਲੱਖਣੀ ਦਿੱਤੀ ਐ, ਚੱਕ ਪੁੱਤ, ਖਾਅ ਤੇ ਕੱਢ ਕੁੱਖਾਂ…!”
-”ਸਾਨੂੰ ਵੀ ਦੱਸ ਦੇ ਬਾਈ…? ਅਸੀਂ ਵੀ ਭੋਰਾ ਖ਼ੁਸ਼ ਹੋ ਲਈਏ…!” ਪ੍ਰੀਤ ਬੋਲਿਆ।
-”ਤੂੰ ਮੂੰਹ ਹੱਥ ਧੋ ਤੇ ਘਰੇ ਚੱਲ, ਤੈਨੂੰ ਦੇਖਣ ਆਲ਼ੇ ਆਏ ਐ…! ਅਸੀਂ ਤਾਂ ਰਹਿਗੇ, ਜਿਹੋ ਜੇ ਸੀਗੇ, ਤੂੰ ਤਾਂ ਕਬੀਲਦਾਰਾਂ ‘ਚ ਬਹਿੰਦਾ ਹੋ…!” ਸੁਣ ਕੇ ਪ੍ਰੀਤ ਨੇ ਜੈਬੇ ਦੇ ਗੋਡੇ ਫ਼ੜ ਲਏ, “ਬਾਈ ਜੈਬਿਆ, ਮੈਨੂੰ ਬਚਾਅ…! ਮੈਂ ਨੀ ਅਜੇ ਵਿਆਹ ਕਰਵਾਉਣਾ…!”
-”ਤੂੰ ਕਮਲ਼ ਨਾ ਮਾਰ…! ਜਾਹ ਮੂੰਹ ਹੱਥ ਧੋ, ਤੇ ਚੱਲ਼..!” ਜੈਬੇ ਨੇ ਪ੍ਰੀਤ ਵਾਲ਼ੀ ਕਹੀ ਫ਼ੜ ਕੇ ਇੱਕ ਪਾਸੇ ਰੱਖ ਦਿੱਤੀ, “ਵਿਹੜੇ ਆਇਆ ਚਾਨਣ ਨੀ ਧੱਕੀਦਾ…!”
-”ਯਾਰ ਬਾਈ, ਆਪ ਤਾਂ ਕਿਸੇ ਤਣ-ਪੱਤਣ ਲੱਗੇ ਨੀ, ਅਗਲੀ ਨੂੰ ਵੀ ਪਰੁੰਨ੍ਹ ਕੇ ਧਰ ਦਿਆਂਗੇ…!”
-”ਸੋਚੀਂ ਪਿਆ, ਤੇ ਬੰਦਾ ਗਿਆ…! ਸੱਜੇ ਨੂੰ ਖੱਬਾ ਨਾ ਦੇਖ, ਚੱਲ਼…! ਬਥੇਰੀਆਂ ਸੁਣ ਲਈਆਂ ਮੈਂ ਤੇਰੀਆਂ ਅਵਲ਼ੀਆਂ ਸਵਲ਼ੀਆਂ…!” ਜੈਬੇ ਨੇ ਮੋਟਰ ਬੰਦ ਕਰ ਦਿੱਤੀ ਅਤੇ ਪ੍ਰੀਤ ਨੂੰ ਖਿੱਚ ਕੇ ਘਰ ਲੈ ਗਿਆ।
ਧੀ ਦੇ ਮਾਪੇ ਸੋਹਣੇ ਸੁਣੱਖੇ ਪ੍ਰੀਤ ਨੂੰ ਦੇਖਣ ਸਾਰ ਹੀ ਕਾਇਲ ਹੋ ਗਏ ਅਤੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਪ੍ਰੀਤ ਇਸ ਰਿਸ਼ਤੇ ਤੋਂ ਮੁਨੱਕਰ ਸੀ। ਉਸ ਨੇ ਘਰ ਵਿੱਚ ਕਲੇਸ਼ ਖੜ੍ਹਾ ਕਰ ਲਿਆ।
-”ਮੈਂ ਵਿਆਹ-ਵੂਹ ਕੋਈ ਨੀ ਕਰਵਾਉਣਾ, ਮੈਂ ਤਾਂ ਬਾਹਰ ਜਾਣੈਂ…!” ਉਸ ਨੇ ਲਕੀਰ ਖਿੱਚ ਦਿੱਤੀ। ਸਭ ਨੂੰ ਸੱਪ ਸੁੰਘ ਗਿਆ। ਕਈ ਦਿਨ “ਘੈਂਸ-ਘੈਂਸ” ਹੁੰਦੀ ਰਹੀ। ਅਖੀਰ ਉਸ ਦੀ ਮਾਂ ਨੇ ਪੁੱਤ ਅੱਗੇ ਹੱਥ ਜੋੜੇ, “ਤੂੰ ਇੱਕ ਆਰੀ ਵਿਆਹ ਕਰਵਾ ਲੈ ਪੁੱਤ, ਤੇਰੇ ਪਿਉ ਨੂੰ ਮਨਾਉਣਾ ਮੇਰਾ ਕੰਮ, ਮੈਂ ਤੋਰੂੰ ਤੈਨੂੰ ਬਾਹਰ…!”
-”…………..।” ਪ੍ਰੀਤ ਚੁੱਪ ਸੀ।
-”ਨਾਲ਼ੇ ਤੇਰਾ ਸਹੁਰਾ ਕਹਿੰਦਾ ਸੀ, ਉਹਨਾਂ ਦੇ ਪੰਜਾਹ ਜੀਅ ਕਨੇਡੇ ਐ, ਉਹ ਤੇਰੀ ਮੱਦਤ ਵੀ ਕਰ ਦੇਣਗੇ…!” ਆਖਣ ‘ਤੇ ਸੁੱਕੀ ਵੇਲ ਨੂੰ ਪਾਣੀ ਮਿਲਣ ਵਾਂਗ ਪ੍ਰੀਤ ਨੇ ਸਿਰ ਉਚਾ ਚੁੱਕਿਆ ਅਤੇ ਨਜ਼ਰਾਂ ਰਾਹੀਂ ਸਹਿਮਤੀ ਹੋ ਗਈ।
ਗਿਣਤੀ ਦੇ ਹਫ਼ਤਿਆਂ ਵਿੱਚ ਪ੍ਰੀਤ ਦਾ ਵਿਆਹ ਹੋ ਗਿਆ।
ਲਗਰ ਵਰਗੀ ਸੋਹਣੀ ਕੁੜੀ ਪੁਨੀਤ, ਪ੍ਰੀਤ ਦੀ ਹਮਸਫ਼ਰ ਬਣ ਘਰ ਆ ਗਈ। ਸੁੰਨਾਂ ਅਤੇ ਧੁਆਂਖਿਆ ਵਿਹੜਾ ਜਿਵੇਂ ਚਾਨਣ ਅਤੇ ਖੇੜਿਆਂ ਨਾਲ਼ ਭਰ ਗਿਆ ਸੀ। ਪ੍ਰੀਤ ਦੇ ਮਾਂ-ਬਾਪ ਦੇ ਵੀ ਧਰਤੀ ਪੈਰ ਨਹੀਂ ਲੱਗਦੇ ਸਨ। ਕਮਲ਼ਾ ਹੋਇਆ ਜੈਬਾ ਗਈ ਰਾਤ ਤੱਕ ਲਾਹਣ ਪੀਂਦਾ ਅਤੇ ਬੱਕਰੇ ਦੀਆਂ ਸੈਂਖੀਆਂ ਚੂੰਡਦਾ ਰਿਹਾ ਸੀ।
ਤਿੰਨ ਕੁ ਮਹੀਨੇ ਤਾਂ ਸੁੱਖ ਸਾਂਦ ਨਾਲ਼ ਬੀਤ ਗਏ। ਪਰ ਤੀਜੇ ਮਹੀਨੇ ਬਾਅਦ ਹੀ ਪ੍ਰੀਤ ਨੂੰ ਬਾਹਰ ਜਾਣ ਵਾਲ਼ਾ ਹੀਂਗਣਾ ਫ਼ਿਰ ਛੁੱਟ ਪਿਆ। ਮਾਂ ਨੇ ਫ਼ਿਰ ਹਾੜ੍ਹੇ ਕੱਢੇ, ਨਵੀਂ ਵਿਆਹੀ ਪੁਨੀਤ ਦਾ ਵੇਰਵਾ ਦੇ ਕੇ ਵਾਸਤੇ ਪਾਏ। ਪਰ ਪ੍ਰੀਤ ਇੱਕੋ ਗੱਲ ‘ਤੇ ਅੜਿਆ ਰਿਹਾ, “ਥੋਡੇ ਕਹਿਣ ‘ਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ, ਹੁਣ ਤੁਸੀਂ ਆਪਣਾ ਵਾਅਦਾ ਪੂਰਾ ਕਰੋ…!” ਪ੍ਰੀਤ ਦੀ ਅੜੀ ‘ਤੇ ਸਾਰਾ ਟੱਬਰ ਦੁਖੀ ਸੀ। ਪ੍ਰੀਤ ਦੀ ਮਾਂ ਨੇ ਆਪਣੀ ਨੂੰਹ ਨੂੰ ਝੰਜੋੜਿਆ, “ਪੁਨੀਤ, ਤੂੰ ਈ ਕੁਛ ਕਹਿ ਕੇ ਦੇਖ’ਲਾ ਪੁੱਤ, ਸਾਡੀ ਆਖੀ ਤਾਂ ਹੁਣ ਉਹ ਮੰਨਦਾ ਨੀ…!” ਪਰ ਨੂੰਹ ਨੇ ਵੀ ਹੱਥ ਖੜ੍ਹੇ ਕਰ ਦਿੱਤੇ, “ਬੀਜੀ, ਮੈਂ ਤਾਂ ਪਹਿਲਾਂ ਈ ਕਹਿ ਕੇ ਦੇਖ ਚੁੱਕੀ ਐਂ, ਗੱਲ ਈ ਨੀ ਸੁਣਦੇ…!” ਸੱਜ ਵਿਆਹੀ ਦੇ ਅੰਦਰੋਂ ਵੀ ਧੁਖਦੀਆਂ ਰੀਝਾਂ ਦਾ ਧੂੰਆਂ ਨਿਕਲ਼ਿਆ। ਉਸ ਨੇ ਬਲ਼ਦੀ ਚਿਖ਼ਾ ਵਾਂਗ ਹਾਉਕਾ ਲਿਆ। ਬੇਵੱਸ ਨੂੰਹ ਦੀਆਂ ਭਰੀਆਂ ਅੱਖਾਂ ਦੇਖ, ਸੱਸ ਚੁੱਪ ਕਰ ਗਈ।
ਤਣਾਓ ਭਰੇ ਮਾਹੌਲ ਵਿੱਚ ਹਫ਼ਤਾ ਹੋਰ ਲੰਘ ਗਿਆ।
ਇੱਕ ਦਿਨ ਆਥਣੇ ਜਿਹੇ ਜੈਬਾ ਪੱਠੇ ਵੱਢ ਰਿਹਾ ਸੀ। ਪ੍ਰੀਤ ਮੋਰਨੀਆਂ ਵਾਲ਼ਾ ਝੋਲ਼ਾ ਹੱਥ ਵਿੱਚ ਫ਼ੜੀ ਡਿੱਕਡੋਲੇ ਜਿਹੇ ਖਾਂਦਾ ਤੁਰਿਆ ਆ ਰਿਹਾ ਸੀ। ਜੈਬੇ ਨੇ ਦਾਤੀ ਸੁੱਟ, ਡੰਡੀ ‘ਤੇ ਤੁਰੇ ਆ ਰਹੇ ਪ੍ਰੀਤ ਨੂੰ ਗਹੁ ਨਾਲ਼ ਤੱਕਿਆ ਤਾਂ ਪ੍ਰੀਤ ਦੀ ਤੋਰ ਵਿੱਚ ਕੋਈ ਨਸ਼ਾ ਝੂਲ ਰਿਹਾ ਸੀ। ਹੈਰਾਨੀ ਨਾਲ਼ ਜੈਬੇ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪ੍ਰੀਤ ਨੇ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੋਚਾਂ ਵਿੱਚ ਬੌਂਦਲ਼ਿਆ ਜੈਬਾ ਬੁਲਡੋਜਰ ਵਾਂਗ ਉਸ ਦੇ ਅੱਗੇ ਜਾ ਖੜ੍ਹਾ, “ਛੋਟੇ ਭਾਈ, ਕੁਛ ਖਾਧਾ ਪੀਤੈ ਅੱਜ਼…?” ਉਸ ਨੇ ਪ੍ਰੀਤ ਦਾ ਮੋਢਾ ਫ਼ੜ ਕੇ, ਝੰਜੋੜ ਕੇ ਪੁੱਛਿਆ।
-”ਆਪਾਂ ਬੈਲੀਆਂ ਨੇ ਬੈਲ ਕਮਾਉਣੇ ਬਾਈ ਜੈਬਿਆ…!” ਉਸ ਨੇ ਬੱਕਰਾ ਬੁਲਾ ਕੇ ਬਾਂਹ ਉਪਰ ਚੁੱਕੀ ਤਾਂ ਪ੍ਰੀਤ ਦਾ ਸਰੀਰ ਡੋਲ ਗਿਆ। ਜੈਬੇ ਨੇ ਉਸ ਨੂੰ ਸੰਭਾਲ਼ ਲਿਆ, “ਓਏ ਇਹ ਕੀ ਕਰਨ ਲੱਗ ਪਿਆ ਖਸਮਾਂ ਨੂੰ ਖਾਣਿਆਂ? ਤਾਏ ਹੋਰੀਂ ਸਾਰੇ ਅੰਬਰਤਧਾਰੀ, ਤੇ ਤੂੰ ਆਹ ਕੀ ਲੱਛਣ ਕਰਨ ਲੱਗ ਪਿਆ…? ਤਾਇਆ ਤਾਈ ਤਾਂ ਦੇਖ ਕੇ ਸਾਹ ਖਿੱਚ ਜਾਣਗੇ…!”
-”ਅਜੇ ਤਾਂ ਆਹ ਪੀਣੀ ਐਂ ਬਾਈ…!” ਉਸ ਨੇ ਮੋਰਨੀਆਂ ਵਾਲ਼ੇ ਝੋਲ਼ੇ ਵਿੱਚੋਂ ਸਪਰੇਅ ਵਾਲ਼ੀ ਦੁਆਈ ਦੀ ਬੋਤਲ ਕੱਢ ਕੇ ਦਿਖਾਈ ਤਾਂ ਭੈਅ ਨਾਲ਼ ਜੈਬੇ ਦਾ ਅੰਦਰ ਹਿੱਲ ਗਿਆ, “ਓਏ ਗਵੱਜੀਆ, ਆਹ ਕੀ ਚੰਦ ਚਾੜ੍ਹਨ ਲੱਗਿਐਂ…? ‘ਕੱਲਾ-’ਕੱਲਾ ਪੁੱਤ ਐਂ, ਹੁਣ ਬੁੱਢੇ ਵਾਰੇ ਮਾਪਿਆਂ ਨੂੰ ਆਹ ਫੱਟ ਦੇਵੇਂਗਾ…?” ਜੈਬੇ ਨੂੰ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।
-”ਬੱਸ ਬਾਈ ਜੈਬਿਆ, ਹੁਣ ਯਾਰ ਗੱਡੀ ਚੜ੍ਹ ਜਾਣਗੇ, ਤੂੰ ਬੈਠੀ ਰੋਵੇਂਗੀ ਵਣਾਂ ਦੀ ਛਾਂਵੇਂ…!” ਉਹ ਨਸ਼ੇ ਵਿੱਚ ਕਵੀਸ਼ਰੀ ਕਰੀ ਜਾ ਰਿਹਾ ਸੀ। ਜੈਬੇ ਨੇ ਧੱਕਾ ਮਾਰ ਕੇ ਪ੍ਰੀਤ ਨੂੰ ਬਰਸੀਨ ਦੀ ਭਰੀ ‘ਤੇ ਸੁੱਟ ਲਿਆ ਅਤੇ ਹੱਥੋਂ ਦੁਆਈ ਵਾਲ਼ੀ ਬੋਤਲ ਖੋਹ ਲਈ। ਪ੍ਰੀਤ ਬੋਤਲ ਖੋਹਣ ਪਿਆ ਤਾਂ ਜੈਬੇ ਨੇ ਗੁਆਂਢੀ ਖੇਤਾਂ ਵਾਲ਼ਿਆਂ ਨੂੰ ਅਵਾਜ਼ ਮਾਰ ਕੇ ਲੋਕ ਇਕੱਠੇ ਕਰ ਲਏ ਅਤੇ ਪ੍ਰੀਤ ਨੂੰ ਖਿੱਚ ਧੂਹ ਕੇ ਘਰ ਲੈ ਆਂਦਾ। ਨਸ਼ੇ ਵਿੱਚ ਉਹ ਆਪਣਾ ਆਪ ਛੁਡਾ-ਛੁਡਾ ਕੇ ਭੱਜਦਾ ਸੀ। ਇਕਲੌਤੇ ਪੁੱਤ ਦੀ ਨਸ਼ਈ ਹਾਲਤ ਦੇਖ ਕੇ ਮਾਂ ਨੂੰ ਗਸ਼ ਪੈਣ ਵਾਲ਼ੀ ਹੋ ਗਈ ਅਤੇ ਸੱਜ ਵਿਆਹੀ ਪੁਨੀਤ ਢਿੱਡ ‘ਚ ਮੁੱਕੀਆਂ ਦੇ ਕੇ ਬੈਠ ਗਈ।
-”ਤਾਇਆ, ਇਹਦਾ ਬਾਹਰਲਾ ਜੁਗਾੜ ਕਰੋ, ਪਿੱਛਾ ਆਪਾਂ ਰਲ਼ ਮਿਲ਼ ਕੇ ਸਾਭ ਲਵਾਂਗੇææ!” ਹਾਲਾਤਾਂ ਤੋਂ ਹਾਰ ਕੇ ਜੈਬੇ ਨੇ ਮਿੱਤ ਸਿੰਘ ਨੂੰ ਕਿਹਾ, “ਗਿਆ ਵੇਲ਼ਾ ਹੱਥ ਨੀ ਆਉਂਦਾ, ਪਿੱਛੋਂ ਅੱਕਾਂ ‘ਚ ਡਾਂਗਾਂ ਮਾਰਨ ਨਾਲ਼ ਕੁਛ ਨੀ ਹੋਣਾ, ਵੇਲ਼ਾ ਸਾਂਭ ਤਾਇਆ…!”
