ਅਲਸੀ ਦੇ ਫੁੱਲ ਵਰਗੀ,ਚੁੰਨੀ ਉੱਡਦੀ ਹਵਾ ਵਿਚ ਤੇਰੀ।
ਨੀ ਕੁੜੀਏ ਪੰਜਾਬ ਦੀਏ, ਗੱਲ ਸੁਣ ਜਾ ਖਲੋ ਕੇ ਮੇਰੀ।
ਤੇਰੇ ਤੋਂ ਵੀ ਸੋਹਣਾ ਤੇਰਾ ਰੂਪ ਨੀ ਪੰਜਾਬਣੇ।
ਮਾਝੇ ਦੀਏ ਜੱਟੀਏ ਨੀ ਕੁੜੀਏ ਦੁਆਬਣੇ।
ਮੁੰਡਿਆਂ ਦੇ ਸਾਹ ਸੁੱਕਦੇ,
ਜਦੋਂ ਲਉਂਨੀ ਏਂ ਗਿੱਧੇ ਵਿਚ ਗੇੜੀ।
ਅਲਸੀ ਦੇ ਫੁੱਲ ਵਰਗੀ,
ਚੁੰਨੀ ਉੱਡਦੀ ਹਵਾ ਵਿਚ ਤੇਰੀ।
ਅੱਖੀਆਂ ਬਲੌਰੀ ਤੇਰਾ ਤੀਰੋਂ ਤਿੱਖਾ ਨੱਕ ਨੀ।
ਧੌਣ ਸੁਰਾਹੀ ਜਿਹੀ ਪਤਲਾ ਹੈ ਲੱਕ ਨੀ।
ਤੀਆਂ ‘ਚ ਪੀਂਘ ਝੂਟਦੀ,
ਜਿਉਂ ਚੜ੍ਹਦੀ ਏ ਸਉਣ ਦੀ ਹਨੇਰੀ।
ਅਲਸੀ ਦੇ ਫੁੱਲ ਵਰਗੀ,
ਚੁੰਨੀ ਉੱਡਦੀ ਹਵਾ ਵਿਚ ਤੇਰੀ।
ਨਖ਼ਰਾ ਅਜੀਬ ਤੇਰਾ ਮੋਤੀਆਂ ਜਿਹੇ ਦੰਦ ਨੀ।
ਮਿੱਠੇ-ਮਿੱਠੇ ਬੋਲ ਜਿਉਂ ਕੁੜੀ ਗੁਲਕੰਦ ਨੀ।
ਨਿੱਕੇ-ਨਿੱਕੇ ਮੁੰਡੇ ਆਖਦੇ,
ਕੁੜੇ ਮੁੱਖੜਾ ਦਿਖਾ ਜਾ ਇਕ ਵੇਰੀ।
ਅਲਸੀ ਦੇ ਫੁੱਲ ਵਰਗੀ,
ਚੁੰਨੀ ਉੱਡਦੀ ਹਵਾ ਵਿਚ ਤੇਰੀ।
‘ਨੋਸ਼ਹਿਰੇ ਵਾਲਾ ਸੁਹਲ’ਤੇਰੇ ਲਿਖਦਾ ਹੈ ਗੀਤ ਨੀ।
ਗਿੱਧੇ ਅਤੇ ਬੋਲੀਆਂ ਪੰਜਾਬਣਾ ਦੀ ਰੀਤ ਨੀ।
ਜੱਗ ਵਿਚ ਧੁੰਮਾਂ ਪੈ ਗਈਆਂ,
ਅੱਜ ਨੱਢ੍ਹੀਆਂ ਦੀ ਵੇਖ ਕੇ ਦਲੇਰੀ।
ਅਲਸੀ ਦੇ ਫੁੱਲ ਵਰਗੀ,
ਚੁੰਨੀ ਉਡਦੀ ਹਵਾ ਵਿਚ ਤੇਰੀ।
ਨੀ ਕੁੜੀਏ ਪੰਜਾਬ ਦੀਏ,
ਗੱਲ ਸੁਣ ਜਾ ਖਲੋ ਕੇ ਮੇਰੀ।