ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਧਾਨਸਭਾ ਗੈਲਰੀ ’ਚ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ ਭਾਈ ਰਣਧੀਰ ਸਿੰਘ ਦੀ ਤਸਵੀਰ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਧਾਨਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਇਸ ਸੰਬੰਧੀ ਭੇਜੇ ਪੱਤਰ ਦੀ ਜਾਣਕਾਰੀ ਦਿੰਦੇ ਹੋਏ ਮੀਡੀਆ ਨੂੰ ਦੱਸਿਆ ਕਿ ਭਾਈ ਰਣਧੀਰ ਸਿੰਘ ਨੇ ਅੰਗਰੇਜ ਹਕੂਮਤ ਨੂੰ ਚੁਨੌਤੀ ਦੇਣ ਵਾਲੇ ਗੱਦਰੀ ਬਾਬੇਆਂ ਦਾ ਸਾਥ ਦੇਣ ਦੇ ਨਾਲ ਹੀ ਗੁਰਦੁਆਰਾ ਸੁਧਾਰ ਲਹਿਰ ਨੂੰ ਖੜਾ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਆਪਣੇ ਮਨ ’ਚ ਕੌਮ ਦਾ ਦਰਦ ਰਖਣ ਵਾਲੇ ਦੇਸ਼ਭਗਤ, ਸੰਤ ਕਵੀ, ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਰਣਧੀਰ ਸਿੰਘ ਨੇ 1914 ’ਚ ਅੰਗਰੇਜ ਹਕੂਮਤ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਵਾਇਸਰਾਇ ਭਵਨ ਦੇ ਵਿਸਤਾਰ ਲਈ ਢਹਾਉਣ ਦੇ ਤੁਗਲਕੀ ਆਦੇਸ਼ ਅਤੇ ਕਾਮਾਗਾਰੂਮਾਟਾ ਜਹਾਜ਼ ਦੇ ਨਿਹੱਥੇ ਯਾਤਰੀਆਂ ’ਤੇ ਗੋਲੀ ਚਲਾਉਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਹਕੂਮਤ ਨਾਲ ਸਿੱਧੀ ਟੱਕਰ ਲਈ ਸੀ। ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਹਾਉਣ ਦੀ ਅੰਗਰੇਜ ਸਰਕਾਰ ਦੀ ਸੋਚ ਦੇ ਖਿਲਾਫ਼ ਸਿੱਖਾਂ ’ਚ ਉਪਜਿਆ ਰੋਸ਼ ਹੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਜਨਮ ਦਾ ਕਾਰਨ ਬਣਿਆ ਸੀ। ਇਸੇ ਕਾਰਨ ਹੀ ਖਿਸਆਈ ਅੰਗ੍ਰੇਜ ਹਕੂਮਤ ਨੇ ਭਾਈ ਰਣਧੀਰ ਸਿੰਘ ਨੂੰ ਫਿਰੋਜਪੁਰ ਛਾਵਨੀ ’ਤੇ ਹਮਲੇ ਅਤੇ ਲਾਹੌਰ ਸਾਜਿਸ਼ ਕੇਸ ’ਚ ਗ੍ਰਿਫਤਾਰ ਕਰਕੇ 30 ਮਾਰਚ 1916 ’ਚ ਉਮਰ ਕੈਦ ਦੀ ਸਜਾ ਸੁਣਾਈ ਸੀ।
ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਨੇ ਆਪਣੀ ਜੇਲ ਯਾਤਰਾ ਦੇ ਦੌਰਾਨ 42 ਪੁਸਤਕਾਂ ਲਿੱਖੀਆਂ ਸਨ। ਉਹਨਾਂ ਨੇ ਸਿੱਖਾਂ ਨੂੰ ਗੁਰਮਤਿ ਨਾਲ ਜੋੜਦੇ ਹੋਏ ਮਸੰਦਾਂ ਦੇ ਗੁਰਦੁਆਰਿਆਂ ’ਤੇ ਕਬਜੇ ਦੇ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਸੀ। ਬਿਬੇਕੀ ਜੀਵਨ ਜੀਉਣ ਦਾ ਸਬੂਤ ਦਿੰਦੇ ਹੋਏ ਭਾਈ ਰਣਧੀਰ ਸਿੰਘ ਨੇ ਜੇਲ ’ਚ ਪਤਿਤ ਸਰੂਪ ’ਚ ਸਜਾ ਭੁਗਤ ਰਹੇ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਗਤ ਸਿੰਘ ਦੇ ਸਿੱਖੀ ਸਰੂਪ ’ਚ ਵਾਪਸ ਆਉਣ ’ਤੇ ਹੀ ਉਨ੍ਹਾਂ ਨੇ ਭਗਤ ਸਿੰਘ ਨਾਲ ਮਿਲਣ ਦੀ ਸ਼ਰਤ ਲਾਈ ਸੀ। ਜਿਸਦੇ ਬਾਅਦ ਭਾਈ ਸਾਹਿਬ ਦੀ ਸੰਗਤ ਦੇ ਅਸਰ ਕਰਕੇ ਭਗਤ ਸਿੰਘ ਆਪਣੀ ਫਾਂਸੀ ਤੋਂ ਪਹਿਲਾਂ ਨਾ ਕੇਵਲ ਆਪਣੇ ਸਿੱਖੀ ਸਰੂਪ ’ਚ ਵਾਪਸ ਆਏ ਸਨ ਸਗੋਂ ਫਾਂਸੀ ਦੇ ਫੰਦੇ ’ਤੇ ਚੜ੍ਹਦੇ ਸਮੇਂ ਉਹ ਪੂਰਣ ਸਿੱਖੀ ਸਵਰੂਪ ’ਚ ਸਨ।
ਜੀ.ਕੇ. ਨੇ ਇਸ ਕਰਕੇ ਇੱਕ ਆਜ਼ਾਦੀ ਗੁਲਾਟੀਐ ਅਤੇ ਧਰਮ ਰੱਖਿਅਕ ਦੀ ਤਸਵੀਰ ਵਿਧਾਨਸਭਾ ਗੈਲਰੀ ’ਚ ਲਗਾਉਣ ਦੀ ਮੰਗ ਕਰਦੇ ਹੋਏੇ ਜਾਣਕਾਰੀ ਦਿੱਤੀ ਕਿ ਦਿੱਲੀ ਕਮੇਟੀ ਨੇ 2014 ’ਚ ਭਾਈ ਸਾਹਿਬ ਦੀ ਤਸਵੀਰ ਕਮੇਟੀ ਦਫ਼ਤਰ ’ਚ ਵੀ ਲਗਾਈ ਸੀ। ਕਿਉਂਕਿ ਉਹਨਾਂ ਦਾ ਯੋਗਦਾਨ ਦੇਸ਼ ਅਤੇ ਧਰਮ ਲਈ ਬੇਮਿਸਾਲ ਰਿਹਾ ਸੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਵਿਕਰਮ ਸਿੰਘ ਰੋਹਿਣੀ, ਹਰਜੀਤ ਸਿੰਘ ਜੀ.ਕੇ., ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਲਾਜਪਤ ਨਗਰ ਮੌਜੂਦ ਸਨ।