ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਗੁਰੂ ਘਰਾਂ ਵਿਚ ਲੰਗਰਾਂ ‘ਤੇ ਜੀ.ਐਸ.ਟੀ. ਸਬੰਧੀ ਬਿਆਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਆਮ ਬਜਟ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਦਾ ਇਹ ਬਿਆਨ ਆਇਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਰਤਾਏ ਜਾਂਦੇ ਲੰਗਰਾਂ ‘ਤੇ ਕਿਸੇ ਕਿਸਮ ਦਾ ਟੈਕਸ ਨਹੀਂ ਲਗਾਇਆ ਜਾਂਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਜੇਤਲੀ ਦੇ ਇਸ ਬਿਆਨ ਨੂੰ ਤੱਥਾਂ ਤੋਂ ਕੋਹਾਂ ਦੂਰ ਦੱਸਿਆ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹਵਾਲੇ ਨਾਲ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਦਾ ਬਿਆਨ ਸਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਸ੍ਰੀ ਅਰੁਣ ਜੇਤਲੀ ਆਖ ਰਹੇ ਹਨ ਕਿ ਗੁਰੂ ਕੇ ਲੰਗਰ ਲਈ ਰਸਦਾਂ ‘ਤੇ ਜੀ.ਐਸ.ਟੀ. ਨਹੀਂ ਹੈ, ਜਦਕਿ ਅਸਲੀਅਤ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਵਿਚ ਇੱਕ ਜ਼ਿੰਮੇਵਾਰ ਵਿਅਕਤੀ ਦਾ ਅਜਿਹਾ ਬਿਆਨ ਕੇਂਦਰ ਸਰਕਾਰ ਦੀ ਵਿਵਸਥਾ ‘ਤੇ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਕੀਤਾ ਗਿਆ ਹੈ, ਉਦੋਂ ਤੋਂ ਹੀ ਗੁਰੂ ਘਰ ਅੰਦਰ ਲੰਗਰਾਂ ਲਈ ਖਰੀਦ ਕੀਤੀਆਂ ਜਾਂਦੀਆਂ ਰਸਦਾਂ ‘ਤੇ ਇਸ ਟੈਕਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਦੋਂ ਤੋਂ ਲੈ ਕੇ ਹੁਣ ਤਕ ਇਸ ਟੈਕਸ ਵਿਰੱਧ ਆਵਾਜ਼ ਉਠਾਈ ਜਾ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਸਮੇਤ ਸੰਸਦ ਮੈਂਬਰਾਂ ਨੂੰ ਵੀ ਪੱਤਰ ਲਿਖੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੰਗਰਾਂ ‘ਤੇ ਜੀ.ਐਸ.ਟੀ. ਮੁਆਫ ਹੈ ਤਾਂ ਸਰਕਾਰ ਵੱਲੋਂ ਇਸ ਸਬੰਧੀ ਸਰਕੂਲਰ ਕਿਉਂ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਸਵਾਲ ਉਠਾਇਆ ਕਿ ਏਨੇਂ ਮਹੀਨੇ ਬੀਤਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਪਾਸ ਸਰਕਾਰ ਵੱਲੋਂ ਜੀ.ਐਸ.ਟੀ. ਮੁਆਫ ਹੋਣ ਸਬੰਧੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਬਿਆਨ ਨਾਲ ਸਥਿਤੀ ਗੁੰਝਲਦਾਰ ਬਣ ਗਈ ਹੈ ਅਤੇ ਜੇਕਰ ਸਚਮੁੱਚ ਹੀ ਧਾਰਮਿਕ ਅਸਥਾਨਾਂ ਨੂੰ ਇਸ ਟੈਕਸ ਤੋਂ ਮੁਕਤ ਕੀਤਾ ਗਿਆ ਹੈ ਤਾਂ ਕੇਂਦਰੀ ਮੰਤਰੀ ਨੂੰ ਇਸਦੀ ਲਿਖਤੀ ਤੌਰ ‘ਤੇ ਸੂਚਨਾ ਜਾਰੀ ਕਰਨੀ ਚਾਹੀਦੀ ਹੈ।
ਲੰਗਰਾਂ ‘ਤੇ ਜੀ.ਐਸ.ਟੀ. ਸਬੰਧੀ ਕੇਂਦਰੀ ਵਿੱਤ ਮੰਤਰੀ ਜੇਤਲੀ ਦਾ ਬਿਆਨ ਗੁੰਮਰਾਹਕੁੰਨ – ਲੌਂਗੋਵਾਲ
This entry was posted in ਪੰਜਾਬ.