ਰੋਡੇ / ਮੋਗਾ – ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਾਵਨ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਉਦਘਾਟਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ‘ਚ ਆਮ ਮੁਹਾਰੇ ਪਹੁੰਚੀ ਸੰਗਤ ਨੇ ਕੀਤੇ ਪ੍ਰਬੰਧ ਫਿੱਕੇ ਪਾ ਦਿੱਤੇ ਹਨ। ਨੌਜਵਾਨਾਂ ਦਾ ਜੋਸ਼ ਦੇਖਿਆ ਹੀ ਬਣਦਾ ਸੀ। ਕੇਸਰੀ ਝੰਡਿਆਂ ਅਤੇ ਸਜਾਵਟੀ ਲੜੀਆਂ ਨਾਲ ਸਜਾਇਆ ਗਿਆ ਹੋਣ ਕਾਰਨ ਪੂਰਾ ਨਗਰ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਸੀ।
ਸਵੇਰੇ ੯ ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅਰਦਾਸ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਕਰਦਿਆਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਗਤ ਦੀ ਸਾਂਝ ਪਵਾਈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਸਟੇਡੀਅਮ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਦੌਰਾਨ ਸੰਤ ਭਿੰਡਰਾਂਵਾਲਿਆਂ ਦੇ ਪਰ ਉਪਕਾਰਾਂ ਦੀ ਗਲ ਕਰਦਿਆਂ ਭਾਵੁਕ ਹੋ ਗਏ। ਗੁ: ਸਾਹਿਬ ਦੀ ਉੱਸਾਰੀ ‘ਚ ਯੋਗਦਾਨ ਪਾਉਣ ਲਈ ਸੰਗਤ ਦਾ ਰੋਮ ਰੋਮ ਧੰਨਵਾਦ ਕੀਤਾ।ਉਹ ਹਮੇਸ਼ਾਂ ਇਸ ਧਰਤੀ ਨੂੰ ਨਤਮਸਤਕ ਹੁੰਦੇ ਰਹਿਣਗੇ।ਉਹਨਾਂ ਕਿਹਾ ਕਿ ਮਹਾਨ ਯੋਧੇ ਦੇ ਜਨਮ ਅਸਥਾਨ ਦੀ ਉੱਸਾਰੀ ‘ਤੇ ਅੱਜ ਪੰਥ ਅੰਦਰ ਖੁਸ਼ੀ ਅਤੇ ਪ੍ਰਸੰਨਤਾ ਹੈ। ਉਹਨਾਂ ਕਿਹਾ ਕਿ ਸੰਗਤ ਨੇ ਭਾਰੀ ਗਿਣਤੀ ‘ਚ ਅੱਜ ਦੇ ਸਮਾਗਮਾਂ ‘ਚ ਹਿੱਸਾ ਲੈ ਕੇ ਕੌਮੀ ਏਕਤਾ ਦਾ ਦੁਨੀਆ ਨੂੰ ਸੁਨੇਹਾ ਦਿੱਤਾ ਹੈ। ਉਹਨਾਂ ਪਿੰਡ ਰੋਡੇ ਵਿਖੇ ਹਰ ਸਾਲ ੨ ਜੂਨ ਨੂੰ ਸੰਤਾਂ ਦਾ ਜਨਮ ਦਿਹਾੜਾ ਅਤੇ ੨੨ ਫਰਵਰੀ ਨੂੰ ਸੰਤਾ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ। ਉਹਨਾਂ ਸੰਤ ਭਿੰਡਰਾਂਵਾਲਿਆਂ ਦੇ ਜੀਵਨ ਨਾਲ ਸੰਬੰਧਿਤ ਕਈ ਅਹਿਮ ਪੱਖਾਂ ‘ਤੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਸੰਤਾਂ ਨੇ ਕੌਮ ਦੀ ਬਤੌਰ ਜਰਨੈਲ ਅਗਵਾਈ ਕਰਦਿਆਂ ਜਬਰ ਜ਼ੁਲਮ ਖ਼ਿਲਾਫ਼ ਸੰਘਰਸ਼ ਕੀਤਾ। ਸ੍ਰੀ ਦਰਬਾਰ ਸਾਹਿਬ ‘ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਹਨਾਂ ਜਾਨ ਬਚੇ ਜਾਂ ਨਾ ਬਚੇ ਸ਼ਾਨ ਸਲਾਮਤ ਰਹਿਣੀ ਚਾਹੀਦੀ ਹੈ ‘ਤੇ ਪਹਿਰਾ ਦਿੱਤਾ ਅਤੇ ਜੂਝਦਿਆਂ ਆਪਣੇ ਸਾਥੀ ਸਿੰਘਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਸ਼ਹਾਦਤ ਦਿੱਤੀ।ਬਾਬਾ ਹਰਨਾਮ ਸਿੰਘ ਨੇ ਸੰਤ ਭਿੰਡਰਾਂਵਾਲਿਆਂ ਨਾਲ ਬਿਤਾਏ ਬੀਤੇ ਪਲਾਂ ਪ੍ਰਤੀ ਸੰਗਤ ਨੂੰ ਜਾਣੂ ਕਰਾਉਂਦਿਆਂ ਕਿਹਾ ਕਿ ਉਹਨਾਂ ਸੰਤਾਂ ਨੂੰ ਕਦੀ ਸੁੱਤਿਆਂ ਨਹੀਂ ਦੇਖਿਆ, ਸੰਤ ਜੀ ਜਾਂ ਤਾਂ ਸਿਮਰਨ ‘ਚ ਲੀਨ ਪਾਏ ਗਏ ਜਾਂ ਫਿਰ ਕਿਸੇ ਨਾ ਕਿਸੇ ਪੰਥਕ ਕਾਰਜ ਨੂੰ ਸਮਰਪਿਤ ਦੇਖੇ ਗਏ।
ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਘਰ ਘਰ ਸ਼ਸਤਰ ਰੱਖਣ ਦੀ ਵੀ ਅਪੀਲ ਕੀਤੀ। ਉਹਨਾਂ ਦਮਦਮੀ ਟਕਸਾਲ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਕਰਾਰ ਦਿੱਤਾ ਤੇ ਕਿਹਾ ਕਿ ਦਮਦਮੀ ਟਕਸਾਲ ਦੀ ਮਜ਼ਬੂਤੀ ਹੀ ਪੰਥ ਦੀ ਮਜ਼ਬੂਤੀ ਹੈ।ਟਕਸਾਲ ਨੇ ਮਹਾਨ ਸ਼ਹਾਦਤਾਂ ਨੇ ਨਹੀਂ ਦਿੱਤਿਆਂ ਸਗੋਂ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ‘ਚ ਵੀ ਮੋਹਰੀ ਰਹੀ। ਉਹਨਾਂ ਟਕਸਾਲ ਨੂੰ ਸੀਨੇਬਸੀਨੇ ਚਲੀ ਆ ਰਹੀ ਗੁਰਬਾਣੀ ਦੇ ਅਰਥਾਂ ਦੀ ਕਥਾ ਨੂੰ ਜਲਦ ਸੰਪੂਰਨ ਕਰਨ ਦੀ ਅਪੀਲ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥਕ ਸੇਵਾ ‘ਚ ਨਿਭਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਸ਼ਹਾਦਤ ਨਾ ਹੁੰਦੀ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ। ਉਹਨਾਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਕੀਤੇ ਜਾਣ ‘ਤੇ ਸਵਾਲ ਉਠਾਇਆ ਕਿ ਕੀ ਅਜਿਹੇ ਕਾਲੇ ਕਾਨੂੰਨ ਸਿਰਫ਼ ਸਿੱਖਾਂ ਲਈ ਹੀ ਕਿਉਂ ਹਨ।
ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਜੀ ਨੇ ਸਿੱਖ ਸੰਗਤਾਂ ਨੂੰ ਕੁਰੀਤੀਆਂ ਨਾਲੋਂ ਤੋੜ ਕੇ ਸਿੱਖੀ ਰਵਾਇਤਾਂ ਨਾਲ ਜੋੜਿਆ। ਉਨ੍ਹਾਂ ਜੂਨ ‘੮੪ ‘ਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਨੂੰ ਸਿਆਸਤ ਤੋਂ ਪ੍ਰੇਰਤ ਦੱਸਿਆ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਵੋਟ ਰਾਜਨੀਤੀ ਖ਼ਾਤਰ ਘਟ ਗਿਣਤੀ ਸਿੱਖਾਂ ‘ਤੇ ਹਮਲ ਕਰਦਿਆਂ ਅਜਿਹਾ ਮਾਹੌਲ ਸਿਰਜਿਆ ਜਿਸ ਨਾਲ ਬਹੁ ਗਿਣਤੀਆਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ। ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ‘ਤੇ ਦੁਖ ਅਤੇ ਰੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਅਤੇ ਕਿਹਾ ਕਿ ਕੀ ਉਹਨਾਂ ਨੂੰ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਕਦੀ ਨਹੀਂ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਅਤੇ ਸਿੱਖ ਹਿਤਾਂ ਲਈ ਲੜਾਈ ਲੜੀ ਹੈ।
ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਨੇ ਸੰਤਾਂ ਦੇ ਜੀਵਨ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸੰਤ ਜੀ ਟਕਸਾਲ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਪਹਿਲਾਂ ਆਮ ਇਨਸਾਨ ਦੀ ਤਰਾਂ ਖੇਤੀਬਾੜੀ ਦਾ ਪਰਿਵਾਰ ਕੰਮ ਕਰਦੇ ਹੋਏ ਵੀ ਬਾਣੀ ਅਤੇ ਬਾਣੇ ਪ੍ਰਤੀ ਪਰਪੱਕਤਾ ਨੂੰ ਪਹਿਲ ਦਿੰਦੇ ਸਨ।ਉਹਨਾਂ ਸੰਤ ਜੀ ਦੀ ਦਿਆਲਤਾ ਅਤੇ ਨਰਮ ਸੁਭਾਅ ਦੀ ਗਲ ਕਰਦਿਆਂ ਦੱਸਿਆ ਕਿ ਉਹ ਹਿੰਦੂ ਪਰਿਵਾਰਾਂ ਨੂੰ ਦਰਪੇਸ਼ ਸਮਾਜਿਕ ਅਤੇ ਪਰਿਵਾਰਕ ਮਸਲਿਆਂ ਨੂੰ ਸੁਲਝਾਉਣ ਲਈ ਹਮੇਸ਼ਾਂ ਤਤਪਰ ਰਹੇ। ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਮੇਤ ਹਾਜ਼ਰ ਸਾਰੇ ਸਿੰਘ ਸਾਹਿਬਾਨਾਂ ਨੇ ਪੰਥਕ ਯੋਗਦਾਨ ਲਈ ਬਾਬਾ ਹਰਨਾਮ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਬੱਬਰ ਖ਼ਾਲਸਾ ਦੇ ਮੁਖੀ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਬੱਬਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਭ ਸੰਗਤਾਂ ਨੂੰ ਫ਼ਤਿਹ ਬੁਲਾਈ ਗਈ।