ਜੰਮੂ – ਜੰਮੂ ਦੇ ਸੁੰਜਵਾਨ ਸੈਨਾ ਕੈਂਪ ਵਿੱਚ ਦਾਖਿਲ ਹੋਏ ਅੱਤਵਾਦੀਆਂ ਦੇ ਖਿਲਾਫ਼ ਚੱਲ ਰਹੇ ਅਪਰੇਸ਼ਨ ਨੂੰ 30 ਘੰਟੇ ਤੋਂ ਵੱਧ ਦਾ ਸਮਾਂ ਗੁਜ਼ਰ ਚੁੱਕਿਆ ਹੈ, ਪਰ ਅਜੇ ਵੀ ਸੈਨਾ ਦੇ ਰਿਹਾਇਸ਼ੀ ਕੈਂਪ ਵਿੱਚ ਅੱਤਵਾਦੀ ਛੁਪੇ ਹੋਏ ਹਨ। ਸੈਨਾ ਵੱਲੋਂ ਕੀਤੀ ਜਾ ਰਹੀ ਕਾਰਵਾਈ ਅਜੇ ਵੀ ਜਾਰੀ ਹੈ। ਆਰਮੀ ਨੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਜਦੋਂ ਕਿ ਇੱਕ ਜਾਂ ਦੋ ਅੱਤਵਾਦੀਆਂ ਦੇ ਅੰਦਰ ਛੁੱਪੇ ਹੋਣ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ। ਇਸ ਅਪਰੇਸ਼ਨ ਦਰਮਿਆਨ 5 ਜਵਾਨ ਸ਼ਹੀਦ ਹੋ ਗਏ ਹਨ, ਜਿੰਨ੍ਹਾਂ ਵਿੱਚ ਦੋ ਜੇਸੀਓ ਵੀ ਸਲਾਮਿਲ ਹਨ। ਮੁਠਭੇੜ ਦੌਰਾਨ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਆਰਮੀ ਚੀਫ਼ ਰਾਵਤ ਵੀ ਘਟਨਾ ਸਥਾਨ ਤੇ ਪਹੁੰਚ ਚੁੱਕੇ ਹਨ।
ਅੱਤਵਾਦੀਆਂ ਨੇ ਰਾਤ ਦੇ ਸਮੇਂ ਸੈਨਿਕਾਂ ਤੇ ਫਾਇਰਿੰਗ ਸ਼ੁਰੂ ਕੀਤੀ ਸੀ। ਆਰਮੀ ਕੈਂਪ ਤੇ ਹੋਏ ਇਸ ਹਮਲੇ ਲਈ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜੋ ਕਿ ਅਜੇ ਵੀ ਕੈਂਪ ਦੇ ਅੰਦਰ ਮੌਜੂਦ ਹਨ। ਮਾਰੇ ਗਏ ਅੱਤਵਾਦੀਆਂ ਕੋਲੋੰ ਏਕੇ-47 ਅਤੇ ਭਾਰੀ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਆਰਮੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ, ‘ਜਦੋਂ ਤੱਕ ਸਾਰੇ ਅੱਤਵਾਦੀ ਪਕੜੇ ਜਾਂ ਮਾਰੇ ਨਹੀਂ ਜਾਂਦੇ, ਅਪਰੇਸ਼ਨ ਚੱਲਦਾ ਰਹੇਗਾ।’ ਸਥਿਤੀ ਨੂੰ ਵੇਖਦੇ ਹੋਏ ਪੂਰੇ ਜੰਮੂ ਸ਼ਹਿਰ ਵਿੱਚ ਰੈਡ ਅਲੱਰਟ ਹੈ। ਸੈਨਾ ਕੈਂਪ ਦੇ ਅੱਧੇ ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਸਿੱਖਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਹਮਲੇ ਦੌਰਾਨ ਆਰਮੀ ਵੱਲੋਂ ਹੈਲੀਕਾਪਟਰਾਂ ਅਤੇ ਡਰੋਨ ਦੀ ਵੀ ਮੱਦਦ ਲਈ ਗਈ।