ਚੰਡੀਗੜ੍ਹ – “ਪੰਜਾਬ ਸੂਬੇ ਵਿਚ ਤਾਂ ਪੁਲਿਸ, ਫੋਰਸਾਂ, ਅਰਧ ਸੈਨਿਕ ਬਲਾਂ ਨੂੰ ਤਾਂ ਪਹਿਲੇ ਹੀ ਗੈਰ-ਕਾਨੂੰਨੀ ਢੰਗਾਂ ਰਾਹੀ ਸਿੱਖ ਨੌਜ਼ਵਾਨੀ ਨੂੰ ਅੱਤਵਾਦੀ, ਵੱਖਵਾਦੀ, ਗਰਮਦਲੀਏ ਅਤੇ ਸ਼ਰਾਰਤੀ ਅਨਸਰ ਦਾ ਨਾਮ ਦੇ ਕੇ ਜਾਨ ਤੋਂ ਮਾਰਨ ਦੇ ਅਮਲ ਹੁੰਦੇ ਆ ਰਹੇ ਹਨ । ਹੁਣ ਗੈਗਸਟਰ ਦਾ ਨਵਾਂ ਨਾਮ ਦੇ ਕੇ ਨੌਜ਼ਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਪਰ ਹੁਣ ਹਰਿਆਣਾ ਤੇ ਯੂਪੀ ਵਿਚ ਵੀ ਅਜਿਹੀਆ ਜ਼ਬਰ-ਜੁਲਮ ਕਰਨ ਦੀਆਂ ਕਾਰਵਾਈਆ ਹੋਣਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਦੀਆਂ ਧੱਜੀਆ ਉਡਾਉਣ ਦੇ ਬਰਾਬਰ ਅਮਲ ਹਨ । ਬੀਤੇ ਸਮੇਂ ਵਿਚ ਰਾਜਸਥਾਂਨ ਵਿਖੇ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਝੂਠੇ ਮੁਕਾਬਲੇ ਦਿਖਾਕੇ ਖ਼ਤਮ ਕਰ ਦਿੱਤਾ ਗਿਆ । ਬਠਿੰਡੇ ਵਿਖੇ ਮਨਪ੍ਰੀਤ ਮੰਨਾ, ਪ੍ਰਭਦੀਪ ਅਤੇ ਗੁਰਵਿੰਦਰ ਸਿੰਘ ਆਦਿ ਨੌਜ਼ਵਾਨਾਂ ਨੂੰ ਗੈਗਸਟਰ ਦੇ ਨਾਮ ਦੇ ਕੇ ਮਾਰ ਦਿੱਤਾ ਗਿਆ । ਹੁਣ ਇਹੋ ਅਮਲ ਯੂਪੀ ਅਤੇ ਹਰਿਆਣੇ ਵਿਚ ਵੀ ਸੁਰੂ ਹੋ ਗਏ ਹਨ । ਜੋ ਕਿ ਮਨੁੱਖੀ ਅਧਿਕਾਰਾਂ ਨੂੰ ਕੁੱਚਲਣ ਅਤੇ ਉਨ੍ਹਾਂ ਦੀ ਜਾਂਚ ਨੂੰ ਵੀ ਕਿਸੇ ਬੰਨੇ ਨਾ ਲਗਾਉਣ ਦੇ ਅਮਲ ਅਜਿਹੀਆ ਕਾਰਵਾਈਆ ਭੰਬਲਭੂਸੇ ਵਾਲੀਆ ਅਸਹਿ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ, ਹਰਿਆਣਾ, ਯੂਪੀ ਆਦਿ ਸੂਬਿਆਂ ਵਿਚ ਨੌਜ਼ਵਾਨੀ ਨੂੰ ਗੈਗਸਟਰ ਦੇ ਨਾਮ ਦੇ ਕੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਮਾਰ ਮੁਕਾਉਣ ਦੇ ਕੀਤੇ ਜਾ ਰਹੇ ਗੈਰ-ਕਾਨੂੰਨੀ ਅਮਲਾਂ ਦੀ ਅਤੇ ਪਾਈ ਗਈ ਮਨੁੱਖਤਾ ਵਿਰੋਧੀ ਪਿਰਤ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੇ ਹੋਏ ਕਤਲਾਂ ਦੀ ਜਾਂਚ ਸੀਮਤ ਸਮੇਂ ਵਿਚ ਨਿਰਪੱਖਤਾ ਨਾਲ ਕਰਨ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਵੀ ਇਸੇ ਤਰ੍ਹਾਂ ਨੌਜ਼ਵਾਨਾਂ ਨੂੰ ਫ਼ੌਜ ਅਤੇ ਬੀ.ਐਸ.ਐਫ. ਵੱਲੋਂ ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਮਾਰਿਆ ਜਾ ਰਿਹਾ ਹੈ । 1984 ਵਿਚ ਹੋਏ ਸਿੱਖ ਕਤਲੇਆਮ ਦੀ ਜਾਂਚ ਵੀ ਅੱਜ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ । 2000 ਵਿਚ ਚਿੱਠੀ ਸਿੰਘ ਪੁਰਾ ਕਸ਼ਮੀਰ ਵਿਚ 43 ਸਿੱਖਾਂ ਦੇ ਫ਼ੌਜ ਵੱਲੋ ਕੀਤੇ ਕਤਲੇਆਮ ਦੀ ਜਾਂਚ ਵੀ ਅੱਜ ਤੱਕ ਨਹੀਂ ਹੋਈ । ਫਿਰ 14 ਅਕਤੂਬਰ 2015 ਨੂੰ ਬਰਗਾੜੀ ਵਿਖੇ ਪੁਲਿਸ ਵੱਲੋਂ ਨਿਹੱਥੇ ਸਿੱਖਾਂ ਉਤੇ ਹਮਲਾ ਕਰਕੇ ਸ਼ਹੀਦ ਕੀਤੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਗੁਰਜੀਤ ਸਿੰਘ ਦੇ ਕਾਤਲਾਂ ਦੀ ਵੀ ਜਾਂਚ ਨਹੀਂ ਹੋਈ । ਭਾਈ ਜਸਪਾਲ ਸਿੰਘ ਚੌੜ ਸਿੱਧਵਾ, ਭਾਈ ਦਰਸ਼ਨ ਸਿੰਘ ਲੋਹਾਰਾ, ਭਾਈ ਜਗਜੀਤ ਸਿੰਘ ਜੰਮੂ, ਬਲਕਾਰ ਸਿੰਘ ਮੁੰਬਈ, ਹਰਵਿੰਦਰ ਸਿੰਘ ਡੱਬਵਾਲੀ, ਕਮਲਜੀਤ ਸਿੰਘ ਸੁਨਾਮ ਆਦਿ ਅਜਿਹੇ ਕਤਲਾਂ ਨਾਲ ਸੰਬੰਧਤ ਦੋਸ਼ੀਆਂ ਨੂੰ ਅੱਜ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ । ਬਲਕਿ ਅਜਿਹੀਆ ਜਾਚਾਂ ਨੂੰ ਜਾਣਬੁੱਝ ਕੇ ਭੰਬਲਭੂਸੇ ਵਿਚ ਰੱਖਕੇ ਇਨਸਾਫ਼ ਦੇਣ ਤੋਂ ਮੂੰਹ ਮੋੜਨ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਜੋ ਹੋਰ ਵੀ ਵੱਡੀ ਬੇਇਨਸਾਫ਼ੀ ਅਤੇ ਵਿਤਕਰੇ ਵਾਲੇ ਅਮਲ ਹਨ ।