ਤਲਵੰਡੀ ਸਾਬੋ – ਕਨੇਡਾ ਦੇ ਸੂਬੇ ਨਿਊ ਬ੍ਰੰਸਵਿੱਕ ਵਿਖੇ ਸਥਿਤ ਪ੍ਰਸਿੱਧ ਕਰੈਂਡਲ ਯੂਨੀਵਰਸਿਟੀ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਨਿਵੇਕਲੇ ਸਮਝੌਤੇ ਦੇ ਸੰਬੰਧ ਵਿੱਚ ਦੌਰਾ ਕੀਤਾ। ਵਫ਼ਦ ਦੀ ਅਗਵਾਈ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ.ਬਰੂਸ ਫਾਸਟ ਕਰ ਰਹੇ ਸਨ। ਵਫ਼ਦ ਦੇ ਹੋਰਨਾਂ ਮੈਂਬਰਾਂ ਵਿੱਚ ਕਰੈਂਡਲ ਯੂਨੀਵਰਸਿਟੀ ਦੇ ਪਰੋ-ਵੋਸਟ ਡਾ. ਜੌਨ ਓਹਲਹਾਜ਼ਰ, ਬੋਰੜ ਆਫਿ ਗਵਰਨਰਜ਼ ਦੇ ਚੇਅਰਮੈਨ ਸ਼੍ਰੀ ਗਰੈਗ ਕੁੱਕ, ਕਾਨੂੰਨੀ ਸਲਾਹਕਾਰ ਸ਼੍ਰੀ ਸ਼ਾਨ ਪੱਡਾ ਅਤੇ ਰਾਹੁਲ ਮੈਸੀ ਸ਼ਾਮਲ ਸਨ।
ਵਫ਼ਦ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਇੱਕ ਬੈਠਕ ਕੀਤੀ, ਜਿਸ ਵਿੱਚ ਦੁਵੱਲੇ ਸਹਿਯੋਗ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਵਿਚਾਰੇ ਗਏ। ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਵੀ ਵਿਚਾਰ ਚਰਚਾ ਕੀਤੀ ਗਈ। ਵਫ਼ਦ ਦੇ ਮੈਂਬਰਾਂ ਨੇ ਪੁੱਛੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਵਿਦਿਆਰਥੀਆਂ ਵੱਲੋਂ ਕਰੈਂਡਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚਕਾਰ ਤਾਲਮੇਲ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਤੋਂ ਬਾਅਦ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੈਂਪਸ ਵਿਖੇ ਪ੍ਰਮੁੱਖ ਪ੍ਰਯੋਗਸ਼ਾਲਾਵਾਂ, ਸੈਮੀਨਾਰਹਾਲ, ਖੇਡ ਦੇ ਮੈਦਾਨ, ਜਿਮਨੇਸ਼ਿਅਮ, ਖੋਜ-ਖੇਤਰਾਂ ਆਦਿ ਦਾ ਦੌਰਾ ਕੀਤਾ। ਉਹਨਾਂ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਉਪਲੱਬਧ ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਦਿਅਕ ਅਤੇ ਖੋਜ ਸਹੂਲਤਾਂ ਦੀ ਭਰਪੂਰ ਸ਼ਾਲਾਘਾ ਕੀਤੀ ਗਈ।
ਮੀਟਿੰਗ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਚਾਂਸਲਰ, ਡਾ. ਜਸਮੇਲ ਸਿੰਘ ਧਾਲੀਵਾਲ, ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ, ਸਕੱਤਰ ਇੰਜ: ਸੁਖਵਿੰਦਰ ਸਿੰਘ ਸਿੱਧੂ, ਪ੍ਰਬੰਧਕੀ ਨਿਰਦੇਸ਼ਕ ਸ. ਸੁਖਰਾਜ ਸਿੰਘ ਸਿੱਧੂ, ਉਪ-ਕੁਲਪਤੀ, ਡਾ. ਭੁਪਿੰਦਰ ਸਿੰਘ ਧਾਲੀਵਾਲ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਸੰਬੰਧਿਤ ਕਾਲਜਾਂ ਦੇ ਡੀਨਾਂ ਵੱਲੋਂ ਹਿੱਸਾ ਲਿਆ ਗਿਆ।
