ਪਟਨਾ – ਬਿਹਾਰ ਦੇ ਦਾਨਾਪੁਰ ਥਾਣੇ ਵਿੱਚ ਜ਼ਮੀਨ ਨੂੰ ਲੈ ਕੇ ਧੋਖਾਧੜੀ, ਜਾਲਸਾਜ਼ੀ ਅਤੇ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕਰਕੇ ਗੱਲਤ ਸ਼ਬਦਾਵਲੀ ਇਸਤੇਮਾਲ ਕਰਨ ਦੇ ਆਰੋਪ ਵਿੱਚ ਐਫਆਈਆਰ ਦਰਜ਼ ਕੀਤੀ ਗਈ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਦਾਨਾਪੁਰ ਪੁਲਿਸ ਸਟੇਸ਼ਨ ਵਿੱਚ ਗਿਰੀਰਾਜ ਦੇ ਇਲਾਵਾ 33 ਹੋਰ ਲੋਕਾਂ ਤੇ ਵੀ ਮਾਮਲਾ ਦਰਜ਼ ਕੀਤਾ ਗਿਆ ਹੈ। ਇਨ੍ਹਾਂ ਸੱਭ ਤੇ 2.56 ਏਕੜ ਜ਼ਮੀਨ ਤੇ ਜਬਰਦਸਤੀ ਕਬਜ਼ਾ ਕਰਨ ਦਾ ਆਰੋਪ ਲਗਾਇਆ ਗਿਆ ਹੈ।
ਗਿਰੀਰਾਜ ਤੇ ਐਫ਼ਆਈਆਰ ਦਰਜ਼ ਹੁੰਦੇ ਸਾਰ ਹੀ ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਤੇਜਸਵੀ ਯਾਦਵ ਨੇ ਕਿਹਾ, ‘ਪ੍ਰਧਾਨਮੰਤਰੀ ਜੀ, ਕੀ ਤੁਹਾਡੀ ਸਰਕਾਰ ਇਸੇ ਇਮਾਨਦਾਰੀ ਦੀ ਗੱਲ ਕਰਦੀ ਹੈ ਜਿੱਥੇ ਗਰੀਬਾਂ ਨੂੰ ਘਰ ਦੇਣ ਦੀ ਜਗ੍ਹਾ ਤੁਹਾਡੇ ਕੈਬਨਿਟ ਮੰਤਰੀ ਗਰੀਬਾਂ ਦੀ ਜ਼ਮੀਨ ਤੇ ਹੀ ਕਬਜ਼ਾ ਜਮਾਈ ਬੈਠੇ ਹਨ? ਤੁਸੀਂ ਆਪਣੇ ਪੱਧਰ ਤੇ ਇਸ ਮਾਮਲੇ ਨੂੰ ਵੇਖਣਾ, ਕੀ ਪਤਾ ਇਹ ਮੰਤਰੀ ਕਿਤੇ ਉਨ੍ਹਾਂ ਗਰੀਬਾਂ ਨੂੰ ਵੀ ਪਾਕਿਸਤਾਨ ਭੇਜਣ ਦੀ ਗੱਲ ਕਰਨ ਲਗ ਜਾਣ।’
ਤੇਜਸਵੀ ਯਾਦਵ ਨੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ਕਿਹਾ ਹੈ ਕਿ ਕੀ ਉਹ ਹੁਣ ਬੀਜੇਪੀ ਨਾਲ ਗਠਬੰਧਨ ਤੋੜ ਦੇਣਗੇ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਗਿਰੀਰਾਜ ਉਹੋ ਮੰਤਰੀ ਹਨ, ਜਿਨ੍ਹਾਂ ਦੇ ਘਰ ਵਿੱਚੋਂ ਕਰੋੜਾਂ ਰੁਪੈ ਦੀ ਨਕਦੀ ਦੀ ਬਰਾਦਮਗੀ ਹੋਈ ਸੀ। ਇਸ ਸੱਭ ਦੇ ਬਾਵਜੂਦ ਵੀ ਉਹ ਇੱਕ ਇਮਾਨਦਾਰ ਨੇਤਾ ਹਨ।