ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ’ਚ ਅੱਜ ਕਈ ਅਹਿਮ ਫੈਸਲੇ ਲਏ। ਜਿਸ ’ਚ ਗੁਰਦੁਆਰਾ ਕਮੇਟੀ ਦੇ ਸਕੂਲ ਸਟਾਫ਼ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਬਕਾਇਆ ਰਕਮ ਦਾ ਭੁਗਤਾਨ ਕਰਨ ਦੀ ਸੰਭਾਵਨਾ ਤਲਾਸ਼ਣ ਦੇ ਨਾਲ ਹੀ ਸਕੂਲ ਅਤੇ ਕਮੇਟੀ ’ਚ ਤੈਅ ਅਹੁਦਾ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਕੂਲਾਂ ਦੀ ਮਾਲੀ ਹਾਲਾਤ ਬਾਰੇ ਤਕਨੀਕੀ ਕਮੇਟੀ ਵੱਲੋਂ ਰੱਖੀ ਗਈ ਆਰਥਿਕ ਰਿਪੋਰਟ ਦੀ ਜਾਣਕਾਰੀ ਸਮੂਹ ਮੈਂਬਰਾਂ ਨੂੰ ਦਿੱਤੀ।
ਜੀ. ਕੇ. ਨੇ ਕਿਹਾ ਕਿ ਸਕੂਲ ਦੀਆਂ ਟੀਚਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣਾ ਸਾਡੀ ਮੁੱਢਲੀ ਜਿੰਮੇਵਾਰੀ ਹੈ। ਪਿੱਛਲੀ ਕਮੇਟੀ ਦੀਆਂ ਨਾਕਾਮਿਆਂ ਕਰਕੇ ਅੱਜ ਕਰੋੜਾਂ ਰੁਪਏ ਦੀ ਦੇਣਦਾਰੀ ਸਕੂਲਾਂ ਦੇ ਸਿਰ ਬਾਕੀ ਹੈ। ਜਿਸ ’ਚ ਸਟਾਫ਼ ਦੀ ਕੋਈ ਗਲਤੀ ਨਹੀਂ ਹੈ। ਤਕਨੀਕੀ ਕਮੇਟੀ ਨੇ ਬੜੇ ਚੰਗੇ ਤਰੀਕੇ ਨਾਲ ਸਕੂਲਾਂ ਦੀ ਮਾਲੀ ਸਿਹਤ ਦਾ ਲੇਖਾ-ਜੋਖਾ ਪੇਸ਼ ਕੀਤਾ ਹੈ।
ਜੀ. ਕੇ. ਨੇ ਕਿਹਾ ਕਿ ਗੈਰ ਟੀਚਿੰਗ ਸਟਾਫ਼ ’ਚ ਕਮੇਟੀ ਦੇ ਹਿਸਾਬ ਨਾਲ 278 ਕਰਮਚਾਰੀ ਵਾਧੂ ਹਨ। ਇਸਦੇ ਨਾਲ ਹੀ ਟੀਚਿੰਗ ਸਟਾਫ਼ ਦੀ ਵੀ ਲੋੜ ਅਤੇ ਇਸਤੇਮਾਲ ਦੀ ਰਿਪੋਰਟ ਬਣਾਈ ਜਾ ਰਹੀ ਹੈ। ਤਾਂਕਿ ਸਕੂਲਾਂ ਨੂੰ ਮੁੱੜ ਤੋਂ ਪੈਰਾ ’ਤੇ ਖੜਾ ਕੀਤਾ ਜਾ ਸਕੇ। ਜੀ. ਕੇ. ਨੇ ਦੋਸ਼ ਲਗਾਇਆ ਕਿ ਪੁਰਾਣੇ ਪ੍ਰਬੰਧਕਾਂ ਨੇ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਤੋਂ 6ਵੇਂ ਤਨਖਾਹ ਕਮਿਸ਼ਨ ਦੇ ਹਿਸਾਬ ਨਾਲ ਵਾਧੂ ਫੀਸ ਵਸੂਲਣ ਦੇ ਬਾਵਜੂਦ ਸਟਾਫ਼ ਨੂੰ ਨਾ ਦੇ ਕੇ ਸਟਾਫ਼ ਦੇ ਹੱਕਾਂ ’ਤੇ ਡਾਕਾ ਮਾਰਿਆ ਸੀ।
