ਨਵੀਂ ਦਿੱਲੀ : ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਪੰਜਾਬ ਅਤੇ ਪੰਜਾਬੀਅਤ ਦੇ ਡੱਗਮਗਾਏ ਹੋਏ ਵਕਾਰ ਨੂੰ ਸੰਭਾਲਣ ਦੀ ਦਿਸ਼ਾ ’ਚ ਚਾਨਣ ਮੁਨਾਰਾ ਸਾਬਤ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਜੀ.ਕੇ. ਨੇ ਦੱਸਿਆ ਕਿ 2-3 ਫਰਵਰੀ ਨੂੰ ਕਾਲਜ ’ਚ ਆਯੋਜਿਤ ਹੋਣ ਵਾਲੀ ਦੋ ਰੋਜ਼ਾ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਮੁੱਖ ਮਹਿਮਾਨ ਵੱਜੋਂ ਕੀਤਾ ਜਾਵੇਗਾ। ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਅਤੇ ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਮਨਜੀਤ ਸਿੰਘ ਨੇ ਕਾਨਫਰੰਸ ਦੀ ਲੋੜ ਅਤੇ ਟੀਚੇ ਬਾਰੇ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਇਸਨੂੰ ਕੇਵਲ ਸਿੱਖ ਹੀ ਨਹੀਂ ਸਗੋਂ ਮੁਸਲਿਮ, ਹਿੰਦੂ ਅਤੇ ਇਸਾਈ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ’ਚ ਬੋਲਦੇ ਹਨ। ਦਿੱਲੀ ਕਮੇਟੀ ਦੇ ਇਤਿਹਾਸ ’ਚ ਪਹਿਲੀ ਵਾਰ ਚੋਟੀ ਦੇ ਬੁਲਾਰੇ ਪੰਜਾਬੀ ਮਾਂ-ਬੋਲੀ ਦੀ ਲੋੜ, ਗੁਰਮਤਿ ਸਾਹਿਤ, ਪੰਜਾਬੀ ਸਾਹਿਤ, ਪੱਤਰਕਾਰਿਤਾ, ਗੱਦ, ਕਾਵਿ, ਨਾਟਕ, ਰੋਜ਼ਗਾਰ, ਉੱਚ ਸਿੱਖਿਆ, ਸੰਗੀਤ ਅਤੇ ਸੂਫੀ ਕਲਾ ਬਾਰੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਭਾਸ਼ਾ ਦੇ ਉਭਾਰ ਵਾਸਤੇ ਯੋਗ ਤਰੀਕੇ ਵੀ ਦੱਸਣਗੇ।
ਜੀ.ਕੇ. ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਵਿਕਾਸ ਵੱਲ ਮੋੜਨ ਦੀਆਂ ਸੰਭਾਵਨਾਵਾਂ ਨੂੰ ਲੱਭਣ ਦੀ ਦਿਸ਼ਾ ’ਚ ਵੀ ਬੁਲਾਰੇ ਆਪਣੇ ਵਿਚਾਰ ਰੱਖਣਗੇ। ਜੀ.ਕੇ. ਨੇ ਮੰਨਿਆ ਕਿ ਅੱਜ ਪੰਜਾਬ ਦੀ ਆਰਥਕਤਾ ਨੂੰ ਸੰਭਾਲਣ ਵਾਸਤੇ ਕਿਰਸਾਨੀ ਅਤੇ ਸੰਨਅਤ ਦੋਨਾਂ ਨੂੰ ਨਾਲ ਲੈ ਕੇ ਚਲਣ ਦੀ ਲੋੜ ਹੈ। ਜੇਕਰ ਅੱਜ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਕਰਦਾ ਹੈ ਤਾਂ ਇਹ ਪੰਜਾਬੀਆਂ ਲਈ ਢਹਿੰਦੀਕਲਾ ਦਾ ਪ੍ਰਤੀਕ ਹੈ। ਇਸ ਲਈ ਪੰਜਾਬ ਅਤੇ ਪੰਜਾਬੀਅਤ ਦੀ ਖੁਸ਼ਹਾਲੀ ਲਈ ਭਾਸ਼ਾ ਪ੍ਰੇਮੀਆਂ ਦਾ ਦਰਦ ਲਾਹੇਵੰਦ ਸਾਬਤ ਹੋਵੇਗਾ।
ਤ੍ਰਿਲੋਚਨ ਸਿੰਘ ਨੇ ਦਿੱਲੀ ਕਮੇਟੀ ਦੇ ਉਪਰਾਲੇ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਨੂੰ ਬੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਨਫਰੰਸ ’ਚ ਆ ਰਹੇ ਵਿਸ਼ਵਭਰ ਦੇ ਪੰਜਾਬੀ ਭਾਸ਼ਾ ਪ੍ਰੇਮੀ, ਸਾਹਿਤਕਾਰ, ਅਰਥਸ਼ਾਸਤਰੀ, ਇਤਿਹਾਸਕਾਰ, ਲੇਖਕ, ਪੱਤਰਕਾਰ, ਗੀਤਕਾਰ, ਗਾਇਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਕਾਰਕੂਨ ਸਿਰਕਤ ਕਰਕੇ ਭਾਸ਼ਾ ਦੇ ਸਮਾਜ ਪੱਖੀ ਇਸਤੇਮਾਲ ’ਤੇ ਰੋਸ਼ਨੀ ਪਾਉਣਗੇ। ਕਾਨਫਰੰਸ ਗੈਰ ਸਿਆਸੀ ਰਹਿੰਦੇ ਹੋਏ ਵਿਦਿਅਕ ਕਾਨਫਰੰਸ ਦੇ ਮਿਆਰ ਨੂੰ ਪ੍ਰਾਪਤ ਕਰੇ, ਇਹ ਸਾਡੀ ਕੋਸ਼ਿਸ਼ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਨੋਂ ਦਿਨ 3 ਅਕਾਦਮਿਕ ਸੈਸ਼ਨ ਹੋਣਗੇ, ਜਿਸ ’ਚ ਪੰਜਾਬ ਅਤੇ ਪੰਜਾਬੀ ਦੀ ਅਮੀਰ ਵਿਰਾਸਤ ਨੂੰ ਖੁਸ਼ਹਾਲ ਬਣਾਉਣ ਲਈ ਵਿਚਾਰਾਂ ਹੋਣਗੀਆਂ।