ਨਵੀਂ ਦਿੱਲੀ : ਵਰਲਡ ਬੁੱਕ ਆੱਫ ਰਿਕਾਰਡ ਲੰਦਨ ਵੱਲੋਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਮਾਣ ਪੱਤਰ ਦਿੱਤਾ ਗਿਆ। ਵਰਲਡ ਬੁੱਕ ਆੱਫ ਰਿਕਾਰਡ ਦੇ ਪ੍ਰਧਾਨ ਸਨਤੋਸ਼ ਸ਼ੁਕਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਮਾਣ ਪੱਤਰ ਸੌਂਪਿਆ। ਇੱਥੇ ਦੱਸ ਦੇਈਏ ਕਿ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੇਮਿਸਾਲ ਪਰੋਪਕਾਰ ਸੇਵਾਵਾਂ ਅਤੇ ਅਤੁੱਟ ਲੰਗਰ ਪੂਰੇ ਦੇਸ਼ ’ਚ ਵਰਤਾਉਣ ਵਾਸਤੇ ਇਹ ਸਨਮਾਨ ਦਿੱਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕਿਸੇ ਜਾਤ-ਧਰਮ ਦੇ ਵਿੱਤਕਰੇ ਦੇ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵੀ ਲੰਗਰ ਸੇਵਾ ਦਾ ਇੱਕ ਵੱਡਾ ਕੇਂਦਰ ਹੈ। ਰੋਜ਼ਾਨਾ ਜਿੱਥੇ 30 ਤੋਂ 40 ਹਜ਼ਾਰ ਸੰਗਤ ਲੰਗਰ ਛੱਕਦੀ ਹੈ ਉਥੇ ਹੀ ਛੁੱਟੀ ਵਾਲੇ ਦਿਨ ਇਹ ਅੰਕੜਾ 1 ਲੱਖ ਤਕ ਵੀ ਪੁੱਜ ਜਾਂਦਾ ਹੈ। ਜੀ.ਕੇ. ਨੇ ਕਿਹਾ ਕਿ 20 ਰੁਪਏ ਨਾਲ ਗੁਰੂ ਨਾਨਕਦੇਵ ਜੀ ਨੇ ਲੰਗਰ ਸੇਵਾ ਸ਼ੁਰੂ ਕੀਤੀ ਸੀ। ਇੱਕ ਪਾਸੇ ਦੇਸ਼ ਦੀ ਸੰਸਦ ਖਾਣੇ ਦੇ ਅਧਿਕਾਰ ਦਾ ਬਿੱਲ ਪਾਸ ਕਰਦੀ ਹੈ ਤੇ ਦੂਜੇ ਪਾਸੇ ਅਸੀਂ ਸਰਕਾਰ ਦੀ ਜਿੰਮੇਵਾਰੀ ਨੂੰ ਬਿਨਾ ਕਿਸੇ ਤੋਂ ਇਜਾਜਤ ਲਏ ਨਿਭਾਉਣ ਦਾ ਜਤਨ ਕਰ ਰਹੇ ਹਾਂ। ਉਕਤ ਰਿਕਾਰਡ ਨੂੰ ਵੀ ਦਰਜ਼ ਕਰਾਉਣ ਵਾਸਤੇ ਕਮੇਟੀ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਸੀ। ਪਰ ਵਰਲਡ ਬੁੱਕ ਆੱਫ ਰਿਕਾਰਡ ਵੱਲੋਂ ਗੁਰਦੁਆਰਾ ਸਾਹਿਬ ਦੇ ਇਸ ਸੂਚੀ ’ਚ ਸ਼ਾਮਲ ਹੋਣ ਦੀ ਸਾਨੂੰ ਜਾਣਕਾਰੀ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਅੱਜਕਲ ਦੇਸ਼ ਭਰ ਤੋਂ ਆਉਣ ਵਾਲੇ ਇਨਸਾਫ਼ ਪਸੰਦ ਅੰਦੋਲਨਕਾਰੀਆਂ ਦੀ ਜੀਵਨ ਰੇਖਾ ਬਣ ਕੇ ਮਦਦ ਕਰ ਰਿਹਾ ਹੈ। ਅੰਦੋਲਨ ਭਾਵੇਂ ਅੰਨਾ ਹਜ਼ਾਰੇ, ਕਿਸਾਨਾ ਦਾ ਹੋਵੇ ਜਾਂ ਸਾਬਕਾ ਫੌਜੀਆਂ ਦਾ ਪਰ ਲੰਗਰ ਸੇਵਾ ਦਾ ਫਾਇਦਾ ਸਭ ਨੇ ਚੁੱਕਿਆ ਹੈ। ਗੁਰਦੁਆਰਾ ਸਾਹਿਬ ਜਿੱਥੇ ਅੰਦੋਲਨਕਾਰੀਆਂ ਨੂੰ ਲੰਗਰ ਉਪਲਬੱਧ ਕਰਾਉਂਦਾ ਹੈ ਉਥੇ ਹੀ ਵਿਸ਼ਰਾਮ ਅਤੇ ਨਹਾਉਣ ਦੀ ਵੀ ਯੋਗ ਥਾਂ ਦਿੰਦਾ ਹੈ।
ਇੱਕ ਕਦਮ ਅੱਗੇ ਵੱਧਦੇ ਹੋਏ ਜੀ.ਕੇ. ਨੇ ਕਿਹਾ ਕਿ ਹਿੰਦੂਸਤਾਨ ਦੇ ਗਣਰਾਜ ਨੂੰ ਬਚਾਉਣ ਵਾਸਤੇ ਗੁਰਦੁਆਰੇ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਸਿਰਸਾ ਨੇ ਵਰਲਡ ਬੁੱਕ ਆੱਫ ਰਿਕਾਰਡ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀਆਂ ਸੇਵਾਵਾਂ ਨੂੰ ਹੋਰ ਵਧਾਉਣ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਕਮੇਟੀ ਮੈਂਬਰ ਹਰਜੀਤ ਸਿੰਘ ਜੀ.ਕੇ., ਅਮਰਜੀਤ ਸਿੰਘ ਪਿੰਕੀ, ਆਤਮਾ ਸਿੰਘ ਲੁਬਾਣਾ, ਕੁਲਦੀਪ ਸਿੰਘ ਸਾਹਨੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।