ਸਿਰਸਾ ਨੇ ਕਿਹਾ ਕਿ ਸਕੂਲਾਂ ਨੂੰ ਬਚਾਉਣ ਵਾਸਤੇ ਤੈਅ ਅਹੁਦਾ ਯੋਜਨਾ ਲਾਗੂ ਕਰਨ ਦੀ ਅੱਜ ਵੱਡੀ ਲੋੜ ਹੈ। ਕਿਉਂਕਿ ਵਾਧੂ ਸਟਾਫ਼ ਦੇ ਤਨਖਾਹ ਭੁਗਤਾਨ ਨੂੰ ਪੱਕੇ ਤੌਰ ’ਤੇ ਰੋਕ ਕੇ ਸਕੂਲਾਂ ਨੂੰ ਆਰਥਿਕ ਤੌਰ ’ਤੇ ਪਟਰੀ ਤੇ ਲਿਆਇਆ ਜਾ ਸਕਦਾ ਹੈ। ਜੇਕਰ ਸਰਨਾ ਭਰਾਵਾਂ ਨੇ ਵਾਧੂ ਭਰਤੀ ਦੀ ਥਾਂ ਸਮੇਂ ਸਿਰ 6ਵੇਂ ਤਨਖਾਹ ਕਮਿਸ਼ਨ ਦਾ ਭੁਗਤਾਨ ਕੀਤਾ ਹੁੰਦਾ ਤਾਂ ਅੱਜ ਸਕੂਲਾਂ ਦੇ ਸਿਰ ਕਰਜਾ ਨਹੀਂ ਹੋਣਾ ਸੀ। ਸਿਰਸਾ ਨੇ ਕਿਹਾ ਕਿ ਤਕਨੀਕੀ ਕਮੇਟੀ ਦੀ ਸਕੂਲਾਂ ਦੇ ਆਰਥਿਕ ਹਾਲਾਤ ਬਾਰੇ ਰਿਪੋਰਟ ਨੂੰ ਛੇਤੀ ਹੀ ਮੀਡੀਆ ਦੇ ਸਾਹਮਣੇ ਤਥਾਂ ਦੇ ਨਾਲ ਰੱਖਿਆ ਜਾਵੇਗਾ। ਨਾਲ ਹੀ ਸਿੰਘ ਸਭਾਵਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਫਿਰ ਵੀ ਸਰਨਾ ਭਰਾਵਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਜਾਣ ਦੀ ਲੋੜ ਹੈ ਤਾਂ ਉਹ ਆਪਣੀ ਗੱਲ ਵੀ ਸਾਡੇ ਸਾਹਮਣੇ ਰੱਖ ਸਕਦੇ ਹਨ।
ਅੰਤਿ੍ਰੰਗ ਬੋਰਡ ਦੇ ਮੈਂਬਰਾਂ ਨੇ ਸਕੂਲਾਂ ਦੀ ਹੋਂਦ ਨੂੰ ਬਚਾਉਣ ਲਈ ਲੋੜ ਪੈਣ ਤੇ ਬੈਂਕ ਤੋਂ ਕ੍ਰੈਡਿਟ ਲਿਮਿਟ ਲੈਣ ਦਾ ਅਧਿਕਾਰ ਵੀ ਕਮੇਟੀ ਪ੍ਰਬੰਧਕਾਂ ਨੂੰ ਦਿੱਤਾ ਹੈ। ਇਸਦੇ ਨਾਲ ਹੀ ਅੰਤਿ੍ਰੰਗ ਬੋਰਡ ਨੇ ਸੁਪਰੀਮ ਕੋਰਟ ਵੱਲੋਂ 1984 ਸਿੱਖ ਕਤਲੇਆਮ ਦੇ ਖੋਲੇ ਗਏ 186 ਕੇਸਾਂ ਦੀ ਪੈਰਵੀ ਕਰਨ ਲਈ ਰਿਟਾਇਰਡ ਸਿੱਖ ਜਜਾਂ ਅਤੇ ਵਕੀਲਾਂ ਦੀ ਰਾਇ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਰਣਧੀਰ ਸਿੰਘ ਜੀ ਦੇ ਨਾਂ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਸੰਸਦ ਭਵਨ ਦੇ ਸਾਹਮਣੇ ਵਾਲੇ ਗੇਟ ਦਾ ਨਾਂ ਰਖਣ, ਜੰਗੇ ਆਜ਼ਾਦੀ ਦੀ ਲੜਾਈ ਦੇ ਅੰਦੋਲਨਾਂ ਦੇ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਰੱਖਣ ਸਣੇ ਸਰਦਾਰ ਜੱਸਾ ਸਿੰਘ ਆਹਲੂਵਾਲਿਆ ਦੀ ਸ਼ਤਾਬਦੀ ਕੌਮਾਂਤਰੀ ਪੱਧਰ ਤੇ ਮਨਾਉਣ ਵਰਗੇ ਕਈ ਵੱਡੇ ਮਸਲਿਆਂ ਨੂੰ ਪ੍ਰਵਾਨਗੀ ਦਿੱਤੀ।