ਬੀਜਿੰਗ – ਮਾਲਦੀਵ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਜਾਰੀ ਰਾਜਨੀਤਕ ਸੰਕਟ ਸਬੰਧੀ ਚੀਨ ਨੇ ਫਿਰ ਤੋੰ ਸਖਤ ਵਾਰਨਿੰਗ ਦਿੱਤੀ ਹੈ। ਚੀਨ ਨੇ ਕਿਹਾ ਹੈ ਕਿ ਜੇ ਭਾਰਤ ਮਾਲਦੀਵ ਵਿੱਚ ਆਪਣੀ ਆਰਮੀ ਭੇਜਦਾ ਹੈ ਤਾਂ ਅਸੀਂ ਵੀ ਐਕਸ਼ਨ ਲੈਣ ਤੋਂ ਪਿੱਛੇ ਨਹੀਂ ਹਟਾਂਗੇ। ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਚੀਨ ਦੁਆਰਾ ਕੀਤੇ ਜਾ ਰਹੇ ਵਿਰੋਧ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਵੀ ਚੀਨ ਨੇ ਕਿਹਾ ਸੀ ਕਿ ਭਾਰਤ ਨੇ ਜੇ ਇਸ ਦੇਸ਼ ਵਿੱਚ ਦਖ਼ਲ ਦਿੱਤਾ ਤਾਂ ਸੀਥਤੀ ਹੋਰ ਵੀ ਨਾਜੁਕ ਹੋ ਜਾਵੇਗੀ। ਮਾਲਦੀਵ ਪਿੱਛਲੇ 12 ਦਿਨਾਂ ਤੋਂ ਰਾਜਨੀਤਕ ਸੰਕਟ ਨਾਲ ਜੂਝ ਰਿਹਾ ਹੈ।
ਚੀਨੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਲਿਖਿਆ ਹੈ, “ਯੂਐਨ ਦੀ ਆਗਿਆ ਦੇ ਬਿਨਾਂ, ਕੋਈ ਵੀ ਸੈਨਾ ਕਿਸੇ ਦੇਸ਼ ਵਿੱਚ ਦਖ਼ਲ ਨਹੀਂ ਦੇ ਸਕਦੀ। ਚੀਨ ਮਾਲਦੀਵ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਵੇਗਾ। ਇਸ ਦਾ ਅਰਥ ਇਹ ਨਹੀਂ ਹੈ ਕਿ ਬੀਜਿੰਗ ਉਸ ਸਮੇਂ ਚੁੱਪ ਬੈਠਾ ਰਹੇਗਾ, ਜਦੋਂ ਨਵੀਂ ਦਿੱਲੀ ਨਿਯਮਾਂ ਨੂੰ ਤੋੜੇ। ਭਾਰਤ ਜੇ ਵੰਨ ਸਾਈਡਡ ਕਾਰਵਾਈ ਕਰਦੇ ਹੋਏ ਮਾਲਦੀਵ ਵਿੱਚ ਸੈਨਾ ਭੇਜਦਾ ਹੈ ਤਾਂ ਚੀਨ ਵੀ ਉਸ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰੇਗਾ।” ਇਹ ਸੰਪਾਦਕੀ ‘ਮਾਲੇ ਵਿੱਚ ਗੈਰਵਾਜਿਬ ਸੈਨਾ ਦਖ਼ਲਅੰਦਾਜ਼ੀ ਨੂੰ ਰੋਕਿਆ ਜਾਵੇ’ ਨਾ ਦੇ ਸਿਰਲੇਖ ਨਾਲ ਲਿਖਿਆ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਲੇ ਵਿੱਚ ਤਣਾਅਪੂਰਣ ਸਥਿਤੀ ਨੂੰ ਵੇਖਦੇ ਹੋਏ ਭਾਰਤ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।
ਚੀਨ ਦਾ ਕਹਿਣਾ ਹੈ ਕਿ ਮਾਲਦੀਵ ਇਸ ਸਮੇਂ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਇਹ ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਚੀਨ ਕਿਸੇ ਵੀ ਬਾਹਰੀ ਦਖ਼ਲ ਦਾ ਸਖਤ ਵਿਰੋਧ ਕਰਦਾ ਹੈ। ਚੀਨ ਨੇ ਮਾਲਦੀਵ ਦੇ ਇਨਫਰਾਸਟਰਕਚਰ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਪਾਕਿਸਤਾਨ ਦੇ ਬਾਅਦ ਮਾਲਦੀਵ ਅਜਿਹਾ ਦੇਸ਼ ਹੈ ਜਿਸ ਦੇ ਨਾਲ ਚੀਨ ਦਾ ਫ੍ਰੀ ਟਰੇਡ ਸਮਝੌਤਾ ਹੈ। ਇਹ ਸਮਝੌਤਾ 2017 ਵਿੱਚ ਹੋਇਆ ਸੀ।