ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਅਧੀਨ ਪੈਂਦੇ ਪਿੰਡ ਬਨਭੌਰੀ ਦੇ ਵਸਨੀਕ ਭਰਪੂਰ ਸਿੰਘ ਦੇ ਦੁੱਖਾਂ ਤਕਲੀਫ਼ਾਂ ਦੀ ਦਾਸਤਾਨ ਸੁਣ ਕੇ ਹਰ ਅੱਖ ਨਮ ਹੋ ਜਾਂਦੀ ਹੈ। ਪੇਸ਼ੇ ਵਜੋਂ ਪੱਤਰਕਾਰ ਰਹੇ ਭਰਪੂਰ ਸਿੰਘ ਬਨਭੌਰੀ ਨੇ ਹਮੇਸ਼ਾ ਸੱਚ ’ਤੇ ਪਹਿਰਾ ਦਿੰਦਿਆਂ ਕਦੇ ਵੀ ਪੈਸੇ ਨੂੰ ਮਹੱਤਤਾ ਨਹੀਂ ਦਿੱਤੀ ਸਗੋਂ ਲੋਕ ਹਿਤਾਂ ਦੀ ਰਾਖੀ ਕਰਦਿਆਂ ਨਿਰਪੱਖ ਰਹਿ ਕੇ ਪੱਤਰਕਾਰੀ ਕੀਤੀ, ਜਿਸ ਕਰਕੇ ਕਈ ਵਾਰ ਭਰਪੂਰ ਸਿੰਘ ਨੂੰ ਅਦਾਲਤੀ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ। ਪੰਜਾਬੀ ਦੇ ਨਾਮਵਰ ਅਖ਼ਬਾਰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਅਜੀਤ ਜਿਹੇ ਵੱਕਾਰੀ ਅਖ਼ਬਾਰਾਂ ਨਾਲ ਕਈ ਦਹਾਕੇ ਕੰਮ ਕਰਨ ਦੇ ਬਾਵਜੂਦ ਵੀ ਉਸਦੀ ਸਾਂਝ ਗਰੀਬੀ ਨਾਲ ਸਦਾ ਬਰਕਰਾਰ ਰਹੀ। ਭਰਪੂਰ ਸਿੰਘ ਉਸ ਸਮੇਂ ਪ੍ਰਸਿੱਧ ਪੱਤਰਕਾਰ ਰਿਹਾ, ਜਦੋਂ ਪੱਤਰਕਾਰੀ ਦੇ ਖੇਤਰ ਵਿੱਚ ਵਿਰਲੇ ਟਾਂਵੇਂ ਲੋਕ ਕਾਰਜਸ਼ੀਲ ਸਨ ਪਰ ਫਿਰ ਵੀ ਉਸ ਨੇ ਹਮੇਸ਼ਾ ਲੋਕ ਮਸਲਿਆਂ ਲਈ ਪੱਤਰਕਾਰੀ ਕੀਤੀ। ਲੋਕ ਹਿਤਾਂ ਦੀ ਰਾਖੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਨਾਲ ਨਿਰਪੱਖ ਅਤੇ ਨਿਡਰ ਕਵਰੇਜ ਕਰਕੇ ਟਕਰਾਅ ਵੀ ਰਿਹਾ ਅਤੇ ਕਈ ਵਾਰ ਧਮਕੀਆਂ ਵੀ ਮਿਲੀਆਂ। ਕੇਦਰ ਸਰਕਾਰ ਵੱਲੋਂ ਅਪ੍ਰੇਸਨ ਬਲਿਊ ਸਟਾਰ ਸਮੇਂ ਭਰਪੂਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਵਿਰੋਧ ਵਿੱਚ ਹੱਥ ਲਿਖਤ ਪੋਸਟਰ ਸਾਈਕਲ ’ਤੇ ਸੈਂਕੜੇ ਪਿੰਡਾਂ ਵਿੱਚ ਲਗਾਉਂਦਾ ਰਿਹਾ ਅਤੇ ਫੜੇ ਜਾਣ ਤੇ ਕਈ ਦਿਨ ਜੇਲ੍ਹ ਵਿੱਚ ਵੀ ਰਿਹਾ। ਭਰਪੂਰ ਸਿੰਘ ਦਾ ਇਕਲੌਤਾ ਬੇਟਾ ਇੱਕਜੋਤ ਸਿੰਘ, ਜੋ ਕਿ ਅੰਮ੍ਰਿਤਧਾਰੀ ਸੀ ਸਾਲ 2015 ਦੌਰਾਨ ਬਲੱਡ ਕੈਂਸਰ ਦੀ ਬਿਮਾਰੀ ਨਾਲ ਇਸ ਫਾਨੀ ਸੰਸਾਰ ਤੋਂ ਸਦਾ ਲਈ ਚਲਿਆ ਗਿਆ। ਆਪਣੇ ਬੇਟੇ ਇਕਜੋਤ ਸਿੰਘ ਦੇ ਇਲਾਜ ਲਈ 18 ਲੱਖ ਰੂਪੈ ਖ਼ਰਚ ਕੀਤੇ, ਜਿਸ ਵਿੱਚ 1 ਲੱਖ 50 ਹਜਾਰ ਰੂਪੈ ਪੰਜਾਬ ਸਰਕਾਰ ਅਤੇ 20 ਹਜਾਰ ਰੂਪੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਦਿੱਤੇ ਗਏ ਜਦਕਿ ਕੁੱਝ ਸਹਿਯੋਗ ਸਮਾਜਸੇਵੀ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ ਪਰ ਫਿਰ ਵੀ ਭਰਪੂਰ ਸਿੰਘ ਪੰਜ ਲੱਖ ਰੂਪੈ ਦਾ ਕਰਜ਼ਾਈ ਹੋ ਗਿਆ। ਇਹ ਕਰਜ਼ਾ ਮੋੜਨ ਤੋਂ ਅਸਮਰਥ ਭਰਪੂਰ ਸਿੰਘ ਹੁਣ ਬੇਵੱਸ ਅਤੇ ਲਾਚਾਰ ਹੈ। ਪੁੱਤ ਦੀ ਮੌਤ ਤੋਂ ਬਾਅਦ ਬੁਰੀ ਤਰਾਂ ਟੁੱਟ ਚੁੱਕੇ ਇਸ ਬਾਪ ਅੱਗੇ ਬੇਟੇ ਦੇ ਇਲਾਜ ਲਈ ਲਿਆ ਕਰਜ਼ਾ ਮੂੰਹ ਅੱਡੀ ਖੜਾ ਹੈ। ਇਸ ਸਬੰਧੀ ਭਰਪੂਰ ਸਿੰਘ ਬੜੇ ਹੀ ਭਰੇ ਮਨ ਨਾਲ ਆਖਦਾ ਹੈ ਕਿ ‘‘ਉਸ ਨੇ ਆਪਣੇ ਅੰਮ੍ਰਿਤਧਾਰੀ ਪੁੱਤ ਨੂੰ ਬਚਾਉਣ ਲਈ ਦਰ ਦਰ ਫ਼ਰਿਆਦ ਕਰਕੇ ਪੀਜੀਆਈ ਚੰਡੀਗੜ੍ਹ ਤੋਂ ਲਗਾਤਾਰ ਢਾਈ ਸਾਲ ਮਹਿੰਗਾ ਇਲਾਜ ਕਰਵਾਇਆ ਪਰ ਉਸ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ । ਹੁਣ ਉਸ ਦੇ ਸਿਰ ਪੰਜ ਲੱਖ ਰੂਪੈ ਦਾ ਕਰਜ ਹੈ ਪਰ ਇਸ ਕਰਜ ਤੋਂ ਮੁਕਤ ਹੋਣ ਦਾ ਰਾਹ ਕੋਈ ਨਹੀਂ ਹੈ। ਉਸਦੀ ਅੰਮ੍ਰਿਤਧਾਰੀ ਪਤਨੀ ਸ੍ਰੀਮਤੀ ਸਰਬਜੀਤ ਕੌਰ ਨੂੰ ਹੁਣ ਸਿਰਫ਼ ਰੱਬ ਆਸਰੇ ਹੀ ਆਪਣੇ ਹਨੇਰੇ ਭਵਿੱਖ ਵਿੱਚ ਕਿਸੇ ਚਾਨਣ ਦੀ ਕਿਰਨ ਦਾ ਇੰਤਜ਼ਾਰ ਹੈ। ਇਸ ਪਰਿਵਾਰ ਦੇ ਸਿਰਫ਼ ਇੱਕ ਵਿਸਵੇ ਵਿੱਚ ਬਣੇ ਘਰ ਬੇਹੱਦ ਤਰਸਯੋਗ ਹਾਲਤ ਵਿੱਚ ਹੈ ਅਤੇ ਘਰ ਦੀਆਂ ਦੀਵਾਰਾਂ ਵਗ਼ੈਰਾ ਵਿੱਚ ਵੀ ਤਰੇੜਾਂ ਆ ਚੁੱਕੀਆਂ ਹਨ। ਇਸ ਬਜ਼ੁਰਗ ਪਤੀ ਪਤਨੀ ਦੀ ਸਾਂਭ ਸੰਭਾਲ ਕਰਨ ਵਾਲਾ ਇਕਲੌਤਾ ਪੁੱਤ ਇਕਜੋਤ ਦੇ ਜਾਣ ਤੋਂ ਬਾਅਦ ਹੁਣ 11 ਸਾਲਾ ਇੱਕ ਭਾਣਜਾ, ਜੋ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜਦਾ ਹੈ, ਇਨ੍ਹਾਂ ਨਾਲ ਰਹਿ ਰਿਹਾ ਹੈ। ਕੋਈ ਦਾਨੀ ਸੱਜਣ ਜਾਂ ਸਮਾਜਸੇਵੀ ਸੰਸਥਾ ਇਸ ਪਰਿਵਾਰ ਨੂੰ ਰਾਸ਼ਨ ਦੇ ਦਿੰਦੀ ਹੈ ਜਿਸ ਕਰਕੇ ਇਸ ਪਰਿਵਾਰ ਦਾ ਚੁੱਲ੍ਹਾ ਤਪਦਾ ਹੈ। ਦੇਸ ਵਿਦੇਸ਼ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਅਪੀਲ ਹੈ ਹੈ ਕਿ ਇਸ ਪਰਿਵਾਰ ਲਈ ਹਾਅ ਦਾ ਨਾਅਰਾ ਮਾਰਿਆ ਜਾਵੇ। ਵਧੇਰੇ ਜਾਣਕਾਰੀ ਲਈ ਭਰਪੂਰ ਸਿੰਘ ਬਨਭੌਰੀ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 93562ਖ਼68260’ਤੇ ਸੰਪਰਕ ਕੀਤਾ ਜਾ ਸਕਦਾ ਹੈ।