ਫ਼ਤਹਿਗੜ੍ਹ ਸਾਹਿਬ – “ਮੋਦੀ ਦੀ ਬੀਜੇਪੀ ਹਕੂਮਤ ਦੀ ਸੈਂਟਰ ਵਿਚ ਅਤੇ ਜਿਨ੍ਹਾਂ ਸੂਬਿਆਂ ਵਿਚ ਸਰਕਾਰਾਂ ਹਨ, ਉਥੇ ਇਹ ਹਿੰਦੂ ਸੋਚ ਵਾਲੇ ਹੁਕਮਰਾਨ ਸਭ ਘੱਟ ਗਿਣਤੀ ਕੌਮਾਂ ਰੰਘਰੇਟਿਆਂ, ਮੂਲਨਿਵਾਸੀਆਂ ਉਤੇ ਜ਼ਬਰੀ ਹਿੰਦੂ ਪ੍ਰੋਗਰਾਮ ਥੋਪਣ ਲਈ ਅਮਲ ਕਰ ਰਹੇ ਹਨ । ਜੋ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕਾਰਵਾਈਆ ਹਨ । ਅਜਿਹਾ ਕਰਕੇ ਇਹ ਮੁਤੱਸਵੀ ਆਗੂ ਪੂਰੇ ਇੰਡੀਆਂ ਵਿਚ ਅਰਾਜਕਤਾ, ਬੇਚੈਨੀ ਅਤੇ ਦਹਿਸਤ ਪੈਦਾ ਕਰ ਰਹੇ ਹਨ । ਜਦੋਂਕਿ ਇੰਡੀਆ ਦੇ ਵਿਧਾਨ ਦੀ ਧਾਰਾ 14 ਇਥੋਂ ਦੇ ਨਿਵਾਸੀਆਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਦੀ ਗੱਲ ਕਰਦੀ ਹੈ । ਇਹ ਆਗੂ ਵਿਧਾਨ ਦੀ ਵੀ ਉਲੰਘਣਾ ਕਰ ਰਹੇ ਹਨ । ਬੀਤੇ ਸਮੇਂ ਵਿਚ ਹਿੰਦੂ ਆਗੂਆਂ, ਵਜ਼ੀਰਾਂ, ਵਿਧਾਇਕਾਂ ਵੱਲੋਂ ਜੈ ਹਿੰਦ, ਭਾਰਤ ਮਾਤਾ ਦੀ ਜੈ, ਜੈ ਸ੍ਰੀ ਰਾਮ, ਵੰਦੇ-ਮਾਤਰਮ ਅਤੇ ਗਊ ਨੂੰ ਮਾਤਾ ਨਾ ਕਹਿਣ ਵਾਲਿਆ ਦੇ ਸਿਰ ਕਲਮ ਕਰ ਦੇਣ ਦੀ ਮੀਡੀਏ ਵਿਚ ਭੜਕਾਊ ਅਤੇ ਬੇਚੈਨੀ ਫੈਲਾਉਣ ਵਾਲੀ ਤਿੱਖੀ ਬਿਆਨਬਾਜੀ ਹੁੰਦੀ ਆਈ ਹੈ । ਪਰ ਇਥੋ ਦੇ ਕਾਨੂੰਨ, ਅਦਾਲਤਾਂ ਅਤੇ ਸਿਆਸੀ ਹੁਕਮਰਾਨਾਂ ਵੱਲੋਂ ਅਜਿਹੇ ਅਨਸਰਾਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਤੋਂ ਸਪੱਸਟ ਹੈ ਕਿ ਇਨ੍ਹਾਂ ਨੂੰ ਹੁਕਮਰਾਨਾਂ ਦੀ ਸਰਪ੍ਰਸਤੀ ਹਾਸਿਲ ਹੈ । ਹੁਣ ਜੋ ਹਰਿਆਣੇ ਦੇ ਇੰਸਡਟਰੀ ਵਜ਼ੀਰ ਸ੍ਰੀ ਵਿਪਨ ਗੋਇਲ ਵੱਲੋਂ ਇਹ ਕਿਹਾ ਗਿਆ ਹੈ ਕਿ ਸਭ ਧਾਰਮਿਕ ਅਸਥਾਨਾਂ, ਮੰਦਰਾਂ, ਮਸਜਿ਼ਦਾਂ, ਚਰਚਾਂ ਅਤੇ ਗੁਰਦੁਆਰਿਆ ਵਿਚ 26 ਜਨਵਰੀ ਵਾਲੇ ਦਿਨ ਤਿਰੰਗੇ ਝੰਡੇ ਝੁਲਾਕੇ ਦੇਸ਼-ਭਗਤੀ ਦਾ ਸਬੂਤ ਦਿੱਤਾ ਜਾਵੇ । ਇਸ ਤਾਨਾਸ਼ਾਹੀ ਅਤੇ ਘੱਟ ਗਿਣਤੀ ਕੌਮਾਂ ਅਤੇ ਧਰਮਾਂ ਨੂੰ ਜ਼ਲੀਲ ਕਰਨ ਵਾਲੇ ਹੁਕਮ ਨੂੰ ਸਿੱਖ ਕੌਮ, ਰੰਘਰੇਟੇ ਅਤੇ ਇਥੋ ਦੇ ਮੂਲਨਿਵਾਸੀ ਬਿਲਕੁਲ ਪ੍ਰਵਾਨ ਨਹੀਂ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਮੁਤੱਸਵੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਗੈਰ-ਕਾਨੂੰਨੀ ਤਰੀਕੇ ਥੋਪੇ ਜਾ ਰਹੇ ਹਿੰਦੂਤਵ ਪ੍ਰੋਗਰਾਮਾਂ ਤੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਤਿਰੰਗੇ ਝੰਡੇ ਨੂੰ ਅਤੇ ਇੰਡੀਆਂ ਦੇ ਵਿਧਾਨ ਨੂੰ ਰੱਦ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਸ ਤਿਰੰਗੇ ਝੰਡੇ ਵਿਚ ਸਿੱਖ ਕੌਮ, ਰੰਘਰੇਟਿਆ ਅਤੇ ਇਥੋ ਦੇ ਮੂਲਨਿਵਾਸੀਆਂ ਦਾ ਕੋਈ ਸਥਾਂਨ ਤੇ ਸਨਮਾਨ ਹੀ ਨਹੀਂ, ਉਸ ਤਿਰੰਗੇ ਝੰਡੇ ਨੂੰ ਅਸੀਂ ਆਪੋ-ਆਪਣੇ ਧਾਰਮਿਕ ਅਸਥਾਨਾਂ ਮਸਜਿ਼ਦਾਂ, ਚਰਚਾਂ ਜਾਂ ਗੁਰੂਘਰਾਂ ਵਿਚ ਕਿਉਂ ਝੁਲਾਵਾਂਗੇ । ਫਿਰ ਇਸ ਤਿਰੰਗੇ ਝੰਡੇ ਵਿਚ ਜੋ ਭਗਵਾ ਰੰਗ ਹੈ, ਉਹ ਹਿੰਦੂਆਂ ਦਾ ਹੈ, ਜੋ ਸਫੈਦ ਰੰਗ ਹੈ, ਉਹ ਜੈਨੀਆਂ ਦਾ ਹੈ, ਜੋ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ ਅਤੇ ਜੋ ਹਰ ਰੰਗ ਹੈ, ਉਹ ਮੁਸਲਮਾਨਾਂ ਦਾ ਹੈ । ਸਿੱਖ ਕੌਮ ਅਤੇ ਮੂਲਨਿਵਾਸੀਆਂ ਦਾ ਇਸ ਵਿਚ ਕੋਈ ਸਥਾਂਨ ਨਹੀਂ । ਇਸ ਲਈ ਅਜਿਹਾ ਵਖਰੇਵੇ ਪੈਦਾ ਕਰਨ ਵਾਲਾ ਝੰਡਾ ਸਾਡਾ ਕਤਈ ਨਹੀਂ ਹੋ ਸਕਦਾ । ਸ. ਮਾਨ ਨੇ ਸਮੁੱਚੀ ਸਿੱਖ ਕੌਮ, ਰੰਘਰੇਟਿਆਂ ਇਥੋ ਦੇ ਕਰੋੜਾਂ ਦੀ ਗਿਣਤੀ ਵਿਚ ਵੱਸਣ ਵਾਲੇ ਮੂਲਨਿਵਾਸੀਆਂ ਅਤੇ ਘੱਟ ਗਿਣਤੀ ਕੌਮਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਇਥੋ ਦੇ ਹੁਕਮਰਾਨ ਲੰਮੇ ਸਮੇਂ ਤੋਂ ਸਾਡੇ ਸਭਨਾਂ ਨਾਲ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕਾਰਵਾਈਆ ਕਰਦੇ ਆ ਰਹੇ ਹਨ ਅਤੇ ਸਾਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਂਦਾ ਹੈ । ਕਿਸੇ ਵੀ ਖੇਤਰ ਵਿਚ ਸਾਨੂੰ ਸਭਨਾਂ ਨੂੰ ਨਾ ਤਾਂ ਇਨਸਾਫ਼ ਮਿਲਦਾ ਹੈ ਅਤੇ ਨਾ ਹੀ ਬਰਾਬਰਤਾ ਵਾਲਾ ਮਾਣ-ਸਨਮਾਨ, ਇਸ ਲਈ ਅਜਿਹੇ ਨਫ਼ਰਤ ਪੈਦਾ ਕਰਨ ਵਾਲੇ ਅਤੇ ਸਾਜ਼ਸੀ ਢੰਗਾਂ ਰਾਹੀ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਵਖਰੇਵੇ ਪੈਦਾ ਕਰਨ ਵਾਲੇ ਵਿਤਕਰਿਆ ਭਰੇ ਨਿਜਾਮ ਨੂੰ ਨਾ ਤਾਂ ਅਸੀਂ ਵੰਡ ਤੋਂ ਬਾਅਦ ਪ੍ਰਵਾਨ ਕੀਤਾ ਹੈ ਤੇ ਨਾ ਹੀ ਹੁਣ ਅਜਿਹੇ ਹੁਕਮਰਾਨਾਂ ਦੇ ਤਾਨਾਸ਼ਾਹੀ ਨਫ਼ਰਤ ਭਰੇ ਅਮਲਾਂ ਨੂੰ ਕਤਈ ਪ੍ਰਵਾਨ ਕਰਾਂਗੇ । ਇਸ ਲਈ ਅਸੀਂ ਫਿਰਕੂ ਹੁਕਮਰਾਨਾਂ ਨੂੰ ਨੇਕ ਸਲਾਹ ਵੀ ਦੇਣਾ ਚਾਹਵਾਂਗੇ ਕਿ ਉਹ ਇੰਡੀਆਂ ਵਿਚ ਅਰਾਜਕਤਾ ਫੈਲਾਉਣ ਵਾਲੇ ਘੱਟ ਗਿਣਤੀ ਕੌਮਾਂ ਵਿਰੋਧੀ ਕਾਰਵਾਈਆ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ, ਵਰਨਾ ਅਜਿਹੇ ਤਿਰੰਗੇ ਝੰਡੇ ਝੁਲਾਉਣ ਅਤੇ ਵਿਧਾਨ ਦਾ ਹਵਾਲਾ ਦੇ ਕੇ ਜ਼ਬਰ-ਜੁਲਮ ਕਰਨ ਦੀਆਂ ਕਾਰਵਾਈਆ ਤੋ ਨਿਕਲਣ ਵਾਲੇ ਨਤੀਜਿਆ ਲਈ ਇਹ ਹੁਕਮਰਾਨ ਖੁਦ ਜਿੰਮੇਵਾਰ ਹੋਣਗੇ ।