ਲੁਧਿਆਣਾ – ਆਈ ਵੀ ਕਿੰਡਰ ਪਿੱਲਰ ਸਕੂਲ, ਬਰੇਵਾਲ ਰੋਡ ਵੱਲੋਂ ਨਵੇਂ ਸਕੂਲ ਦੀ ਸ਼ੁਰੁਆਤ ਦੇ ਉਦਘਾਟਨ ਸਮਾਰੋਹ ਮੌਕੇ ਕਰਵਾਏ ਗਏ ਕਿੰਡਜ਼ ਕਾਰਨੀਵਾਲ ਅਤੇ ਬੇਬੀ ਸੋਅ ਦੌਰਾਨ ਬੱਚਿਆਂ ਦੀ ਜ਼ਬਰਦਸਤ ਪੇਸ਼ਕਸ਼ ਵੇਖਣ ਨੂੰ ਮਿਲੀ। ਇਸ ਖ਼ੂਬਸੂਰਤ ਸਮਾਰੋਹ ‘ਚ ਲੁਧਿਆਣਾ ਭਰ ਤੋਂ ਤਿੰਨ ਸਾਲ ਤੋਂ ਵੱਧ ਉਮਰ ਦੇ ਬੱਚੇ ਅਤੇ ਉਨਾਂ ਦੇ ਮਾਪੇ ਸ਼ਾਮਿਲ ਹੋਏ। ਇਸ ਮੌਕੇ ਤੇ ਅਮਰੀਕਾ ਤੋਂ ਖਾਸ ਤੌਰ ਤੇ ਆਏ ਛੋਟੇ ਬੱਚਿਆਂ ਦੇ ਵਿਕਾਸ ਦੀ ਐਕਸਪਰਟ ਪ੍ਰੋ ਐਲਨ ਬੂਥ ਅਤੇ ਖਾਲਸਾ ਕਾਲਜ ਦੇ ਪ੍ਰਿਸੀਪਲ ਬਲਬੀਰ ਕੌਰ ਮੁੱਖ ਮਹਿਮਾਨ ਸਨ। ਜਦ ਕਿ ਸ੍ਰੀਮਤੀ ਪਰਮਜੀਤ ਕੌਰ ਸ਼ਿਵਾਲ ਅਤੇ ਸ੍ਰੀਮਤੀ ਮਮਤਾ ਆਸ਼ੂ ਖਾਸ ਮਹਿਮਾਨ ਸਨ।
ਸਕੂਲ ਦੇ ਡਾਇਰੈਕਟਰ ਵੰਦਨਾ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚਿਆਂ ‘ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ ਹੁੰਦੇ ਹਨ । ਜਦ ਕਿ ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚਿਆਂ ਅੰਦਰ ਬਚਪਨ ਤੋਂ ਹੀ ਆਤਮ-ਵਿਸ਼ਵਾਸ ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉਪਰ ਪ੍ਰਦਰਸ਼ਨ ਬੱਚਿਆਂ ਨੂੰ ਸੰਭਾਵੀ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪ੍ਰਦਾਨ ਕਰਦਾ ਹੈ। ਸਕੂਲ ਦੇ ਡਾਇਰੈਕਟਰ ਬਬੀਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਇਸ ਮੌਕੇ ਦੱਸਿਆਂ ਕਿ ਕਿੰਡਰ ਪਿੱਲਰ ਸਕੂਲ ਦੀ ਸਥਾਪਨਾ ਦਾ ਮੁੱਖ ਮੰਤਵ ਛੋਟੋ ਬੱਚਿਆਂ ਦੇ ਸੰਪੂਰਨ ਵਿਕਾਸ ਨੁੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਕਿ ਸਾਡੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਤੇ ਬਿਹਤਰੀਨ ਮੁਕਾਮ ਹਾਸਿਲ ਕਰ ਸਕਣ।
ਇਸ ਮੌਕੇ ਅਮਰੀਕਾ ਤੋਂ ਖਾਸ ਤੌਰ ਤੇ ਆਏ ਛੋਟੇ ਬੱਚਿਆਂ ਦੇ ਵਿਕਾਸ ਦੀ ਐਕਸਪਰਟ ਪ੍ਰੋ ਐਲਨ ਬੂਥ ਨੇ ਮਾਪਿਆਂ ਨੂੰ ਆਪਣੇ ਸੰਬੋਧਨ ਵਿਚ ਦੱਸਿਆ ਕਿ ਬੱਚੇ ਦੇ ਪਹਿਲੇ 2000 ਦਿਨ ਯਾਨੀ ਪਹਿਲੇ 6 ਸਾਲ ਵਿਚ ਜੋ ਦਿਮਾਗ ਪੂਰੀ ਤਰਾਂ ਵਿਕਸਤ ਹੋ ਜਾਂਦਾ ਹੈ ਉਹੀ ਤਮਾਮ ਉਮਰ ਨਾਲ ਚਲਦਾ ਹੈ। ਇਸ ਲਈ ਪਹਿਲੇ 6 ਸਾਲ ਹਰ ਬੱਚੇ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਪ੍ਰੋ ਐਲਨ ਬੂਥ ਨੇ ਪੱਛਮੀ ਦੇਸ਼ਾਂ ਅਤੇ ਭਾਰਤ ਦੇ ਪ੍ਰਾਇਮਰੀ ਸਿੱਖਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿਉਂ ਜੋ 6 ਸਾਲ ਤੱਕ ਬੱਚੇ ਦੇ ਦਿਮਾਗ ਦਾ ਸਚਾਰੂ ਰੂਪ ਵਿਚ ਵਿਕਾਸ ਹੋਣਾ ਜ਼ਰੂਰੀ ਹੈ ਇਸ ਲਈ ਅਮਰੀਕਾ ਸਮੇਤ ਪੱਛਮੀ ਸਮਾਜ ਵਿਚ ਕਿੰਡਰ ਗਾਰਡਨ ਦੀ ਪੜਾਈ ਵੱਲ ਵਧੇਰੇ ਧਿਆਨ ਦਿਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਬੱਚੇ ਲਈ ਪ੍ਰੀ ਨਰਸਰੀ ਅਤੇ ਕੇ.ਜੀ ਕਲਾਸ ਦੀ ਪੜਾਈ ਬਹੁਤ ਮਾਇਨੇ ਰੱਖਦੀ ਹੈ। ਇਸ ਦੇ ਉਲਟ ਭਾਰਤ ਵਿਚ ਖਾਸ ਕਰਕੇ ਉਤਰੀ ਭਾਰਤ ‘ਚ ਆਮ ਤੌਰ ਤੇ ਇਨ੍ਹਾਂ ਕਲਾਸਾਂ ਦੀ ਪੜਾਈ ਮੌਕੇ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ ਜਿਸ ਦੇ ਚਲਦਿਆਂ ਬੱਚੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਆਪਣਾ ਸਹੀ ਮੁਕਾਮ ਲੈਣ ਤੋਂ ਪੱਛੜ ਜਾਂਦੇ ਹਨ। ਪ੍ਰੋ. ਬੂਥ ਨੇ ਕਿਹਾ ਕਿ ਜੇਕਰ ਮਾਪੇ ਬੱਚਿਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਚਾਹੁਦੇਂ ਹਨ ਤਾਂ ਪ੍ਰੀ ਸਕੂਲ ਦੀ ਪੜਾਈ ਅਤੇ ਸੋਚ ਨੂੰ ਪੂਰੀ ਸਮਝਦਾਰੀ ਨਾਲ ਚੱਲਣਾ ਜ਼ਰੂਰੀ ਹੋ ਜਾਂਦਾ ਹੈ। ਇਸ ਮੌਕੇ ਤੇ ਪ੍ਰੋ ਬੂਥ ਨੇ ਇਕ ਚੰਗਾ ਮਾਂ ਬਾਪ ਦੇ ਗੁਰ ਵੀ ਮਾਪਿਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਈ ਮਾਪਿਆਂ ਵਲੋਂ ਉਨ੍ਹਾਂ ਦੇ ਬੱਚਿਆਂ ਸਬੰਧੀ ਸਵਾਲਾਂ ਦੇ ਜਵਾਬ ਵੀ ਦਿਤੇ।
ਇਸ ਬੇਬੀ ਸ਼ੋ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਇਕ ਪੈਡਟਰੀਸ਼ਅਨ ਡਾਕਟਰ ਅਤੇ ਡਾਈਟੀਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵੱਲੋਂ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਸਬੰਧੀ ਵਡਮੁੱਲੀ ਜਾਣਕਾਰੀ ਦਿਤੀ ਗਈ । ਸਮਾਰੋਹ ਦੇ ਅੰਤ ‘ਚ ਸਕੂਲ ਮੈਨਜ਼ਮੈਂਟ ਅਤੇ ਮੁੱਖ ਮਹਿਮਾਨ ਵੱਲੋਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ।