ਦਸਮੇਸ਼ ਪਿਤਾ ਨਾ ਆਏ ਹੁੰਦੇ ਤਾਂ ਹਿੰਦੁਸਤਾਨ ਅੱਜ ਇੱਕ ਇਸਲਾਮਿਕ ਸਟੇਟ ਹੁੰਦਾ : ਬਾਬਾ ਹਰਨਾਮ ਸਿੰਘ ਖ਼ਾਲਸਾ

 

ਅੰਮ੍ਰਿਤਸਰ  -  ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਮਾਤਲੋਕ ਵਿੱਚ ਨਾ ਆਉਂਦੇ ਤਾਂ ਹਿੰਦੁਸਤਾਨ ਦਾ ਨਾਮ ਭਾਰਤ ਹੋਣ ਦੀ ਥਾਂ ਅਵੱਸ਼ ਹੀ ਕੋਈ ਇਸਲਾਮਿਕ ਸਟੇਟ ਹੋਣਾ ਸੀ ਜਾਂ ਇਹ ਅੱਜ ਇੱਕ ਇਸਲਾਮਿਕ ਸਟੇਟ ਵੱਜੋ ਜਾਣਿਆ ਜਾਣਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਰੋਹ ਅਤੇ 351ਵੇਂ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਦਸਮ ਪਿਤਾ ਦੇ ਜੀਵਨ ਬਾਰੇ ਕਥਾ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਦੇਸ਼ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਗੁਰੂ ਦਸਮੇਸ਼ ਪਿਤਾ ਅਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਹੈ।ਇਹੀ ਕਾਰਨ ਹੈ ਕਿ ਅੱਜ ਸਾਰੀ ਦੁਨੀਆ ਵਿੱਚ ਉਹਨਾਂ ਵੱਲੋਂ ਕੀਤੇ ਗਏ ਪਰ ਉਪਕਾਰਾਂ ਦਾ ਜ਼ਿਕਰ ਹੋ ਰਿਹਾ ਹੈ। ਜਦ ਕਿ ਦੂਜੇ ਪਾਸੇ ਇਸ ਧਰਤੀ ‘ਤੇ ਆਏ ਦੂਜੇ ਧਰਮਾਂ ਦੇ ਸਾਰੇ ਅਵਤਾਰ ਅਤੇ ਰਹਿਬਰ ਆਪਣੇ ਪਰਿਵਾਰਕ, ਆਪਣੇ ਧਰਮ, ਆਪਣੀ ਕੌਮ ਜਾਂ ਆਪਣੀ ਸ਼ਖਸੀਅਤ ਨੂੰ ਹੀ ਸਥਾਪਿਤ ਕਰਨ ਲਈ ਸੰਘਰਸ਼ਸ਼ੀਲ ਰਹੇ। ਉਹਨਾਂ ਕਿਹਾ ਕਿ ਇਤਿਹਾਸ ‘ਤੇ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ 42 ਸਾਲ ਦੇ ਜੀਵਨ ਕੌਤਕਾਂ ‘ਚ ਕੋਈ ਇੱਕ ਅਜਿਹਾ ਪਲ ਨਹੀਂ ਆਇਆ ਜਦ ਉਹ ਆਰਾਮ ਨਾਲ ਬੈਠੇ ਹੋਣ। ਬਾਬਾ ਹਰਨਾਮ ਸਿੰਘ ਨੇ ਸਿੱਖੀ ਭੇਸ ‘ਚ ਸਿੱਖੀ ਪਰੰਪਰਾਵਾਂ ਨੂੰ ਢਾਹ ਲਾਉਣ ਵਿੱਚ ਲੱਗੇ ਲੋਕਾਂ ਅਤੇ ਉਨ੍ਹਾਂ ਸ਼ਕਤੀਆਂ ਪ੍ਰਤੀ ਸੁਚੇਤ ਰਹਿਣ ਦਾ ਹੋਕਾ ਦਿੰਦਿਆਂ ਕਿਹਾ ਕਿ ਜੋ ਲੋਕ ਸਿੱਖੀ ਸਰੂਪ ਵਿੱਚ ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰ ਅਸਥਾਨਾਂ, ਸ਼ਰਧਾ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਸਿੱਖ ਕੌਮ ਲਈ ਸਭ ਤੋਂ ਵੱਡੇ ਘਾਤਕ ਹਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਆਪਣੇ ਗੁਰੂ ਪ੍ਰਤੀ ਵਿਸ਼ਵਾਸ ਤੇ ਸ਼ਰਧਾ ਦੇ ਸਿਰ ‘ਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੋਈ ਵੀ ਧਰਮ ਤਾਂ ਹੀ ਜਿੰਦਾ ਰਹਿ ਸਕਦਾ ਹੈ ਜੇ ਉਸ ਵਿੱਚ ਕੁਰਬਾਨੀ ਦਾ ਜਜ਼ਬਾ ਹੋਵੇ। ਆਪਣੇ ਸਿਧਾਂਤਾਂ ਪ੍ਰਤੀ ਸਮਰਪਿਤ ਦੀ ਭਾਵਨਾ ਹੋਵੇ। ਉਹਨਾਂ ਕਿਹਾ ਕਿ ਜੇ ਇਹਨਾਂ ਤੱਤਾਂ ਨੂੰ ਮਨਫ਼ੀ ਕਰ ਦਿੱਤੀਆਂ ਜਾਣ ਤਾਂ ਕੌਮਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਜਾਇਆ ਕਰਦੀਆਂ ਹਨ। ਇਤਿਹਾਸ ਜਾਗਦੀਆਂ ਕੌਮਾਂ ਦੇ ਹਿੱਸੇ ਆਇਆ ਕਰਦਾ ਹੈ। ਜਿਨ੍ਹਾਂ ਕੌਮਾਂ ਨੇ ਆਪਣੇ ਗੁਰੂ ਜਾਂ ਰਹਿਬਰਾਂ ਦੇ ਨਕਸ਼ੇ ਕਦਮਾਂ ‘ਤੇ ਚਲਣ ਤੋਂ ਕਿਨਾਰਾ ਕੀਤਾ ਦੁਨੀਆ ‘ਚ ਉਹਨਾਂ ਦੇ ਨਾਮੋ ਨਿਸ਼ਾਨ ਮਿਟ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਪੰਥ ਇਕੱਠਾ ਹੋਇਆ ਹੈ ਅਤੇ ਆਗੂ ਸਾਹਿਬਾਨ ਕੌਮ ‘ਚ ਦੁਬਿਧਾ ਪੈਦਾ ਕਰ ਰਹੇ ਉਹਨਾਂ ਗਲਤ ਅਨਸਰਾਂ ਤੋਂ ਪੰਥ ਨੂੰ ਨਿਖੇੜਾ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਪ੍ਰਕਾਸ਼ ਪੁਰਬ ਲਈ ਪਾਏ ਗਏ ਵੱਡੇ ਤੇ ਇਤਿਹਾਸਕ ਯੋਗਦਾਨ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ।ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ, ਗਿਆਨੀ ਇਕਬਾਲ ਸਿੰਘ ਜਥੇਦਾਰ  ਤਖ਼ਤ ਸ੍ਰੀ ਪਟਨਾ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਮੱਕੜ ਪ੍ਰਧਾਨ ਪਟਨਾ ਸਾਹਿਬ ਕਮੇਟੀ,ਸੰਤ ਬਲਬੀਰ ਸਿੰਘ ਮੁਖੀ ਬੁੱਢਾ ਦਲ, ਮਹੰਤ ਕਾਨ੍ਹ ਸਿੰਘ ਸੇਵਾ ਪੰਥੀ, ਸੰਤ ਜੋਗਾ ਸਿੰਘ ਕਰਨਾਲ, ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਪ੍ਰਦੀਪ ਸਿੰਘ ਬੋਰੇਵਾਲ ਆਦਿ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>