ਫ਼ਤਹਿਗੜ੍ਹ ਸਾਹਿਬ – “ਸੰਪੂਰਨ ਪ੍ਰਭੂਸਤਾ ਦੇ ਮਾਲਕ ਵਾਲੇ ਕਿਸੇ ਦੂਸਰੇ ਸਟੇਟ ਦੇ ਅੰਦਰੂਨੀ, ਹਕੂਮਤੀ ਜਾਂ ਨਿਜਾਮੀ ਮਾਮਲਿਆ ਵਿਚ ਦਖ਼ਲ ਦੇ ਕੇ ਕਿਸੇ ਵੀ ਮੁਲਕ ਦੇ ਹੁਕਮਰਾਨ ਨੂੰ ਉਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਤਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਉਸ ਅੰਦਰੂਨੀ ਮਾਮਲੇ ਨੂੰ ਉਸ ਸੰਬੰਧਤ ਮੁਲਕ ਦੀ ਹਕੂਮਤ ਜਾਂ ਉਥੋਂ ਦੇ ਨਿਵਾਸੀਆਂ ਨੂੰ ਆਪ ਹੀ ਆਪਣੇ ਮਸਲੇ ਹੱਲ ਕਰਨ ਵਾਲੀ ਸੋਚ ਨੂੰ ਬਲ ਦੇਣਾ ਚਾਹੀਦਾ ਹੈ । ਇਸ ਲਈ ਹੁਣ ਜਦੋਂ ਮਾਲਦੀਵ ਦੇ ਅੰਦਰੂਨੀ ਹਾਲਾਤ ਗੰਭੀਰ ਹਨ ਤਾਂ ਇੰਡੀਆਂ ਦੀ ਮੋਦੀ ਹਕੂਮਤ ਨੂੰ ਕਿਸੇ ਵੀ ਤਰ੍ਹਾਂ ਦੀ ਮੰਦਭਾਵਨਾ ਅਧੀਨ ਉਨ੍ਹਾਂ ਦੇ ਅੰਦਰੂਨੀ ਮਾਮਲੇ ਵਿਚ ਜ਼ਬਰੀ ਘੁਸਪੈਠ ਕਰਕੇ ਅਤੇ ਉਸ ਅੰਦਰੂਨੀ ਮਸਲੇ ਨੂੰ ਕੌਮਾਂਤਰੀ ਮੁੱਦਾ ਬਣਾਕੇ ਸਿਆਸੀ, ਮਾਲੀ ਫਾਇਦੇ ਦੀ ਤਾਕ ਰੱਖਣੀ ਗੈਰ-ਇਨਸਾਨੀਅਤ ਅਤੇ ਗੈਰ-ਸਮਾਜਿਕ ਅਮਲ ਹਨ । ਉਨ੍ਹਾਂ ਨੂੰ ਆਪਣੇ ਮਸਲੇ ਖੁਦ ਹੀ ਹੱਲ ਕਰਨ ਦੀ ਸੋਚ ਉਤੇ ਛੱਡ ਦੇਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਇਸ ਨੂੰ ਜੰਗ ਤੋਂ ਦੂਰ ਰੱਖਣ ਵਿਚ ਵੱਡੀ ਮਦਦ ਮਿਲੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਲਦੀਵ ਦੇ ਅੰਦਰੂਨੀ ਪੈਦਾ ਹੋਏ ਹਾਲਾਤਾਂ ਵਿਚ ਇੰਡੀਆਂ ਵੱਲੋਂ ਦਿੱਤੇ ਜਾ ਰਹੇ ਦਖਲ ਦੀ ਕੌਮਾਂਤਰੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਣ ਦੀ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਜਦੋਂ ਚੀਨ ਵਰਗੇ ਦੁਨੀਆਂ ਦੇ ਵੱਡੇ ਮੁਲਕ ਅਤੇ ਵੀਟੋ ਪਾਵਰ ਦੇ ਮਾਲਕ ਵਾਲੀ ਤਾਕਤ ਨੇ ਵੀ ਇੰਡੀਆਂ ਨੂੰ ਮਾਲਦੀਵ ਵਿਚ ਫ਼ੌਜੀ ਸੋਚ ਅਧੀਨ ਜੋ ਖ਼ਬਰਦਾਰ ਕੀਤਾ ਹੈ, ਹੁਣ ਇਹ ਗੱਲ ਪਹਿਲੇ ਨਾਲੋਂ ਵੀ ਵਧੇਰੇ ਸੰਜ਼ੀਦਾ ਬਣ ਗਈ ਹੈ । ਇਸ ਲਈ ਜੇਕਰ ਅਜਿਹੀ ਸਥਿਤੀ ਪੈਦਾ ਹੋਣ ਉਪਰੰਤ ਵੀ ਇੰਡੀਆਂ ਮਾਲਦੀਵ ਦੇ ਅੰਦਰੂਨੀ ਮਾਮਲਿਆ ਵਿਚ ਦਖ਼ਲ ਦੇਣ ਦੀ ਗੱਲ ਗੁਸਤਾਖੀ ਕਰਦਾ ਹੈ, ਤਾਂ ਇਹ ਤਾਂ ਏਸੀਆ ਖਿੱਤੇ ਦੇ ਮੁਲਕਾਂ ਅਤੇ ਨਿਵਾਸੀਆ ਨੂੰ ਬਿਨ੍ਹਾਂ ਵਜਹ ਜੰਗ ਵੱਲ ਧਕੇਲਣ ਤੇ ਮਨੁੱਖਤਾ ਮਾਰੂ ਅਮਲ ਹੋਣਗੇ । ਅਜਿਹੀ ਕਾਰਵਾਈ ‘ਆ ਬੈਲ ਮੈਨੂੰ ਮਾਰ’ ਵਾਲੀ ਕਹਾਵਤ ਨੂੰ ਸੱਚੀ ਸਾਬਤ ਕਰੇਗੀ । ਦੂਸਰਾ ਸਿੱਖ ਕੌਮ ਦੱਖਣੀ ਏਸੀਆ ਖਿੱਤੇ ਨਾਲ ਸੰਬੰਧਤ ਮੁਲਕਾਂ ਵਿਚ ਆਪਸੀ ਕਿਸੇ ਤਰ੍ਹਾਂ ਦੀ ਜੰਗ ਬਿਲਕੁਲ ਨਹੀਂ ਚਾਹੁੰਦੀ । ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਮੈਦਾਨ-ਏ-ਜੰਗ ਬਣ ਜਾਣਗੇ ਅਤੇ ਸਿੱਖ ਕੌਮ ਜਿਸਦਾ ਕਿਸੇ ਵੀ ਕੌਮ, ਧਰਮ, ਮੁਲਕ, ਫਿਰਕੇ ਆਦਿ ਨਾਲ ਕੋਈ ਵੈਰ-ਵਿਰੋਧ ਨਹੀਂ, ਉਸਦਾ ਇਸ ਜ਼ਬਰੀ ਠੋਸੀ ਜਾਣ ਵਾਲੀ ਜੰਗ ਦੀ ਬਦੌਲਤ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਇੰਡੀਆਂ ਦੀ ਮੌਜੂਦਾ ਮੋਦੀ ਹਕੂਮਤ ਨੂੰ ਇਹ ਨੇਕ ਰਾਏ ਹੈ ਕਿ ਉਹ ਮਾਲਦੀਵ ਦੇ ਅੰਦਰੂਨੀ ਮਾਮਲੇ ਤੋਂ ਆਪਣੀ ਦੂਰੀ ਬਣਾਈ ਰੱਖੇ, ਇਕ ਪੱਖੀ ਧਿਰ ਬਣਕੇ ਮਨੁੱਖਤਾ ਮਾਰੂ ‘ਜੰਗ’ ਨੂੰ ਸੱਦਾ ਬਿਲਕੁਲ ਨਾ ਦੇਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇੰਡੀਆਂ ਦੇ ਹੁਕਮਰਾਨ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਮਾਲਦੀਵ ਦੇ ਅੰਦਰੂਨੀ ਮਾਮਲੇ ਵਿਚ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਣਗੇ ।