ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਲੋਂ ਆਪਣੇ ਨਸ਼ਿਆਂ ਵਿਰੁੱਧ ਲਾਮਬੰਧ ਹੁੰਦੇ ਹੋਏ ਪੜਾਈ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਫੈਸਲਾ ਕੀਤਾ ਹੈ । ਇਸ ਲੜੀ ਤਹਿਤ ਕੈਂਪਸ ਵਿਚ ਸੈਮੀਨਾਰ ਕਰਵਾ ਕੇ ਕਿਸੇ ਵੀ ਤਰਾਂ ਦੇ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਪ੍ਰਿਸੀਪਲ ਡਾ. ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਨਸ਼ੇ ਸ਼ੌਕ ਜਾਂ ਸਵਾਦ ਵਜੋਂ ਸ਼ੁਰੂ ਹੁੰਦੇ ਹਨ ਜਦ ਕਿ ਇਸ ਦਾ ਅੰਜਾਮ ਬਹੁਤ ਭਿਆਨਕ ਹੁੰਦਾ ਹੈ। ਉਨਾਂ ਅੱਗੇ ਕਿਹਾ ਕਿ ਅੱਜ ਨਸ਼ਾ ਦੇਸ਼ ਦੇ ਭਵਿਖ ਨੂੰ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਸਰਕਾਰਾਂ ਇਸ ਗੰਭੀਰ ਵਿਸ਼ੇ ਨੂੰ ਚਿੰਤਾ ਨਾਲ ਲੈ ਰਹੀਆਂ ਹਨ ਅਤੇ ਇਸ ਲਈ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ। ਪਰ ਫਿਰ ਵੀ ਨੌਜ਼ਵਾਨ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਾ ਲੈਣਾ ਸ਼ੁਰੂ ਕਰ ਦਿੰਦੇ ਹਨ । ਜੋ ਕਿ ਬਾਅਦ ਵਿਚ ਉਨਾ ਦੀ ਜਿੰਦਗੀ ਬਰਬਾਦ ਕਰਨ ਦਿੰਦੇ ਹਨ।
ਮਕੈਨੀਕਲ ਵਿਭਾਗ ਦੇ ਮੁੱਖੀ ਵਾਈ ਐਨ ਗੁਪਤਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵਾਂ ਨਾਲ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ੇ ਨਾਲ ਨਸ਼ਾ ਕਰਨ ਵਾਲੇ ਦੇ ਨਾਲ ਨਾਲ ਉਸਦਾ ਪੂਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਅਤੇ ਇਹ ਘਾਟਾ ਆਉਣ ਵਾਲੀਆਂ ਪੀੜੀਆਂ ਤੋਂ ਵੀ ਪੂਰਾ ਨਹੀਂ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਾ ਸਿਰਫ਼ ਉਹ ਹਰ ਤਰਾਂ ਦੇ ਨਸ਼ੇ ਵਿਰੁੱਧ ਲਾਮਬੰਦ ਹੋਣ ਬਲਕਿ ਆਪਣੇ ਆਲੇ ਦੁਆਲੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਇਸ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹੋਏ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ।
ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰਾਂ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿਚ ਖੁਭ ਕੇ ਆਪਣੀ ਜਿੰਦਗੀ ਬਰਬਾਦ ਕਰ ਰਹੀ ਹੈ ਉਹ ਪੂਰੇ ਸਮਾਜ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨਾਂ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਜਵਾਨੀ ਜਿਸ ਤਰਾਂ ਨਸ਼ੇ ਵਿਚ ਗਰਕ ਹੋ ਰਹੀ ਹੈ ਉਸ ਲਈ ਵਿਦਿਅਕ ਅਦਾਰਿਆਂ ਨੂੰ ਇਸ ਬੁਰਾਈ ਖ਼ਿਲਾਫ਼ ਲਾਮਬੰਦ ਹੁੰਦੇ ਹੋਏ ਅੱਗੇ ਆ ਕੇ ਆਪਣੇ ਵਿਦਿਆਰਥੀਆਂ ਨੂੰ ਇਸ ਦੇ ਭਿਆਨਕ ਸਿੱਟਿਆਂ ਨਾਲ ਜਾਣੂ ਕਰਾਉਣਾ ਪਵੇਗਾ। ਇਸ ਮੌਕੇ ਤੇ ਐਲ ਸੀ ਈ ਟੀ ਦੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਕਿਸੇ ਵੀ ਤਰਾਂ ਦੇ ਨਸ਼ੇ ਤੋਂ ਪਰਹੇਜ਼ ਕਰਨ ਦੀ ਪ੍ਰੇਰਣਾ ਦਿਤੀ। ਅੰਤ ਵਿਚ ਸਾਰਿਆਂ ਨੇ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦੀ ਸਹੁੰ ਚੁੱਕੀ।