-”……………..।” ਥਮਲ੍ਹੇ ਵਰਗੇ ਜਿਗਰੇ ਵਾਲ਼ਾ ਮਿੱਤ ਸਿੰਘ ਚੁੱਪ ਸੀ।
-”ਹਰਖ ਦਾ ਮਾਰਿਆ ਧੀ ਪੁੱਤ ਨਰਕ ‘ਚ ਪੈ ਜਾਂਦੈ…! ਆਪਾਂ ਜਿਹੜੇ ਠੂਠੇ ਖਾਣੈ, ਓਸੇ ਈ ਖਾਣੈ ਤਾਇਆ, ਤੂੰ ਇਹਦਾ ਬੰਨ੍ਹ-ਸੁੱਬ ਕਰ, ਮੇਰਾ ਚਾਹੇ ਸਾਲ ਦਾ ਸੀਰ ਨਾ ਦੇਈਂ, ਮੇਰੇ ਕਿਹੜਾ ਕਾਕੂ ਹੋਰੀਂ ਰੋਂਦੇ ਐ…!”
ਭਲੇ ਵੇਲ਼ਿਆਂ ਵਿੱਚ ਮਿੱਤ ਸਿੰਘ ਨੇ ਪ੍ਰੀਤ ਨੂੰ “ਚੋਰ-ਮੋਰੀਆਂ” ਰਾਹੀਂ ਕੈਨੇਡਾ ਵੜਦਾ ਕਰ ਦਿੱਤਾ।
-”ਲੈ ਮੈਂ ਆਬਦਾ ਫ਼ਰਜ਼ ਨਿਭਾਅ ਦਿੱਤਾ, ਹੁਣ ਤੂੰ ਆਬਦੇ ਫ਼ਰਜ ਨਾ ਭੁੱਲਜੀਂ, ਜਿਉਣ ਜੋਕਰਿਆ…!” ਤੁਰਦੇ ਪੁੱਤ ਨੂੰ ਮਿੱਤ ਸਿੰਘ ਨੇ ਹਿੱਕ ‘ਤੇ ਪੱਥਰ ਰੱਖ ਕੇ ਆਖਿਆ ਸੀ। ਮਨ ਪ੍ਰੀਤ ਦਾ ਵੀ ਭਰਿਆ ਹੋਇਆ ਸੀ।
-”ਇੱਕ ਗੱਲ ਯਾਦ ਰੱਖੀਂ…! ਰਾਤ ਨੂੰ ਖਾਣਾ, ਤੇ ਸਵੇਰ ਨੂੰ ਗੰਦ ਬਣ ਜਾਣਾææ! ਵਿਗੜਦਾ ਆਬਦਾ ਹੁੰਦੈ, ਤੇ ਮੂੰਹ ਕਾਲ਼ਸ ਲੋਕ ਦਿੰਦੇ ਐ, ਤੇ ਦੂਜੇ ਪਾਸੇ ਬਣਦਾ ਆਬਦਾ ਹੁੰਦੈ, ਤੇ ਬੱਲੇ-ਬੱਲੇ ਲੋਕ ਕਰਦੇ ਐ, ਇਹ ਦੇਖ ਲਈਂ ਬਈ ਤੂੰ ਕਿਹੜੇ ਪਾਸੇ ਤੁਰਨੈ ਸ਼ੇਰ ਬੱਗਿਆ…!”
ਦੋ ਮਹੀਨੇ ਰੁਲ਼ਦਾ-ਖੁਲ਼ਦਾ ਪ੍ਰੀਤ ਕੈਨੇਡਾ ਦੇ ਸ਼ਹਿਰ ‘ਸਰੀ’ ਪਹੁੰਚ ਗਿਆ। ਬਿਗਾਨਾ ਮੁਲਕ ਅਤੇ ਬਿਗਾਨੇ ਲੋਕ! ਉਹ ਧਰਤੀ, ਜਿੱਥੇ ਲੋਕ ਅੱਤ ਦੇ ਨਜ਼ਦੀਕੀਆਂ ਦੇ ਸਸਕਾਰ ਵੀ ਛੁੱਟੀ ਵਾਲ਼ੇ ਦਿਨ ਕਰਦੇ ਸਨ। ਮਸ਼ੀਨਾਂ ਨਾਲ਼ ਮਸ਼ੀਨ ਹੋਈ ਦੁਨੀਆਂ। ਤੇਜ਼ ਰੌਸ਼ਨੀਆਂ ਵਿੱਚ ਚੁੰਧਿਆਈਆਂ ਨਜ਼ਰਾਂ, ਕੰਮਾਂ-ਕਾਰਾਂ ਅਤੇ ਮੌਰਗੇਜਾਂ ਦੇ ਖੋਖਲ਼ੇ ਕੀਤੇ ਹੋਏ ਦਿਮਾਗ! ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਹਰਫ਼ਲ਼ੇ ਹੋਏ ਲੋਕ! ਪ੍ਰੀਤ ਦੀ ਕਦੇ ਦਿਹਾੜੀ ਲੱਗ ਜਾਂਦੀ, ਕਦੇ ਉਹ ਵਿਹਲਾ ਮੱਖੀਆਂ ਮਾਰਦਾ। ਜਦ ਉਸ ਨੂੰ ਨਾ ਕੋਈ ਕੰਮ ਮਿਲ਼ਦਾ ਤਾਂ ਉਹ ਗੁਰੂ ਘਰ ਜਾ ਕੇ ਹਾਜ਼ਰੀ ਦੇ ਨਾਲ਼-ਨਾਲ਼ ਢਿੱਡ ਵੀ ਭਰ ਆਉਂਦਾ। ਉਸ ਦੇ ਨਾਲ਼ ਦੇ ਮੁੰਡੇ ਛੁੱਟੀ ਵਾਲ਼ੇ ਦਿਨ ਬੋਤਲਾਂ ਲਿਆ ਕੇ ਖ਼ੂਬ ਦਾਰੂ ਪੀਂਦੇ, ਮੁਰਗੇ ਰਾੜ੍ਹਦੇ, ਪਰ ਪ੍ਰੀਤ ਡਬਲਰੋਟੀ ਅਤੇ ਦਾਲ਼ ਨਾਲ਼ ਕਾਲ਼ਜਾ ਧਾਫ਼ੜ ਕੇ ਚੁੱਪ-ਚਾਪ ਸੌਂ ਜਾਂਦਾ। ਨਾਲ਼ ਦੇ ਮੁੰਡੇ ਉਸ ਦੀ ਖਿੱਲੀ ਉਡਾਉਂਦੇ, “ਇਹ ਤਾਂ ਹੱਥ ਘੁੱਟ ਬੰਦੈ…! ਸਿਰੇ ਦਾ ਸੂਮ…!”