ਵਿਚਾਰ ਚਰਚਾ ਕਰਨ ਮਗਰੋਂ ਕੈਨੇਡਾ ਦੀ ਕਰੈਂਡਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਇੱਕ ਲਿਖਤੀ ਸਮਝੌਤਾ ਕੀਤਾ ਗਿਆ, ਜਿਸ ਵਿੱਚ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ. ਬਰੂਸ ਫਾਸਟ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਵੱਲੋਂ ਹਸਤਾਖਰ ਕੀਤੇ ਗਏ। ਇਸ ਸਮਝੌਤੇ ਅਨੁਸਾਰ ਬੈਚਲਰ ਆਫ਼ ਬਿਜ਼ਨੈੱਸ ਐਡਮਿਨੀਸਟਰੇਸ਼ਨ (ਬੀ.ਬੀ.ਏ) ਦਾ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀਆਂ ਨੂੰ ਦੋ ਸਾਲ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅਤੇ ਦੋ ਸਾਲ ਕਰੈਂਡਲ ਯੂਨੀਵਰਸਿਟੀ ਲਾ ਕੇ ਕੈਨੇਡੀਅਨ ਯੂਨੀਵਰਸਿਟੀ ਦੀ ਡਿਗਰੀ ਮਿਲ ਸਕੇਗੀ। ਇਹ ਡਿਗਰੀ ਉਨ੍ਹਾਂ ਨੂੰ ਕੈਨੇਡਾ ਵਿਖੇ ਪਰਮਾਨੈਂਟ ਰੈਂਜੀਡੈਂਸ, ਵਰਕ ਪਰਮਿਟ ਆਦਿ ਲਈ ਯੋਗਤਾ ਪ੍ਰਦਾਨ ਕਰੇਗੀ। ਆਮ ਤੌਰ ਤੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਵਾਸਤੇ ਚਾਰ ਸਾਲ ਦੀ ਪੜ੍ਹਾਈ ਕੈਨੇਡਾ ਵਿਖੇ ਕਰਨੀ ਪੈਂਦੀ ਹੈ, ਪਰ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਰੈਂਡਲ ਯੂਨੀਵਰਸਿਟੀ ਵਿਚਕਾਰ ਹੋਏ ਇਸ ਵਿਲੱਖਣ ਸਮਝੌਤੇ ਦੇ ਹੋਂਦ ਵਿੱਚ ਆਉਣ ਕਰਕੇ ਵਿਦਿਆਰਥੀਆਂ ਨੂੰ ਖਰਚੇ ਤੋਂ ਵੱਡੀ ਰਾਹਤ ਮਿਲਣ ਤੋਂ ਇਲਾਵਾ ਅੱਧੇ ਸਮੇਂ ਤੇ ਹੀ ਪੱਕੇ ਹੋਣ ਹੀ ਸਹੂਲਤ ਮਿਲ ਜਾਵੇਗੀ। ਇਸ ਸਮਝੌਤੇ ਅਨੁਸਾਰ 2018-19 ਦੇ ਵਿੱਦਿਅਕ ਸ਼ੈਸਨ ਵਿੱਚ ਬੀ.ਬੀ.ਏ/ਬੀ.ਕਾਮ ਪ੍ਰਗੋਰਾਮ ਦੇ 50 ਵਿਦਿਆਰਥੀ ਗੁਰੂ ਕਾਸ਼ੀ ਯੂਨੀਵਰਸਿਟੀ ਰਾਹੀਂ ਕਰੈਂਡਲ ਯੂਨੀਵਰਸਿਟੀ ਜਾਣਗੇ ਅਤੇ ਉੱਥੇ ਜਾ ਕੇ ਆਪਣੀ ਪੜ੍ਹਾਈ ਕਰ ਸਕਣਗੇ। ਨਿਉ ਬੰਸਵਿੱਕ (ਕੈਨੇਡਾ) ਦੀਆਂ ਸਹੂਲਤਾਂ, ਜਿਵੇਂ ਕਿ ਡਿਗਰੀ ਪ੍ਰਾਪਤ ਕਰਨ ਉਪਰੰਤ ਨੌਕਰੀ ਅਤੇ ਪਰਮਾਨੈਂਟ ਰੈਂਜੀਡੈਂਸ ਲੈ ਕੇ ਪੱਕੇ ਹੋ ਸਕਣਗੇ। ਵਰਣਯੋਗ ਹੈ ਕਿ ਨਿਊ ਬੰ੍ਰਸਵਿੱਕ ਸੂਬੇ ਦੀ ਸਰਕਾਰ ਪੰਜਾਬ ਤੋਂ ਗਏ ਵਿਦਿਆਰਥੀਆਂ ਲਈ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕਰੇਗੀ। ਜਦਕਿ ਕੈਨੇਡਾ ਦੇ ਦੂਜੇ ਸੂਬਿਆਂ ਵਿੱਚ ਇਸ ਲਈ ਸਿਹਤ ਸਹੂਲਤ ਕਾਫੀ ਖਰਚ ਕਰਨਾ ਪੈਂਦਾ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਕਰੈਂਡਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਮੀਟਿੰਗ ਵਿੱਚ ਵਿਚਾਰੇ ਗਏ ਮੁੱਦਿਆਂ ਵਿੱਚ ਕਰੈਂਡਲ ਯੂਨੀਵਰਸਿਟੀ ਦੀਆਂ ਫੀਸਾਂ ਨੂੰ ਦੂਜੀਆਂ ਯੂਨੀਵਰਸਿਟੀਆਂ ਦੀ ਤੁਲਨਾ ਵਿੱਚ ਬੜਾ ਹੀ ਘੱਟ ਕਰਵਾਇਆ ਗਿਆ ਹੈ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ, ਜੋ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ, ਕੈਨੇਡਾ ਜਾ ਕੇ ਪੜ੍ਹਨ, ਨੌਕਰੀ ਲੈਣ ਅਤੇ ਪੱਕੇ ਹੋਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਣਗੇ।