ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1995 ਤੋਂ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਹਰ ਸਾਲ ਨਿਰੰਤਰ 12 ਫਰਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਉਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਹੋਣ ਵਾਲੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਸੰਤਾਂ ਦੀ ਸੋਚ ‘ਤੇ ਅਧਾਰਿਤ ਆਪਣਾ ਖ਼ਾਲਿਸਤਾਨ ਸਟੇਟ ਕਾਇਮ ਕਰਨ ਲਈ ਆਪਣੀ ਮੰਜਿ਼ਲ ਵੱਲ ਅੱਗੇ ਵੱਧਣ ਹਿੱਤ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਜੋ ਇਸ ਸਾਲ 12 ਫਰਵਰੀ 2018 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਅਤੇ ਸ਼ਹੀਦਾਂ ਦੀ ਧਰਤੀ ਉਤੇ ਦੀਵਾਨ ਟੋਡਰ ਮੱਲ ਹਾਲ ਵਿਖੇ ਸੰਤ ਜੀ ਦਾ 71ਵਾਂ ਜਨਮ ਦਿਹਾੜਾ ਪੂਰੀ ਸ਼ਾਨੋ-ਸੌਕਤ ਅਤੇ ਸਰਧਾ ਨਾਲ ਮਨਾਉਦੇ ਹੋਏ ਸਮਾਗਮ ਹੋਇਆ ਹੈ, ਇਸਨੇ ਉਚੇਚੇ ਤੌਰ ‘ਤੇ ਅਤੇ ਫੈਸਲਾਕੁੰਨ ਨਤੀਜਾ ਕੱਢਦੇ ਹੋਏ ਲਿੰਗਾਇਤ, ਮੁਸਲਿਮ, ਇਸਾਈ, ਸਿੱਖ ਧਰਮ ਦੇ ਨਾਲ-ਨਾਲ ਦਲਿਤਾਂ, ਪੱਛੜੇ ਵਰਗਾਂ, ਕਬੀਲਿਆਂ ਤੋਂ ਇਲਾਵਾ ਬਾਮਸੇਫ਼, ਭਾਰਤੀ ਮੁਕਤੀ ਪਾਰਟੀ, ਮੁਸਲਿਮ ਪ੍ਰਸ਼ਨਲ ਲਾਅ ਬੋਰਡ, ਹੁਰੀਅਤ ਕਾਨਫਰੰਸ ਅਤੇ ਇਥੋਂ ਦੀ ਕੁੱਲ ਆਬਾਦੀ ਦੇ 85% ਮੂਲ ਨਿਵਾਸੀਆ ਨੂੰ ਇਕ ਮਜ਼ਬੂਤ ਸਾਂਝਾ ਸਿਆਸੀ ਅਤੇ ਧਾਰਮਿਕ ਪਲੇਟਫਾਰਮ ਪ੍ਰਦਾਨ ਕਰ ਦਿੱਤਾ ਹੈ । ਜੋ ਕਿ ਪਹਿਲੀ ਵਾਰ ਐਨੇ ਵੱਡੇ ਪੱਧਰ ਉਤੇ ਇੰਡੀਆਂ ਦੇ ਵੱਖ-ਵੱਖ ਧਰਮਾਂ, ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਕਬੀਲਿਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜਿਨ੍ਹਾਂ ਨੂੰ ਹਿੰਦੂਤਵ ਹੁਕਮਰਾਨ, ਮੀਡੀਆ, ਪ੍ਰੈਸ ਮੰਦਭਾਵਨਾ ਅਧੀਨ ਅੱਤਵਾਦੀ, ਵੱਖਵਾਦੀ, ਗਰਮਦਲੀਏ ਆਦਿ ਨਾਮ ਦੇ ਕੇ ਬਦਨਾਮ ਕਰਨ ਦੀਆਂ ਕਾਰਵਾਈਆ ਕਰਦਾ ਰਿਹਾ ਹੈ, ਉਨ੍ਹਾਂ ਸੰਤ ਭਿੰਡਰਾਂਵਾਲਿਆਂ ਨੂੰ ਉਪਰੋਕਤ ਸਭ ਆਗੂਆਂ ਤੇ ਧਰਮਾਂ ਨੇ ਮਨੁੱਖੀ ਕਦਰਾ-ਕੀਮਤਾ ਦਾ ‘ਮਸੀਹਾ’ ਕਰਾਰ ਦਿੰਦੇ ਹੋਏ ਹਿੰਦੂਤਵ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰਣ ਤੇ ਤਹੱਈਆ ਵੀ ਕੀਤਾ ਹੈ । ਜੋ ਕਿ ਬਹੁਤ ਹੀ ਦੂਰਅੰਦੇਸ਼ੀ ਵਾਲਾ ਅਤੇ ਆਜ਼ਾਦੀ ਪ੍ਰਾਪਤੀ ਦੀ ਮੰਜਿ਼ਲ ਵੱਲ ਸਮੂਹਿਕ ਤੌਰ ਤੇ ਸਾਂਝੀਆ ਕਾਰਵਾਈਆ ਨੂੰ ਵੱਡਾ ਬਲ ਦੇਣ ਦਾ ਮੁੱਖ ਕਾਰਨ ਬਣ ਚੁੱਕਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ 12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਤੇ ਸ਼ਹੀਦੀ ਧਰਤੀ ਉਤੇ ਸਿੱਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਗਏ ‘20ਵੀਂ ਸਦੀ ਦੇ ਮਹਾਨ ਸਿੱਖ’ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਹੋਏ ਸਮਾਗਮ ਦੇ ਆਉਣ ਵਾਲੇ ਸਮੇਂ ਵਿਚ ਪ੍ਰਭਾਵਸ਼ਾਲੀ ਅਤੇ ਫੈਸਲਾਕੁੰਨ ਨਤੀਜੇ ਨਿਕਲਣ ਅਤੇ ਕੇਵਲ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਹੀ ਨਹੀਂ, ਬਲਕਿ ਪੂਰੇ ਇੰਡੀਆਂ ਦੇ ਖੇਤਰਫ਼ਲ ਹੀ ‘ਖ਼ਾਲਿਸਤਾਨ’ ਸਟੇਟ ਕਾਇਮ ਹੋਣ ਦਾ ਦਾਅਵਾ ਕਰਦੇ ਹੋਏ ਅਤੇ 85% ਮੂਲ ਨਿਵਾਸੀਆ ਦਾ ਇਸ ਬੇਗਮਪੁਰਾ ਦੀ ਤਰਜ ਤੇ ਬਣਨ ਵਾਲੇ ਖ਼ਾਲਿਸਤਾਨ ਵਿਚ ਸਾਂਝਾ ਰਾਜ ਕਾਇਮ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਸਿੱਖ ਕੌਮ ਲੰਮੇ ਸਮੇਂ ਤੋਂ ਇਨਸਾਨੀਅਤ ਅਤੇ ਮਨੁੱਖੀ ਕਦਰਾ-ਕੀਮਤਾ ਨੂੰ ਮੁੱਖ ਰੱਖਕੇ ਕਸ਼ਮੀਰੀਆਂ, ਪੰਜਾਬੀਆਂ, ਸਿੱਖਾਂ, ਆਦਿਵਾਸੀ ਕਬੀਲਿਆਂ, ਦਲਿਤਾਂ, ਪੱਛੜੇ ਵਰਗਾਂ, ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਮਿਹਨਤਕਸਾ ਆਦਿ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਆਜ਼ਾਦੀ ਦੇ ਮਿਸ਼ਨ ਨੂੰ ਮੁੱਖ ਰੱਖਕੇ ਸੰਘਰਸ਼ ਕਰਦੀ ਆ ਰਹੀ ਹੈ । ਪਰ ਸਿੱਖ ਕੌਮ ਵੱਲੋਂ ਚੱਲ ਰਹੇ ਇਸ ਆਜ਼ਾਦੀ ਦੇ ਸੰਘਰਸ਼ ਨੂੰ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਅਤੇ ਹਿੰਦੂ ਮੀਡੀਏ ਤੇ ਪ੍ਰੈਸ ਵੱਲੋਂ ਬਦਨਾਮ ਕਰਕੇ ਕਸ਼ਮੀਰੀਆਂ, ਸਿੱਖਾਂ, ਮੂਲ ਨਿਵਾਸੀਆਂ ਉਤੇ ਤਸੱਦਦ ਜੁਲਮ ਢਾਹੁਦੀ ਆ ਰਹੀ ਸੀ । ਪਰ ਹੁਣ ਜਦੋਂ ਲਿੰਗਾਇਤ ਧਰਮ ਦੇ ਸੂਝਵਾਨ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਮੁੱਖੀ ਸਵਾਮੀ ਕਨੇਸਵਰ ਅੱਪਾ, ਬਾਮਸੇਫ਼ ਦੇ ਮੁੱਖੀ ਸ੍ਰੀ ਵਾਮਨ ਮਹੇਸ਼ਰਮ, ਕਸ਼ਮੀਰੀਆਂ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੁਰੀਅਤ ਕਾਨਫਰੰਸ ਦੀ ਬੀਬੀ ਜਮਰੂਦਾ ਹਬੀਬ, ਮੁਸਲਿਮ ਪਰਸਨਲ ਲਾਅ ਬੋਰਡ ਦੇ ਜਰਨਲ ਸਕੱਤਰ ਹਜਰਤ ਖਿਆਦ ਨੋਮਾਨੀ ਅਤੇ ਇਸਾਈ ਧਰਮ ਦੇ ਪਾਸਟਰ ਗੁਰਚਰਨ ਮਸੀਹ ਵੱਲੋਂ ਸੰਤ ਜੀ ਦੇ ਇਸ ਜਨਮ ਦਿਹਾੜੇ ਉਤੇ ਉਚੇਚੇ ਤੌਰ ਤੇ ਪਹੁੰਚਕੇ “ਖ਼ਾਲਿਸਤਾਨ” ਨੂੰ ਦ੍ਰਿੜਤਾ ਨਾਲ ਜਨਤਕ ਤੌਰ ਤੇ ਪ੍ਰਵਾਨਗੀ ਦੇਣ ਦਾ ਐਲਾਨ ਕਰ ਚੁੱਕੇ ਹਨ ਤਾਂ ਇਸ ਸਾਂਝੇ ਪਲੇਟਫਾਰਮ ਤੋਂ ਹੁਣ ਇਹ ਲਹਿਰ ਕੇਵਲ ਸਿੱਖ ਵਸੋਂ ਵਾਲੇ ਇਲਾਕਿਆ ਤੱਕ ਸੀਮਤ ਨਾ ਰਹਿ ਕੇ ਪੂਰੀ ਇੰਡੀਆਂ ਵਿਚ ਇਕ ਅਨੁਸਾਸਿਤ ਤਰੀਕੇ ਨਾਲ ਮੰਜਿ਼ਲ ਵੱਲ ਤੇਜ਼ੀ ਨਾਲ ਵੱਧੇਗੀ । ਕਿਉਂਕਿ 6743 ਵੱਖ-ਵੱਖ ਜਾਤਾਂ ਵਿਚੋਂ ਇੰਡੀਆਂ ਦੀ 85% ਆਬਾਦੀ ਉਪਰੋਕਤ ਧਰਮਾਂ ਅਤੇ ਸੰਗਠਨਾਂ ਦੀ ਹੈ । ਹੁਣ ਜਦੋਂ ਇੰਡੀਆਂ ਵਿਚ ਰਹਿਣ ਵਾਲੇ 85% ਉਹ ਨਿਵਾਸੀ ਜਿਨ੍ਹਾਂ ਨਾਲ ਮੁਕਾਰਤਾ ਅਤੇ ਫਰੇਬ ਨਾਲ 3% ਬ੍ਰਾਹਮਣਵਾਦੀ ਅਤੇ ਮੰਨੂਸਮ੍ਰਿਤੀ ਦੇ ਮਾਲਕ ਸੋਚ ਵਾਲੇ ਹੁਕਮਰਾਨ ‘ਪਾੜੋ ਤੇ ਰਾਜ ਕਰੋ’ ਦੀ ਸੋਚ ਅਧੀਨ ਹੁਣ ਤੱਕ ਰਾਜ ਕਰਦੇ ਆ ਰਹੇ ਹਨ, ਹੁਣ ਉਨ੍ਹਾਂ ਦੀ ਸਿਆਸੀ ਸ਼ਕਤੀ ਦਾ ਸਿਘਾਸ਼ਨ ਪੂਰਨ ਰੂਪ ਵਿਚ ਡੋਲਣ ਲੱਗ ਪਿਆ ਹੈ ਅਤੇ 85% ਮੂਲਨਿਵਾਸੀਆ ਉਤੇ ਉਨ੍ਹਾਂ ਦੇ ਸਾਜ਼ਸੀ ਢੰਗ ਨਾਲ ਰਾਜ ਕਰਨ ਦੇ ਸੁਪਨੇ ਚਕਨਾਚੂਰ ਹੋਣ ਜਾ ਰਹੇ ਹਨ ਅਤੇ ਬੁਰਾਈਆ ਦਾ ਅੰਤ ਹੋਣ ਜਾ ਰਿਹਾ ਹੈ ।
ਉਨ੍ਹਾਂ ਸੰਤ ਭਿੰਡਰਾਂਵਾਲਿਆਂ ਦੇ ਹੋਏ ਸਮਾਗਮ ਦੇ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਨਤੀਜੇ ਨਿਕਲਣ ਦਾ ਦਾਅਵਾ ਕਰਦੇ ਹੋਏ ਅਤੇ ਇਸ ਸਮਾਗਮ ਦੀ ਨਿਰਪੱਖਤਾ ਨਾਲ ਸਮਿਖਿਆ ਕਰਦੇ ਹੋਏ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਫਿਰਕੂਵਾਦੀ ਹੁਕਮਰਾਨਾਂ ਨੂੰ ਸਮੇਂ ਦੀ ਨਿਜਾਕਤ ਨੂੰ ਹੁਣ ਚੰਗੀ ਤਰ੍ਹਾਂ ਪਹਿਚਾਣ ਲੈਣਾ ਚਾਹੀਦਾ ਹੈ । ਕਿਉਂਕਿ ਇਨ੍ਹਾਂ ਫਿਰਕੂ ਅਤੇ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨੂੰ ਕਿਸੇ ਸਮੇਂ ਵੀ ਇਹ ਰਾਜ-ਭਾਗ ਅੰਗਰੇਜ਼ਾਂ ਦੀ ਤਰ੍ਹਾਂ ਛੱਡਕੇ ਜਾਣਾ ਪੈ ਸਕਦਾ ਹੈ ਅਤੇ ਹੁਣ ਇਹ ਹੁਕਮਰਾਨ ਕਿਸੇ ਵੀ ਸੂਬੇ, ਸ਼ਹਿਰ, ਪਿੰਡ ਜਾਂ ਗਲੀ ਵਿਚ ਪੰਜਾਬੀਆਂ, ਸਿੱਖਾਂ, ਕਸ਼ਮੀਰੀਆਂ, ਝਾਂਰਖੰਡ ਦੇ ਕਬੀਲਿਆ, ਮਹਾਰਾਸਟਰਾਂ, ਆਧਰਾ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਦੱਖਣੀ ਸੂਬਿਆਂ ਆਦਿ ਦੇ ਉਪਰੋਕਤ 85% ਮੂਲਨਿਵਾਸੀਆ ਨਾਲ ਜ਼ਬਰ-ਜੁਲਮ ਕਤਈ ਨਹੀਂ ਕਰ ਸਕਣਗੇ । ਕਿਉਂਕਿ ਇਹ 85% ਮੂਲਨਿਵਾਸੀ ਜੋ ਅੱਜ ਤੱਕ ਇਨ੍ਹਾਂ ਦੀ ਮੁਕਾਰਤਾ ਦੀਆਂ ਸਾਜਿ਼ਸਾਂ ਦਾ ਸਿ਼ਕਾਰ ਹੁੰਦੇ ਆ ਰਹੇ ਸਨ, ਉਹ ਆਤਮਿਕ, ਵਿਦਿਅਕ, ਡਿਪਲੋਮੈਟਿਕ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਤੌਰ ਤੇ ਉਪਰੋਕਤ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਪਹੁੰਚੇ ਆਗੂਆਂ ਦੀ ਦੂਰਅੰਦੇਸ਼ੀ ਦੀ ਬਦੌਲਤ ਕੇਵਲ ਜਾਗ ਹੀ ਨਹੀਂ ਚੁੱਕੇ, ਬਲਕਿ ਇਕ ਸਾਂਝੇ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਨ੍ਹਾਂ 3% ਫਰੇਬੀ ਬ੍ਰਾਹਮਣਾਂ ਅਤੇ ਮਨੂੰਵਾਦੀਆਂ ਨੂੰ ਚੁਣੋਤੀ ਦੇਣ ਲਈ ਤਿਆਰ ਹੋ ਚੁੱਕੇ ਹਨ । ਇਹ 12 ਫਰਵਰੀ 2018 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਬਣਿਆ ਸਾਂਝਾ ਪਲੇਟਫਾਰਮ ਹੁਕਮਰਾਨਾਂ ਦੇ ਸਾਜ਼ਸੀ ਰਾਜ-ਭਾਗ ਦੇ ਸਿਘਾਸ਼ਨ ਦਾ ਅੰਤ ਕਰਨ ਲਈ ਆਖਰੀ ਕਿਲ ਸਾਬਤ ਹੋਵੇਗਾ, ਕੇਵਲ ਸਿੱਖ ਵਸੋਂ ਵਾਲਾ ਇਲਾਕਾ ਹੀ ਨਹੀਂ, ਪੂਰਾ ਇੰਡੀਆਂ ‘ਬੇਗਮਪੁਰਾ’ ਦੇ ਖ਼ਾਲਸਾ ਰਾਜ ਦੀ ਬਰਾਬਰਤਾ ਵਾਲੀ ਸਾਂਝੀ ਤਰਜ ਉਤੇ ਉਭਰਕੇ ‘ਖ਼ਾਲਿਸਤਾਨ’ ਦੇ ਰੂਪ ਵਿਚ ਜਲਦੀ ਹੀ ਦੁਨੀਆਂ ਦੇ ਨਕਸੇ ਤੇ ਅਵੱਸ ਆਵੇਗਾ । ਸ. ਮਾਨ ਨੇ ਉਪਰੋਕਤ ਸਮੁੱਚੇ ਆਗੂਆਂ ਅਤੇ ਉਨ੍ਹਾਂ ਨਾਲ ਸੰਬੰਧਤ ਇੰਡੀਆਂ ਵਿਚ ਵੱਸ ਰਹੇ ਕਰੋੜਾਂ ਹੀ ਨਿਵਾਸੀਆ ਨੂੰ ਇਸ ਮੌਕੇ ‘ਤੇ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹੁਣ ਬੁਰਾਈਆਂ ਦਾ ਅੰਤ ਹੋਣ ਵਾਲਾ ਹੈ ਅਤੇ ਅੱਛਾਈਆ ਦਾ ਸੂਰਜ ‘ਖ਼ਾਲਿਸਤਾਨ’ ਦੇ ਰੂਪ ਵਿਚ ਚਮਕਣ ਵਾਲਾ ਹੈ, ਜਿਸਦਾ ਸਿਹਰਾ ਅਮਲੀ ਰੂਪ ਵਿਚ ਲਿੰਗਾਇਤ, ਬਾਮਸੇਫ਼, ਭਾਰਤੀ ਮੁਕਤੀ ਪਾਰਟੀ, ਹੁਰੀਅਤ ਕਾਨਫਰੰਸ, ਇਸਾਈ, ਮੁਸਲਿਮ, ਦਲਿਤ ਅਤੇ ਪੱਛੜੇ ਵਰਗਾਂ ਦੇ ਇਸ ਸਮਾਗਮ ਵਿਚ ਪਹੁੰਚੇ ਆਗੂਆਂ ਨੂੰ ਹੀ ਜਾਂਦਾ ਹੈ । ਜਿਨ੍ਹਾਂ ਉਤੇ ਸਾਨੂੰ ਅਤੇ ਪੂਰੀ ਇਨਸਾਨੀਅਤ ਨੂੰ ਫਖ਼ਰ ਹੈ ।