-”ਕਿਉਂ ਮਗਜਮਾਰੀ ਕਰਦੇ ਐਂ, ਅਗਲੇ ਨੇ ਹਿੱਕ ‘ਤੇ ਧਰ ਕੇ ਲਿਜਾਣਾ ਹੋਊ…?” ਨਾਲ਼ ਦੇ ਮੁੰਡੇ ਉਸ ‘ਤੇ ਅਵਾਜ਼ੇ ਕਸਦੇ। ਚੋਭਾਂ ਲਾਉਂਦੇ। ਪਰ ਪ੍ਰੀਤ ਚੁੱਪ ਹੀ ਰਹਿੰਦਾ।
ਤਿੰਨ ਦਿਨ ਤੋਂ ਪ੍ਰੀਤ ਨੂੰ ਕੋਈ ਕੰਮ ਨਹੀਂ ਮਿਲ਼ਿਆ ਸੀ। ਉਹ ਗੁਰੂ ਘਰ ਤੋਂ ਲੰਗਰ ਛਕ ਕੇ ਘੋਰ ਉਦਾਸ ਤੁਰਿਆ ਆ ਰਿਹਾ ਸੀ। ਸਾਹਮਣਿਓਂ ਉਸ ਨੂੰ ਅੰਗਰੇਜ਼ੀ ਮਾਹੌਲ ਦੀ ਪੁੱਠ ਚੜ੍ਹੀ ਵਾਲ਼ਾ ਪੰਜਾਬੀ ਮੁੰਡਾ ਮਿਲ਼ ਪਿਆ। ਕੰਨਾਂ ਉਪਰੋਂ ਵਾਲ਼ਾਂ ਦੀ ਉਸਤਰੇ ਨਾਲ਼ ਮੁਰੱਬੇਬੰਦੀ ਜਿਹੀ ਕਰਵਾ ਕੇ ਉਪਰਲੇ ਵਾਲ਼ ਉਸ ਨੇ ਕੁੱਕੜ ਦੀ ਕਲਗੀ ਵਾਂਗ ਖੜ੍ਹੇ ਕੀਤੇ ਹੋਏ ਸਨ ਅਤੇ ਹੱਥਾਂ ਦੀਆਂ ਤਕਰੀਬਨ ਸਾਰੀਆਂ ਉਂਗਲ਼ਾਂ ਵਿੱਚ ਛਾਪਾਂ ਪਾਈਆਂ ਹੋਈਆਂ ਸਨ। ਗਲ਼ ਵਿੱਚ ਸੋਨੇ ਦੀ ਮੋਟੀ ਸੰਗਲ਼ੀ ਅਤੇ ਹਿੱਕ ਉਪਰ ਸ਼ੇਰ ਖੁਣਵਾਇਆ ਹੋਇਆ ਸੀ।
-”ਕੀ ਹਾਲ ਨੇ ਬਰੱਦਰææ?” ਉਹ ਪ੍ਰੀਤ ਨੂੰ ਬੜੀ ਅਪਣੱਤ ਨਾਲ਼ ਮਿਲ਼ਿਆ। ਪਰ ਪ੍ਰੀਤ ਸੋਚਾਂ ਵਿੱਚ ਡੁੱਬਿਆ ਕੋਲ਼ ਦੀ ਲੰਘ ਚੱਲਿਆ। ਉਸ ਨੇ ਇਸ ਲੜਕੇ ਨੂੰ ਕਦੇ ਦੇਖਿਆ ਤੱਕ ਨਹੀਂ ਸੀ।
-”ਗੱਲ ਤਾਂ ਸੁਣ’ਜਾ ਭਰਾਵਾ…!” ਉਸ ਦੇ ਕਹਿਣ ‘ਤੇ ਪ੍ਰੀਤ ਰੁਕ ਗਿਆ।
-”ਕੰਮ ਚਾਹੀਦੈ…?” ਉਹ ਸੋਨੇ ਦੀ ਮੋਟੀ ਮੁੰਦਰੀ ਨੂੰ ਉਂਗਲ਼ ਵਿੱਚ ਘੁੰਮਾਉਂਦਾ ਬੋਲਿਆ।
-”…………….।” ਪ੍ਰੀਤ ਅਜੇ ਵੀ ਚੁੱਪ ਸੀ।
-”ਮੇਰਾ ਨਾਂ ਡੈਬੀ ਆ! ਸੱਤੇ ਦਿਨ ਕੰਮ, ਤੇ ਸਾਡੀ ਕੰਪਨੀ ਪੱਕਾ ਵੀ ਕਰਵਾਊ…!” ਉਸ ਨੇ ਪ੍ਰੀਤ ਵੱਲ ਹੱਥ ਵਧਾਇਆ।
-”……………।” ਪ੍ਰੀਤ ਰੱਬ ਦੇ ਸ਼ੁਕਰਾਨੇ ਵਜੋਂ ਅਸਮਾਨ ਵੱਲ ਝਾਕ ਰਿਹਾ ਸੀ। ਉਸ ਨੂੰ ਆਸ ਨਹੀਂ ਸੀ ਕਿ ਰੱਬ ਛੱਪਰ ਪਾੜ ਕੇ ਦੇ ਦੇਵੇਗਾ।
ਉਸ ਦਿਨ ਤੋਂ ਪ੍ਰੀਤ ਦਾ ਕੰਮ ਖੁੱਲ੍ਹਾ-ਡੁੱਲ੍ਹਾ ਸ਼ੁਰੂ ਹੋ ਗਿਆ। ਡੈਬੀ ਪ੍ਰੀਤ ਦੀ ਜ਼ਿੰਦਗੀ ਵਿੱਚ ਕੀ ਆਇਆ, ਦਿਨ-ਬ-ਦਿਨ ਪ੍ਰੀਤ ਦੀਆਂ ਲਹਿਰਾਂ-ਬਹਿਰਾਂ ਹੁੰਦੀਆਂ ਤੁਰੀਆਂ ਜਾ ਰਹੀਆਂ ਸਨ। ਕੀਮਤੀ ਘਰ ਅਤੇ ਮਹਿੰਗੀਆਂ ਕਾਰਾਂ ਘਰੇ ਆ ਖੜ੍ਹੀਆਂ। ਪਤਾ ਨਹੀਂ ਪ੍ਰੀਤ ਦੇ ਹੱਥ ਕਿਹੜੀ ਗਿੱਦੜਸਿੰਗੀ ਆ ਗਈ ਸੀ, ਉਹ ਪੈਸੇ ਵਿੱਚ ਖੇਡਣ ਲੱਗ ਪਿਆ ਸੀ। ਉਸ ਦੇ ਨਾਲ਼ ਦੇ ਮੁੰਡੇ ਹੈਰਾਨ ਸਨ। ਉਹ ਰਾਤ ਨੂੰ ਦਾਰੂ ਪੀਂਦੇ ਗੱਲਾਂ ਸਾਂਝੀਆਂ ਕਰਦੇ, “ਪ੍ਰੀਤ ਕੰਜਰ ਡਰੱਗ ਡੀਲਰਾਂ ਨਾਲ਼ ਰਲ਼ ਗਿਆ…!”
-”ਫ਼ੇਰ ਤੈਨੂੰ ਕੀ? ਜੀਹਦਾ ਸਿਰ ਦੁਖੂ, ਆਪੇ ਪੱਟੀ ਬੰਨੂ…! ਅਖੇ ਤੂੰ ਕੌਣ, ਕਹਿੰਦਾ ਮੈਂ ਖਾਹ-ਮਖਾਹ…!”
ਮੁੰਡੇ ਉਸ ਨੂੰ ਲੈ ਕੇ ਕਚ੍ਹੀਰਾ ਕਰਦੇ।
-”ਬਾਪੂ, ਮਾਰ ਜਿਹੜੀ ਪੈਲ਼ੀ ਦਾ ਸੌਦਾ ਮਾਰਦੈਂ, ਪੈਸੇ ਮੈਂ ਭੇਜੂੰ…!” ਰਾਤ ਨੂੰ ਪੈੱਗ ਲਾ ਕੇ ਪ੍ਰੀਤ ਨੇ ਬਾਪੂ ਨੂੰ ਫ਼ੋਨ ‘ਤੇ ਕਿਹਾ।
-”ਪੁੱਤ, ਕੜਬਚੱਬਾਂ ਦਾ ਮੁੰਡਾ ਪੰਜ ਸਾਲ ਹੋਗੇ ਬਾਹਰ ਗਏ ਨੂੰ, ਉਹਦੇ ਅਜੇ ਤੱਕ ਪੈਰ ਨੀ ਲੱਗੇ, ਆਨਾਂ ਨੀ ਭੇਜਿਆ ਘਰਦਿਆਂ ਨੂੰ, ਪੱਚੀ ਲੱਖ ਲਾ ਕੇ ਭੇਜਿਐ ਵਿਚਾਰਿਆਂ ਨੇ…!”
-”ਆਬਦੀ-ਆਬਦੀ ਕਿਸਮਤ ਹੁੰਦੀ ਐ, ਬਾਪੂ…!”
-”ਤੂੰ ਕਿਤੇ ਕੋਈ ਐਰਾ-ਗੈਰਾ ਕੰਮ ਤਾਂ ਨੀ ਕਰਨ ਲੱਗ ਪਿਆ…?” ਬਾਪੂ ਨੇ ਅੰਦਰਲਾ ਡਰ ਉਜਾਗਰ ਕੀਤਾ।
-”ਨਹੀਂ ਬਾਪੂ…! ਕੋਈ ਨੀ ਕਰਦਾ, ਤੁਸੀਂ ਆਪ ਈ ਕਹਿੰਦੇ ਹੁੰਦੇ ਸੀ ਕਿ ਕੰਮ ਕੋਈ ਵੀ ਮਾੜਾ ਨੀ ਹੁੰਦਾ…!”
-”ਫ਼ਰਕ ਤਾਂ ਕੋਈ ਬਾਪੂ, ਤੇ ਮਾਂ ਦੇ ਖਸਮ ‘ਚ ਵੀ ਨੀ ਹੁੰਦਾ, ਪਰ ਬੋਲਣ ਵਾਲ਼ਾ ਸੰਕੋਚ ਕਰਦੈ…!”
-”……………..।” ਪ੍ਰੀਤ ਨਿਰੁੱਤਰ ਹੋ ਗਿਆ।
-”ਪੁੱਤ, ਦਸਾਂ ਨਹੁੰਆਂ ਦੀ ਕਿਰਤ ‘ਚ ਬਰਕਤ ਹੁੰਦੀ ਐ, ਤੇ ਨਾਲ਼ੇ ਜੱਗ ਸਲ਼ਾਹੁਤਾ ਕਰਦੈ…!”
-”ਤੁਸੀਂ ਫ਼ਿਕਰ ਨਾ ਕਰੋ ਬਾਪੂ ਜੀ…! ਥੋਨੂੰ ਕੋਈ ਉਲਾਂਭਾ ਨੀ ਆਊ, ਬੀਜੀ ਨਾਲ਼ ਗੱਲ ਕਰਵਾ ਦਿਓ…!”
ਬਾਪੂ ਨੇ ਫ਼ੋਨ ਅੱਗੇ ਫ਼ੜਾ ਦਿੱਤਾ।
-”ਪੁੱਤ, ਕੋਈ ਮਾੜਾ ਧੰਦਾ ਨਾ ਵਿੱਢਲੀਂ, ਪੁਨੀਤ ਬਾਰੇ ਵੀ ਸੋਚੀਂ, ਉਹਦਾ ਪੈਰ ਭਾਰੈ…!”
-”ਓਹ ਬੱਲੇ…! ਫ਼ੇਰ ਤਾਂ ਵਧਾਈਆਂ ਬੀਜੀ…!” ਖ਼ੁਸ਼ੀ ਨਾਲ਼ ਲੱਟੂ ਹੋਏ ਪ੍ਰੀਤ ਨੇ ਬੋਤਲ ਮੂੰਹ ਨੂੰ ਲਾ ਲਈ।
ਪੁਨੀਤ ਦੇ ਦਿਨ ਪੂਰੇ ਹੋਣ ‘ਤੇ ਉਸ ਨੇ ਇੱਕ ਸੋਹਣੀ ਸੁਣੱਖੀ ਬੱਚੀ ਨੂੰ ਜਨਮ ਦਿੱਤਾ। ਹਰੇ ਕਾਗਜ਼ ‘ਤੇ ਜਿਵੇਂ ਸੋਨੇ ਦੀ ਡਲ਼ੀ ਪਈ ਸੀ। ਬੱਚੀ ਦਾ ਨਾਂ “ਗੁਰਅੰਮ੍ਰਿਤ” ਰੱਖਿਆ ਗਿਆ। ਸੁੰਨੇ ਪਏ ਘਰ ਵਿੱਚ ਕਿਲਕਾਰੀਆਂ ਵੱਜਣ ਲੱਗ ਪਈਆਂ ਅਤੇ ਘਰ ਦੀਆਂ ਕੁਮਲ਼ਾਈਆਂ ਵੇਲਾਂ ਖ਼ੁਸ਼ੀਆਂ ਨਾਲ਼ ਟਹਿਕ ਪਈਆਂ। ਘਰ ਦੇ ਮੱਥੇ ‘ਤੇ ਲੱਗੀ ਮੋਰਨੀ ਘੁਕਣ ਲੱਗ ਪਈ।
ਪ੍ਰੀਤ ਨੇ ਪੰਜਾਂ ਸਾਲਾਂ ਵਿੱਚ ਪੱਚੀ ਏਕੜ ਦਾ ਟੱਕ ਖਰੀਦ ਮਾਰਿਆ ਅਤੇ ਅਸਮਾਨ ਛੂੰਹਦੀ ਕੋਠੀ ਖੜ੍ਹੀ ਕਰ ਲਈ। ਇਲਾਕੇ ਵਿੱਚ ਗੱਲਾਂ ਹੋਣ ਲੱਗ ਪਈਆਂ। ਪਰ ਸੰਤ ਕੌਰ ਅਤੇ ਮਿੱਤ ਸਿੰਘ ਵਿੱਚ ਕੋਈ ਮੜਕ ਨਾ ਆਈ। ਉਹ ਸਾਧੂ ਸੁਭਾਅ ਵਿੱਚ ਹੀ ਵਿਚਰਦੇ ਰਹੇ। ਗੁਰਅੰਮ੍ਰਿਤ ਦੀ ਉਮਰ ਪੰਜ ਸਾਲ ਤੋਂ ਉਪਰ ਹੋ ਗਈ ਸੀ। ਹੁਣ ਉਹ ‘ਪਾਪਾ’ ਨੂੰ ਯਾਦ ਕਰਦੀ। ਪੁਨੀਤ ਉਸ ਨੂੰ ਮੋਬਾਇਲ ਫ਼ੋਨ ‘ਤੇ ਫ਼ੋਟੋ ਲਾਹ-ਲਾਹ ਕੇ ਦਿੰਦੀ, “ਆਹ ਕਮਰਾ ਤੇਰੇ ਪਾਪਾ ਜੀ ਦਾ ਪੁੱਤ, ਤੇ ਆਹ ਕਮਰਾ ਮੇਰੀ ਗੁਰਅੰਮ੍ਰਿਤ ਦਾ…!” ਉਹ ਮੋਬਾਇਲ ‘ਤੇ ਫ਼ੋਟੋ ਦਿਖਾ-ਦਿਖਾ ਕੇ ਆਖਦੀ।
-”ਨਹੀਂ ਮਾਂ…! ਮੈਂ ਤਾਂ ਪਾਪਾ ਵਾਲ਼ੇ ਕਮਰੇ ‘ਚ ਪਾਪਾ ਕੋਲ਼ ਹੀ ਪਊਂਗੀ…!”
-”ਚੰਗਾ ਮੇਰੀ ਪਟਰਾਣੀ…! ਪਾਪਾ ਕੋਲ਼ ਪੈ ਜਾਇਆ ਕਰੀਂ…! ਹੋਰ ਦੱਸੋ ਪਟਰਾਣੀ ਜੀ…? ਹੋਰ ਕੋਈ ਸੇਵਾ…??” ਪੁਨੀਤ ਨੇ ਕਿਹਾ ਤਾਂ ਗੁਰਅੰਮ੍ਰਿਤ ਚੁੱਪ ਕਰ ਗਈ। ਮਾਸੂਮ ਚਿਹਰੇ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।
-”ਆਬਦੇ ਪਾਪਾ ਜੀ ਨੂੰ ਕਹਿ ਕੇ ਹੁਣ ਸਾਨੂੰ ਮਿਲ਼ ਜਾਣ ਤੇ ਤੈਨੂੰ ਤੇ ਪੁਨੀਤ ਨੂੰ ਨਾਲ਼ ਲੈ ਜਾਣ…!” ਦਾਦੀ ਸੰਤ ਕੌਰ ਨੇ ਕਿਹਾ।
-”ਅੱਜ ਕਹੇਂਗਾ ਨ੍ਹਾ ਪੁੱਤ…?” ਰੋਟੀ ਖਾਂਦਾ ਮਿੱਤ ਸਿੰਘ ਬੋਲਿਆ, ਤਾਂ ਗੁਰਅੰਮ੍ਰਿਤ ਨੇ ‘ਹਾਂ’ ਵਿੱਚ ਸਿਰ ਹਿਲਾਇਆ।
ਹੁਣ ਘਰ ਵਾਲ਼ਾ ਫ਼ੋਨ ਤਕਰੀਬਨ ਗੁਰਅੰਮ੍ਰਿਤ ਹੀ ਚੁੱਕਦੀ। ਜਦ ਫ਼ੋਨ ਵੱਜਦਾ ਤਾਂ ਉਹ ਭੱਜੀ ਜਾਂਦੀ ਅਤੇ ਫ਼ੋਨ ਜਾ ਚੁੱਕਦੀ।
-”ਪਾਪਾ, ਹੁਣ ਤੁਸੀਂ ਆਜੋ…!” ਅਗਲੇ ਦਿਨ ਗੁਰਅੰਮ੍ਰਿਤ ਨੇ ਪਾਪਾ ਨੂੰ ਫ਼ੋਨ ‘ਤੇ ਕਿਹਾ।
-”ਲੈ ਆ ਗਿਆ ਪੁੱਤ ਫ਼ੇਰ, ਕੱਲ੍ਹ ਨੂੰ ਟਿਕਟ ਕਰਵਾਉਨੈਂ, ਮੇਰੇ ਪੁੱਤੂ ਨੇ ਕਿਤੇ ਨਿੱਤ-ਨਿੱਤ ਕਹਿਣੈ? ਲਿਆ ਬਾਬਾ ਜੀ ਨਾਲ਼ ਗੱਲ ਕਰਵਾ…!” ਗੁਰਅੰਮ੍ਰਿਤ ਨੇ ਫ਼ੋਨ ਬਾਬਾ ਜੀ ਨੂੰ ਫ਼ੜਾ ਦਿੱਤਾ।
-”ਹਾਂ ਪੁੱਤ…?” ਮਿੱਤ ਸਿੰਘ ਫ਼ੋਨ ਫ਼ੜ ਕੇ ਬੋਲਿਆ।
-”ਬਾਪੂ ਜੀ, ਕੱਲ੍ਹ ਨੂੰ ਤੁਸੀਂ ਖੁੱਲ੍ਹੀ-ਡੁੱਲ੍ਹੀ ਨਵੀਂ ਗੱਡੀ ਕਢਵਾਓ, ਮੈਂ ਥੋਨੂੰ ਆਉਣ ਦਾ ਦਿਨ ਦੱਸਦੈਂ…! ਤੇ ਜਦੋਂ ਮੈਂ ਆਵਾਂ, ਏਅਰਪੋਰਟ ‘ਤੇ ਬਾਈ ਜੈਬੇ ਨੂੰ ਨਾਲ਼ ਜ਼ਰੂਰ ਲੈ ਕੇ ਆਇਓ…!”
-”ਚੰਗਾ ਪੁੱਤ…! ਫ਼ੇਰ ਡਰੈਵਰ ਨਾਲ਼ ‘ਕੱਲਾ ਜੈਬਾ ਈ ਆ ਜਾਊਗਾ, ਮੈਂ ਕੀ ਕਰਨੈਂ, ਵਾਧੂ ਲੰਮੇ ਸਫ਼ਰ ‘ਚ ਔਖਾ ਹੋਊਂਗਾ…!”
-”ਜਿਵੇਂ ਚੰਗਾ ਲੱਗੇ, ਕਰ ਲਿਓ ਬਾਪੂ…! ਜੈਬਾ ਮੈਨੂੰ ਆਪਣਾ ਸੀਰੀ ਨੀ, ਆਪਣੇ ਘਰ ਦਾ ਮੈਂਬਰ ਤੇ ਵੱਡਾ ਭਰਾ ਈ ਲੱਗਦੈ…!”
-”ਅਸੀਂ ਕਿਹੜਾ ਉਹਨੂੰ ਓਪਰਾ ਸਮਝਦੇ ਐਂ ਪੁੱਤ…? ਜੈਬਾ ਤਾਂ ਸਾਨੂੰ ਕਦੇ ਬਿਗਾਨਾ ਲੱਗਿਆ ਈ ਨੀ…! ਬਥੇਰਾ ਦੁਖਦੇ ਸੁਖਦੇ ਕੰਮ ਆਇਐ ਜਿਉਣ ਜੋਕਰਾ…!”
ਤੀਜੇ ਦਿਨ ਨਵੀਂ ਨਕੋਰ ਗੱਡੀ ਘਰ ਆ ਗਈ।
ਹਫ਼ਤੇ ਬਾਅਦ ਪ੍ਰੀਤ ਨੇ ਦਿੱਲੀ ਆ ਉਤਰਨਾ ਸੀ।
ਮਿਥੇ ਦਿਨ ‘ਤੇ ਪ੍ਰੀਤ ਦਿੱਲੀ ਆ ਉਤਰਿਆ। ਇੱਧਰੋਂ ਜੈਬਾ ਅਤੇ ਡਰਾਈਵਰ ਪਹੁੰਚੇ ਹੋਏ ਸਨ। ਪ੍ਰੀਤ ਖਾ ਪੀ ਕੇ ਪੂਰਾ ਦੁੜਕ ਗਿਆ ਸੀ। ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਰਗੀ ਹੋ ਗਈ ਸੀ। ਸਰੀਰ ਪੂਰਾ ਭਰ ਗਿਆ ਸੀ। ਆਉਣ ਸਾਰ ਉਸ ਨੇ ਜੈਬੇ ਨੂੰ ਗਲਵਕੜੀ ਪਾ ਲਈ। ਜੈਬਾ ਪ੍ਰੀਤ ਅੱਗੇ ਛਿਲਕਾਂ ਦਾ ਘੋੜ੍ਹਾ ਜਿਹਾ ਹੀ ਲੱਗਦਾ ਸੀ।
-”ਜੱਟ ਦੀ ਕੁਤਕੁਤੀ ਆਲ਼ੀ ਗੱਲ ਨਾ ਕਰੀਂ, ਨਿੱਕੇ ਭਾਈ…!” ਜੈਬਾ ਪ੍ਰੀਤ ਦੀ ਗਲਵਕੜੀ ‘ਚ ਘੁੱਟਿਆ ਬੋਲ ਰਿਹਾ ਸੀ।
-”……………..।” ਪ੍ਰੀਤ ਉਚੀ-ਉਚੀ ਹੱਸ ਪਿਆ।
-”ਕੀੜੀ ਨੂੰ ਤਾਂ ਤੱਕਲ਼ੇ ਦਾ ਦਾਗ ਈ ਬਥੇਰਾ ਹੁੰਦੈ…!” ਜੈਬੇ ਦੇ ਕਹਿਣ ‘ਤੇ ਡਰਾਈਵਰ ਵੀ ਹੱਸ ਪਿਆ।
-”ਇਹ ਮੇਰਾ ਵੱਡਾ ਬਾਈ, ਸਰਦਾਰ ਅਜੈਬ ਸਿੰਘ…! ਆਪਣੇ ਖੇਤਾਂ ਦਾ ਮਹਾਰਾਜਾ ਤੇ ਸਾਰੇ ਕਾਰੋਬਾਰ ਦਾ ਕਰਤਾ ਧਰਤਾ…!” ਪ੍ਰੀਤ ਅਜੇ ਵੀ ਜੈਬੇ ਨੂੰ ਗਲਵਕੜੀ ਵਿੱਚ ਘੁੱਟੀ ਖੜ੍ਹਾ ਸੀ।
-”ਐਨਾਂ ਭਾਰ ਨਾ ਚੜ੍ਹਾ ਛੋਟੇ ਭਾਈ, ਜੈਬੇ ਨੂੰ ਜੈਬਾ ਈ ਰਹਿਣ ਦੇ…! ਮੈਨੂੰ ਆਬਦਾ ਸੀਰੀ ਈ ਰਹਿਣ ਦੇ…!”
-”ਇਹ ਗੱਲ ਆਖ ਕੇ ਸਾਨੂੰ ਨੀਂਵਾਂ ਨਾ ਕਰ ਬਾਈ ਜੈਬਿਆ…! ਤੂੰ ਮੇਰੀ ਹਿੱਕ ਦਾ ਵਾਲ਼ ਤੇ ਦੁਖ ਸੁਖ ਦਾ ਸਾਂਝੀ…!”
-”ਚੱਲ, ਕੁਵੇਲ਼ਾ ਨਾ ਕਰ, ਬੈਠ ਗੱਡੀ ‘ਚ…!” ਜੈਬੇ ਨੇ ਕਿਹਾ।
-”ਹੁਣ ਤਾਂ ਦਿਨ ਚੜ੍ਹਨੈਂ ਬਾਈ…! ਕੁਵੇਲ਼ਾ ਨੀ, ਹੁਣ ਤਾਂ ਸਵੇਰਾ ਈ ਹੋਊ…!” ਪ੍ਰੀਤ ਹੱਸ ਪਿਆ।
ਸਮਾਨ ਗੱਡੀ ਵਿੱਚ ਰੱਖ ਸਾਰੇ ਗੱਡੀ ਵਿੱਚ ਬੈਠ ਤੁਰ ਪਏ।
-”ਨੱਪ ਦੇ ਕਿੱਲੀ ਬਾਈ, ਜਾਗਰਾ…!” ਪ੍ਰੀਤ ਨੇ ਪਿੰਡ ਦੇ ਡਰਾਈਵਰ ਨੂੰ ਕਿਹਾ।
-”ਹੌਲ਼ੀ ਰੱਖੀਂ, ਮ੍ਹਾਤੜ ਦੇ ਤਾਂ ਐਸ ਉਮਰ ਹੱਡ ਵੀ ਨੀ ਜੁੜਨੇ…!” ਜੈਬਾ ਬੋਲਿਆ।
-”ਆਹ ਚੱਕ ਡਰ ਚੱਕ ਦੁਆਈ ਯਾਰ…! ਪਹਿਲਾਂ ਜੈਬੇ ਬਾਈ ਦਾ ਡਰ ਲਾਹੀਏ…!” ਪ੍ਰੀਤ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ ਅਤੇ ਲੰਡਾ ਪੈੱਗ ਪਾ ਕੇ ਜੈਬੇ ਨੂੰ ਫ਼ੜਾ ਦਿੱਤਾ।
-”ਆਹ ਤਾਂ ਬਾਹਲ਼ਾ ਬਾਈ, ਮੈਂ ਊਂ ਨਾ ਲੜਾਕੇ ਜਹਾਜ ਮਾਂਗੂੰ ਮੂਧੇ ਮੂੰਹ ਜਾ ਡਿੱਗਾਂ…!”
-”ਇਹ ਬਾਹਰਲੀ ਐ ਬਾਈ ਜੈਬਿਆ, ਖਰਾਬ ਨੀ ਕਰਦੀ…! ਚੱਕ ਦੇ ਕਸੀਸ ਵੱਟ ਕੇ…!”
ਜੈਬੇ ਨੇ ਜਾੜ੍ਹ ਘੁੱਟ ਕੇ ਪੈੱਗ ਖਾਲੀ ਕਰ ਦਿੱਤਾ।
ਸੂਰਜ ਵਾਹਵਾ ਚੜ੍ਹ ਆਇਆ ਸੀ। ਉਹ ਖਾਂਦੇ-ਪੀਂਦੇ ਅਤੇ ਹਾਸਾ-ਠੱਠਾ ਕਰਦੇ ਰਾਜਪੁਰੇ ਆ ਗਏ। ਰਾਜਪੁਰੇ ਆ ਕੇ ਉਹਨਾਂ ਨੇ ਰੋਟੀ ਖਾਧੀ ਅਤੇ ਅੱਗੇ ਚਾਲੇ ਪਾ ਦਿੱਤੇ। ਹੁਣ ਉਹ ਸਰੂਰ ਵਿੱਚ ਹੋਏ ਹੁਣ ਟੇਪ ਰਿਕਾਰਡਰ ਦੇ ਨਾਲ਼ ਗਾ ਰਹੇ ਸਨ। ਜੈਬਾ ਵੀ ਲੋਰ ਵਿੱਚ ਸਿਰ ਹਿਲਾ ਰਿਹਾ ਸੀ।
-”ਬਾਈ ਜੈਬਿਆ, ਗੱਡੀ ਤੂੰ ਚਲਾ…!” ਸ਼ਰਾਬੀ ਪ੍ਰੀਤ ਨੇ ਕਿਹਾ।
-”ਓਏ ਅਸੀਂ ਟਰੈਗਟ ਚਲਾਉਣ ਆਲ਼ੇ ਵਲੈਤੀ ਗੱਡੀਆਂ ਕਿੱਥੋਂ ਚਲਾ ਲਵਾਂਗੇ…? ਤੂੰ ਜਾਗਰ ਨੂੰ ਈ ਦੱਬੀ ਜਾਣ ਦੇ…!”
-”ਨਹੀਂ ਬਾਈ ਜੈਬਿਆ, ਤੂੰ ਚਲਾ…!” ਉਹ ਨਸ਼ੇ ਦੀ ਲੋਰ ‘ਚ ਇੱਕੋ ਰਟ ਲਾਈ ਜਾ ਰਿਹਾ ਸੀ।
-”ਪਿੰਡ ਕੋਲ਼ੇ ਜਾ ਕੇ ਫ਼ੜਾ ਦਿਆਂਗੇ ਪ੍ਰੀਤ, ਬੱਸ ਥੋੜ੍ਹੀ ਵਾਟ ਈ ਰਹਿਗੀ…!”
ਉਹ ਦਾਰੂ ਪੀਂਦੇ ਤੁਰੇ ਆਏ।
ਪਿੰਡ ਦੀ ਜੂਹ ਕੋਲ਼ ਆ ਕੇ ਪ੍ਰੀਤ ਖਹਿੜ੍ਹੇ ਪੈ ਗਿਆ, “ਜਾਗਰਾ, ਗੱਡੀ ਜੈਬੇ ਬਾਈ ਨੂੰ ਫ਼ੜਾ, ਹੁਣ ਤਾਂ ਪਿੰਡ ਦੀ ਜੂਹ ਵੀ ਆਉਣ ਵਾਲ਼ੀ ਐ…!”
ਜਾਗਰ ਨੇ ਗੱਡੀ ਰੋਕ ਲਈ।
ਸਾਰਿਆਂ ਨੇ ਸੜਕ ਦੇ ਕੰਢੇ ਖੜ੍ਹ ਇੱਕ-ਇੱਕ ਪੈੱਗ ਹੋਰ ਲਾਇਆ ਅਤੇ ਜਾਗਰ ਨੂੰ ਵੀ ਲੁਆ ਦਿੱਤਾ।
-”ਚੱਲ ਬਾਈ ਜੈਬਿਆ, ਫ਼ੜ ਗੱਡੀ…! ਚਲਾਉਣ ਦਾ ਢੰਗ ਤੈਨੂੰ ਜਾਗਰ ਬਾਈ ਦੱਸੀ ਚੱਲੂ…!” ਪੈੱਗ ਪੀ ਕੇ ਪ੍ਰੀਤ ਅਮਰੂਦ ਦੀ ਫ਼ਾੜੀ ਮੂੰਹ ਵਿੱਚ ਪਾਉਂਦਾ ਬੋਲਿਆ। ਸਾਰੇ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਤੁਰ ਪਈ।
ਜੈਬਾ ਸਟੇਅਰਿੰਗ ‘ਤੇ ਬੈਠਾ ਸੀ। ਜਾਗਰ ਉਸ ਨੂੰ ਚਲਾਉਣ ਦਾ ਢੰਗ ਦੱਸ ਰਿਹਾ ਸੀ। ਫ਼ੁੱਲ ਅਵਾਜ਼ ਵਿੱਚ ਟੇਪ ਵੱਜ ਰਹੀ ਸੀ। ਪ੍ਰੀਤ ਸੀਟ ‘ਤੇ ਬੈਠਾ ਹੀ ਨਾਚ ਕਰ ਰਿਹਾ ਸੀ। ਨਸ਼ੇ ਨਾਲ਼ ਉਸ ਦਾ ਚਿਹਰਾ ਭੰਗਰੂੰਣਾ ਜਿਹਾ ਹੋ ਗਿਆ ਸੀ। ਜ਼ੁਬਾਨ ਥਿੜਕਣ ਲੱਗ ਪਈ ਸੀ।
-”ਆ ਗਈ ਮਿੱਤਰਾਂ ਦੇ ਪਿੰਡ ਦੀ ਜੂਹ…!” ਆਪਣੇ ਪਿੰਡ ਦੇ ਨਾਮ ਦਾ ਬੋਰਡ ਪੜ੍ਹ ਕੇ ਪ੍ਰੀਤ ਬੋਲਿਆ ਤਾਂ ਜਾਗਰ ਨੇ “ਬਚੀਂ ਬਾਈ – ਬਚੀਂ ਬਾਈ” ਦਾ ਰੌਲ਼ਾ ਮਚਾਇਆ। ਪੱਥਰ ਲੱਦੀ ਆ ਰਿਹਾ ਟਰੱਕ ਸਿੱਧਾ ਪ੍ਰੀਤ ਹੋਰਾਂ ਦੀ ਗੱਡੀ ਵਿੱਚ ਆ ਵੱਜਿਆ ਅਤੇ ਤਕਰੀਬਨ ਅੱਧਾ ਕਿੱਲਾ ਗੱਡੀ ਨੂੰ ਸੜਕ ‘ਤੇ ਧੱਕੀ ਗਿਆ। ਗੱਡੀ ਸੜਕ ਕਿਨਾਰੇ ਲੱਗੇ ਵੱਡੇ ਬੋਹੜ ਨਾਲ਼ ਜਾ ਟਕਰਾਈ। ਭਾਰਾ ਪੱਥਰ ਲੱਦਿਆ ਹੋਣ ਕਾਰਨ ਟਰੱਕ ਦੇ ਵੀ ਬਰੇਕ ਨਹੀਂ ਲੱਗ ਰਹੇ ਸਨ। ਪ੍ਰੀਤ ਹੋਰਾਂ ਦੀ ਗੱਡੀ ਵਿੱਚ ਚੀਕ ਚਿਹਾੜਾ ਮੱਚ ਗਿਆ ਸੀ। ਜਦ ਟਰੱਕ ਰੁਕਿਆ ਤਾਂ ਘਬਰਾਏ ਡਰਾਈਵਰ ਨੇ ਕਾਹਲ਼ੀ ਨਾਲ਼ ਉੱਤਰ ਕੇ ਹਾਲਾਤਾਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਚੀਕਾਂ-ਰੌਲ਼ੀ ਬੰਦ ਹੋ ਗਈ ਸੀ, ਜੈਬਾ ਅਤੇ ਪ੍ਰੀਤ ਮਰ ਚੁੱਕੇ ਸਨ, ਜਦ ਕਿ ਡਰਾਈਵਰ ਅਜੇ ਸਹਿਕ ਰਿਹਾ ਸੀ। ਟਰੱਕ ਚਾਲਕ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਉਹ ਹਨ੍ਹੇਰੀ ਵਾਂਗ ਟਰੱਕ ਵੱਲ ਨੂੰ ਦੌੜਿਆ, ਟਰੱਕ ਬੈਕ ਕੀਤਾ ਅਤੇ ਪੱਤੇ ਤੋੜ ਗਿਆ।
ਸੜਕ ਉਪਰ ਲੰਘਦੇ ਲੋਕ ਹੌਲ਼ੀ-ਹੌਲ਼ੀ ਰੁਕਣ ਲੱਗ ਪਏ ਅਤੇ ਇਕੱਠ ਬੱਝ ਗਿਆ।
ਕਿਸੇ ਦੇ ਖ਼ਬਰ ਕਰਨ ‘ਤੇ ਪੁਲੀਸ ਵੀ ਪਹੁੰਚ ਗਈ। ਡਰਾਈਵਰ ਨੂੰ ਹਸਪਤਾਲ਼ ਪਹੁੰਚਾਇਆ ਗਿਆ ਅਤੇ ਪਹਿਚਾਣ ਹੋਣ ‘ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਬੁਲਾ ਲਿਆ। ਸ਼ਨਾਖ਼ਤ ਕਰਵਾ ਕੇ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ਼ ਨੂੰ ਤੋਰ ਦਿੱਤੀਆਂ ਗਈਆਂ।
ਜਿਉਂ-ਜਿਉਂ ਪਿੰਡ ਵਿੱਚ ਦੁਖਦਾਈ ਖ਼ਬਰ ਫ਼ੈਲਦੀ ਗਈ, ਤਿਉਂ-ਤਿਉਂ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੁੰਦੇ ਗਏ। ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ। ਜਿਵੇਂ ਪਿੰਡ ਵਿੱਚ ਕੋਈ ‘ਦੈਂਤ’ ਫ਼ਿਰ ਗਿਆ ਸੀ, ਜਿਸ ਨੇ ਪਿੰਡ ਉਜਾੜ ਦਿੱਤਾ ਸੀ। ਪਿੰਡ ਦੇ ਲੋਕ ਜਿਵੇਂ ‘ਗੂੰਗੇ-ਬੋਲ਼ੇ’ ਸਨ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ।
ਪੋਸਟ ਮਾਰਟਮ ਤੋਂ ਬਾਅਦ ਜਦ ਲਾਸ਼ਾਂ ਪਿੰਡ ਪਹੁੰਚੀਆਂ ਤਾਂ ਪਹਿਲਾਂ ਹੁਬਕੀਆਂ, ਫ਼ੇਰ ਧਾਹਾਂ ਅਤੇ ਫ਼ਿਰ ਕੀਰਨੇ ਉਚੇ ਉਠੇ। ਆਪਣੀ ਮਾਂ ਪੁਨੀਤ ਕੌਰ ਕੋਲ਼ ਗੁਰਅੰਮ੍ਰਿਤ ਚੁੱਪ-ਚਾਪ ਮੂਕ ਦਰਸ਼ਕ ਬਣੀ ਬੈਠੀ ਸੀ। ਉਸ ਦੇ ਹੱਥ ਵਿੱਚ ਕੁਝ ਫ਼ੋਟੋਆਂ ਫ਼ੜੀਆਂ ਹੋਈਆਂ ਸਨ, ਜੋ ਉਸ ਨੇ ਆਪਣੇ ਪਾਪਾ ਜੀ ਨੂੰ ਦਿਖਾਉਣੀਆਂ ਸਨ। ਪਰ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਉਸ ਦੇ ਪਾਪਾ ਤਾਂ ਉਸ ਦੁਨੀਆਂ ਵਿੱਚ ਜਾ ਬਿਰਾਜੇ ਸਨ, ਜਿੱਥੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ।
ਪ੍ਰੀਤ ਅਤੇ ਜੈਬੇ ਦੀਆਂ ਲਾਸ਼ਾਂ ਵਿਹੜੇ ਵਿੱਚ ਪਈਆਂ ਸਨ। ਪ੍ਰੀਤ ਦੀ ਮਾਂ ਅਤੇ ਪੁਨੀਤ ਵਿਰਲਾਪ ਕਰ ਰਹੀਆਂ ਸਨ। ਬੱਚੀ ਗੁਰਅੰਮ੍ਰਿਤ ਇੱਕ ਪਾਸੇ ਖੜ੍ਹੀ ਫ਼ੋਟੋ ਦਿਖਾਉਣ ਦੀ ਆਸ ਨਾਲ਼ ਖੜ੍ਹੀ ਸੀ। ਪਰ ਉਸ ਦਾ ਮੌਕਾ ਨਹੀਂ ਲੱਗ ਰਿਹਾ ਸੀ, ਅਤੇ ਨਾ ਹੀ ਉਸ ਦੀ ਕੋਈ ਸੁਣ ਰਿਹਾ ਸੀ। ਉਹ ਕਦੇ ਮਾਂ, ਕਦੇ ਦਾਦੀ ਅਤੇ ਕਦੇ ਦਾਦੇ ਦੇ ਅੱਗੇ ਜਾ ਕੇ ਪਾਪਾ ਦੇ ਕਮਰੇ ਦੀਆਂ ਫ਼ੋਟੋ ਲਹਿਰਾ ਰਹੀ ਸੀ।
ਜੈਬੇ ਦੇ ਤਾਏ ਦਾ ਮੁੰਡਾ ਜੈਬੇ ਦੀ ਲਾਸ਼ ਲੈਣ ਆਇਆ ਤਾਂ ਮਿੱਤ ਸਿੰਘ ਨੇ ਮਨ ਭਰ ਕੇ ਕਿਹਾ, “ਜੈਬਾ ਸਾਡੇ ਘਰ ਦਾ ਜੀਅ ਸੀ ਪੁੱਤ, ਮੈਂ ਆਪਣੇ ਹੱਥੀਂ ਉਹਦਾ ਸਸਕਾਰ ਕਰੂੰਗਾ…!” ਸੁਣ ਕੇ ਜੈਬੇ ਦੇ ਤਾਏ ਦਾ ਮੁੰਡਾ ਹੱਥ ਜੋੜ ਕੇ ਖੜ੍ਹ ਗਿਆ, “ਸ਼ਾਬਾਸ਼ੇ ਸਰਦਾਰਾ…! ਮੈਨੂੰ ਤਾਂ ਇਹਦੀ ਚਿੰਤਾ ਖਾਈ ਜਾਂਦੀ ਸੀ, ਬਈ ‘ਕੱਲੀ ਜਾਨ ਦਾ ਸਸਕਾਰ ਕੌਣ ਕਰੂ…?”
