ਨਵੀਂ ਦਿੱਲੀ – ਬੀਜੇਪੀ ਨਾਲ ਪਿੱਛਲੇ ਕੁਝ ਅਰਸੇ ਤੋਂ ਨਾਰਾਜ਼ ਚਲ ਰਹੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਇੱਕ ਰਾਜਨੀਤਕ ਮੰਚ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਸ਼ਤਰੂਘਨ ਸਿਨਹਾ ਦੀ ਅਗਵਾਈ ਵਿੱਚ ਹੋਰ ਵੀ ਕਈ ਰਾਜਨੇਤਾ ਸ਼ਾਮਿਲ ਹੋਏ। ਇਸ ਨਵੇਂ ਰਾਜਨੀਤਕ ਪਲੇਟਫਾਰਮ ਨੂੰ ‘ਰਾਸ਼ਟਰ ਮੰਚ’ ਦਾ ਨਾਮ ਦਿੱਤਾ ਗਿਆ ਹੈ।
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਰਾਸ਼ਟਰ ਮੰਚ ਇੱਕ ਅਜਿਹਾ ਰਾਜਨੀਤਕ ਸਮੂੰਹ ਹੈ, ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਲੋਕਤੰਤਰ ਅਤੇ ਉਸ ਦੀਆਂ ਸੰਸਥਾਵਾਂ ਤੇ ਹਮਲੇ ਹੋ ਰਹੇ ਹਨ। ਸਿਨਹਾ ਨੇ ਕੇਂਦਰ ਸਰਕਾਰ ਤੇ ਆਪਣੇ ਹਿੱਤਾਂ ਦੇ ਲਈ ‘ਮਨਘੜਤ’ ਅੰਕੜੇ ਪੇਸ਼ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰਾਸ਼ਟਰ ਮੰਚ ਇੱਕ ਗੈਰ ਦਲੀ ਰਾਜਨੀਤਕ ਕਾਰਵਾਈ ਸਮੂੰਹ ਹੋਵੇਗਾ। ਇਹ ਕਿਸੇ ਵੀ ਪਾਰਟੀ ਦੇ ਖਿਲਾਫ਼ ਨਹੀਂ ਹੈ। ਇਹ ਮੰਚ ਰਾਸ਼ਟਰੀ ਮੁੱਦਿਆਂ ਤੇ ਜੋਰ ਦੇਣ ਲਈ ਕੰਮ ਕਰੇਗਾ। ਇਹ ਕੋਈ ਸੰਗਠਨ ਨਹੀਂ, ਸਗੋਂ ਰਾਸ਼ਟਰੀ ਅੰਦੋਲਨ ਹੈ।
ਬੀਜੇਪੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਸਰਕਾਰ ਦੀਆਂ ਨੀਅੀਤਾਂ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਾਰਟੀ ਤੇ ਬੋਲਣ ਦਾ ਮੌਕਾ ਦਿੱਤਾ ਗਿਆ ਹੁੰਦਾ ਤਾਂ ਉਹ ਇਸ ਮੰਚ ਤੇ ਕਿਉਂ ਆਉਂਦੇ।