-”ਜੈਬਾ ਕਦੇ ‘ਕੱਲੀ ਜਾਨ ਨੀ ਸੀ ਸ਼ੇਰਾ, ਜੈਬਾ ਸਾਡੇ ਟੱਬਰ ਦਾ ਜੀਅ ਸੀ…! ਕੀ ਹੋ ਗਿਆ ਐਡਾ ਭਾਣਾ ਵਾਪਰ ਗਿਆ, ਬਥੇਰਾ ਦੁੱਖਾਂ ਸੰਕਟਾਂ ‘ਚ ਸਾਡੇ ਨਾਲ਼ ਵਗਿਐ ਜਿਉਣ ਜੋਕਰਾ, ਕਿੰਨਾ ਮੋਹ ਸੀ ਇਹਦਾ ਤੇ ਆਪਣੇ ਪ੍ਰੀਤ ਦਾ, ਔਹ ਦੇਖ’ਲਾ, ਮੌਤ ਵੀ ‘ਕੱਠੇ ਈ ਲਿਖਾ ਕੇ ਲਿਆਏ ਸੀ…!” ਮਿੱਤ ਸਿਉਂ ਉਚੀ-ਉਚੀ ਰੋ ਪਿਆ। ਰੋਂਦਾ ਦਾਦਾ ਗੁਰਅੰਮ੍ਰਿਤ ਤੋਂ ਸਹਾਰਿਆ ਨਾ ਗਿਆ, ਉਸ ਨੇ ਮਿੱਤ ਸਿਉਂ ਦਾ ਮੋਢਾ ਆ ਨੱਪਿਆ। ਭਿੱਜੀਆਂ ਅੱਖਾਂ ਮਿੱਤ ਸਿਉਂ ਨੇ ਉਪਰ ਚੁੱਕੀਆਂ ਤਾਂ ਪੋਤਰੀ ਹੱਥ ਵਿੱਚ ਪ੍ਰੀਤ ਵਾਲ਼ੇ ਕਮਰੇ ਦੀਆਂ ਫ਼ੋਟੋ ਚੁੱਕੀ ਖੜ੍ਹੀ ਸੀ। ਫ਼ੋਟੋ ਦੇਖ ਕੇ ਮਿੱਤ ਸਿਉਂ ਹੋਰ ਭਾਵੁਕ ਹੋ ਗਿਆ। ਉਸ ਨੇ ਹੰਝੂਆਂ ਨਾਲ਼ ਚੋਂਦੀਆਂ ਅੱਖਾਂ ਦੱਬ ਲਈਆਂ।
-”ਬਾਬਾ ਜੀ…!” ਗੁਰਅੰਮ੍ਰਿਤ ਨੇ ਦਾਦੇ ਦੇ ਗਲ਼ ਦੁਆਲ਼ੇ ਬਾਂਹਾਂ ਵਲ਼ ਲਈਆਂ।
-”ਹਾਂ ਪੁੱਤ…?”
-”ਤੁਸੀਂ ਰੋਨੇ ਕਿਉਂ ਆਂ…?”
-”ਦੇਖ ਪੁੱਤ, ਤੇਰਾ ਜੈਬਾ ਤਾਇਆ, ਤੇ ਤੇਰਾ ਪਾਪਾ ਛੱਡ ਕੇ ਤੁਰ ਗਏ…!” ਤੇ ਉਹ ਪੋਤਰੀ ਨੂੰ ਘੁੱਟ ਕੇ ਭੁੱਬੀਂ ਰੋ ਪਿਆ।
-”ਤੇ ਫ਼ੇਰ ਕੀ ਹੋ ਗਿਆ…?” ਪੋਤਰੀ ਨੇ ਭੋਲ਼ੇ-ਭਾਅ ਹੀ ਕਿਹਾ ਤਾਂ ਮਿੱਤ ਸਿੰਘ ਨੇ ਭਿੱਜੀਆਂ ਅੱਖਾਂ ਉਪਰ ਚੁੱਕੀਆਂ।
-”ਮੈਂ ਹੈ ਤਾਂ ਹੈਗੀ…!” ਉਸ ਨੇ ਦਾਦੇ ਦੇ ਹੰਝੂ ਪੂੰਝੇ ਤਾਂ ਬਲ਼ਦੀ ਹਿੱਕ ‘ਤੇ ਜਿਵੇਂ ਸੀਤ ਪਾਣੀ ਦਾ ਛਿੜਕਾਅ ਹੋ ਗਿਆ ਸੀ। ਮਾਸੂਮ ਪੋਤਰੀ ਦੇ ਦੋ ਮਿੱਠੇ ਬੋਲਾਂ ਨੇ ਹਿਰਦੇ ਦੀ ਪੀੜ ਕਾਫ਼ੀ ਹੱਦ ਤੱਕ ਚੂਸ ਲਈ ਸੀ। ਨਿਰਬਲ ਜਿਹਾ ਬੈਠਾ ਮਿੱਤ ਸਿੰਘ ਪੋਤਰੀ ਨੂੰ ਚੁੱਕ ਕੇ ਖੜ੍ਹਾ ਹੋ ਗਿਆ, “ਚਲੋ ਬਈ, ਸਸਕਾਰ ਦਾ ਪ੍ਰਬੰਧ ਕਰੀਏ…! ਕੁਵੇਲ਼ਾ ਨਾ ਕਰੋ…!” ਮਿੱਤ ਸਿੰਘ ਦੇ ਬੋਲਾਂ ਵਿੱਚ ਹੁਣ ਥਿੜਕਾਅ ਨਹੀਂ, ਸਹਿਜ ਸੀ।
-”ਐਵੇਂ ਦੁਨੀਆਂ ਧੀਆਂ ਨੂੰ ਕੁੱਖਾਂ ‘ਚ ਮਾਰੀ ਤੁਰੀ ਜਾਂਦੀ ਐ, ਇਹਨਾਂ ਅਰਗਾ ਆਸਰਾ ਕਿਹੜੈ…?” ਉਹ ਪੋਤਰੀ ਨੂੰ ਹਿੱਕ ਨਾਲ਼ ਲਾਈ ਸਸਕਾਰ ਦੀ ਤਿਆਰੀ ਕਰਦੇ ਮੁੰਡਿਆਂ ਦੇ ਅੱਗੇ ਲੱਗ ਤੁਰਿਆ।
ਮੈਂ ਹੈ ਤਾਂ ਹੈਗੀ…!
December 26, 2017
by: ਸ਼ਿਵਚਰਨ ਜੱਗੀ ਕੁੱਸਾ
by: ਸ਼ਿਵਚਰਨ ਜੱਗੀ ਕੁੱਸਾ
This entry was posted in ਕਹਾਣੀਆਂ.