ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਖਾਲਿਸਤਾਨ ਦੇ ਮੁੱਦੇ ਨਾਲ ਜੋੜਨ ਦੇ ਪਿੱਛੇ ਭਾਰਤੀ ਸੁਰੱਖਿਆ ਏਜੰਸੀਆਂ, ਚੁਨਿੰਦਾ ਮੀਡੀਆ ਅਦਾਰੇ ਅਤੇ ਸਾਬਕਾ ਖਾੜਕੂ ਜਸਪਾਲ ਸਿੰਘ ਅਟਵਾਲ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀਤਾ। ਜੀ।ਕੇ। ਨੇ ਦੋਸ਼ ਲਾਇਆ ਕਿ ਦੇਸ਼ ’ਚ ਸਿੱਖਾਂ ਦੇ ਲਈ ਦੋ ਕਾਨੂੰਨ ਕੰਮ ਕਰ ਰਹੇ ਹਨ। ਸਿੱਖਾਂ ਨੂੰ ਹੋਰਨਾਂ ਲੋਕਾਂ ਤੋਂ ਵੱਖ ਨਜ਼ਰ ਨਾਲ ਵੇਖਣ ਦਾ ਰੁਝਾਨ ਚਲ ਰਿਹਾ ਹੈ। ਸਿੱਖਾਂ ਨੂੰ ਭਾਰਤੀ ਹੋਣ ’ਤੇ ਮਾਨ ਹੈ ਪਰ ਕੁਝ ਸਿੱਖ ਵਿਰੋਧੀ ਤਾਕਤਾਂ ਵਿਦੇਸ਼ੀ ਸਿੱਖਾਂ ਦੀ ਤਰੱਕੀ ਨੂੰ ਪੱਚਾ ਨਹੀਂ ਪਾ ਰਹੀਆਂ ਹਨ। ਜਿਸਦੇ ਕਾਰਨ ਬਕਸੇ ’ਚ ਬੰਦ ਪਏ ਖਾਲਿਸਤਾਨ ਦੇ ਮੁੱਦੇ ਦਾ ਇਸਤੇਮਾਲ ਕਰਕੇ ਲੋਕਾਂ ਦਾ ਧਿਆਨ ਰਾਸ਼ਟਰਵਾਦ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੀ. ਕੇ. ਨੇ ਟਰੂਡੋ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਦੇ ਹੋਏ ਅਪਮਾਨ ਲਈ ਸਿੱਖਾਂ ਦੇ ਚੁਣੇ ਹੋਏ ਨੁਮਾਂਇੰਦੇ ਦੇ ਤੌਰ ’ਤੇ ਸਮੂਹ ਸਿੱਖਾਂ ਵੱਲੋਂ ਟਰੂਡੋ ਤੋਂ ਮੁਆਫੀ ਵੀ ਮੰਗੀ। ਜੀ. ਕੇ. ਨੇ ਕਿਹਾ ਕਿ ਅਸਾਂ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਸਿੱਖਾਂ ਨੂੰ ਆਪਣੇ ਇੱਥੇ ਰੁਜ਼ਗਾਰ ਅਤੇ ਸਨਮਾਨ ਦੇਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਸਾਡੇ ਦੇਸ਼ ’ਚ ਅਜਿਹਾ ਵਿਵਹਾਰ ਹੋਵੇਗਾ। ਇੱਕ ਪਾਸੇ ਤਾਂ ਦੇਸ਼ ਦੀ ਸਰਹਦ ’ਤੇ ਗੋਲੀਬਾਰੀ ਕਰਨ ਵਾਲੇ ਪਾਕਿਸਤਾਨ ਨਾਲ ਮਿੱਤਰਤਾ ਨਿਭਾਉਣ ਲਈ ਪ੍ਰਧਾਨਮੰਤਰੀ ਬਿਨਾ ਬੁਲਾਏ ਮਿਹਮਾਨ ਦੇ ਰੂਪ ’ਚ ਪਾਕਿਸਤਾਨ ਚਲੇ ਜਾਂਦੇ ਹਨ ਅਤੇ ਡੋਕਲਾਮ ’ਚ ਅੱਖ ਵਿਖਾਉਣ ਵਾਲੇ ਚੀਨ ਦੇ ਰਾਸ਼ਟਰਪਤੀ ਨੂੰ ਵੀ ਗੁਜਰਾਤ ’ਚ ਪੰਘੂੜਾ ਝੁਲਾਉਂਦੇ ਹਨ। ਪਰੰਤੂ ਸਿੱਖਾਂ ਨੂੰ ਵਿਦੇਸ਼ੀ ਧਰਤੀ ’ਤੇ ਸਨਮਾਨ ਦੇਣ ਵਾਲੇ ਟਰੂਡੋ ਦੇ ਭਾਰਤ ਦੌਰੇ ਨੂੰ ਖਰਾਬ ਕਰਨ ਦੀ ਹੜਬੜੀ ’ਚ ਸੁਰੱਖਿਆ ਏਜੰਸੀਆਂ ਖੁਦ ਹੀ ਬੇਨਕਾਬ ਹੋ ਜਾਂਦੀਆਂ ਹਨ।
ਆਪਣੇ ਦਾਅਵੇ ਦੇ ਸੰਬੰਧ ’ਚ ਜੀ. ਕੇ. ਨੇ ਕਿਹਾ ਕਿ ਕੱਲ ਉਨ੍ਹਾਂ ਦੀ ਅਗਸਤ 2017 ’ਚ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਅਟਵਾਲ ਦੇ ਨਾਲ ਹੋਈ ਮੁਲਾਕਾਤ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਸਾਨੂੰ ਜਾਣਕਾਰੀ ਸੀ ਕਿ ਜੁਲਾਈ 2017 ’ਚ ਅਟਵਾਲ ਅਤੇ ਹੋਰਨਾਂ ਦੇ ਨਾਂ ਭਾਰਤ ਸਰਕਾਰ ਨੇ ਕਾਲੀ ਸੂਚੀ ਤੋਂ ਹਟਾਏ ਸਨ। ਜਿਸ ’ਚ ਦਿੱਲੀ ਕਮੇਟੀ ਨੇ ਵੱਡੀ ਭੂਮਿਕਾ ਨਿਭਾਈ ਸੀ। ਜਿਸਦਾ ਧੰਨਵਾਦ ਕਰਨ ਲਈ ਅਟਵਾਲ ਉਨ੍ਹਾਂ ਨੂੰ ਮਿਲਣ ਲਈ ਆਏ ਸੀ। ਪਰੰਤੂ ਅਟਵਾਲ ਦੇ ਨਾਲ ਮੇਰੀ ਫੋਟੋ ਵਾਇਰਲ ਕਰਨ ਦੇ ਪਿੱਛੇ ਕਿਸੀ ਦਾ ਕੀ ਮਕਸਦ ਹੋ ਸਕਦਾ ਹੈ, ਇਸੇ ਸੋਚ ਦੇ ਨਾਲ ਜਦੋਂ ਅਸੀਂ ਜਾਂਚ ਕੀਤੀ ਤਾਂ ਬਹੁਤ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ।
ਜੀ. ਕੇ. ਨੇ ਦੱਸਿਆ ਕਿ ਸਾਡੀ ਜਾਂਚ ’ਚ ਸਾਹਮਣੇ ਆਇਆ ਕਿ ਅਟਵਾਲ ਨੇ 11 ਫਰਵਰੀ 2016 ਨੂੰ ਆਪਣੇ ਫੇਸਬੁੱਕ ਪੇਜ ’ਤੇ ਭਾਜਪਾ ਦੇ ਕੌਮੀ ਬੁਲਾਰੇ ਅਤੇ ਭਾਰਤ ਸਰਕਾਰ ਦੇ ਅਧਿਕਾਰਿਕ ਪ੍ਰਤਿਨਿਧੀ ਨਲਿਨ ਕੋਹਲੀ ਦੇ ਕੈਨੇਡਾ ਦੇ ਰੋਡੀਓ ‘‘ਮੀਡੀਆ ਵੈਬਸ’’ ਤੇ ਚਰਚਾ ’ਚ ਮਹਿਮਾਨ ਦੇ ਤੌਰ ਤੇ ਭਾਗ ਲੈਣ ਦੀ ਪੋਸਟ ਪਾਈ ਸੀ। ਇਸਦੇ ਬਾਅਦ 1 ਫਰਵਰੀ 2017 ਨੂੰ ਅਟਵਾਲ ਦਿੱਲੀ ’ਚ ਸੀ। ਜਿਸਦੀ ਤਸਦੀਕ ਉਸਦਾ ਫੇਸਬੁੱਕ ਐਕਾਉਂਟ ਕਰ ਰਿਹਾ ਹੈ। ਜਿਸ ’ਤੇ ਉਸਨੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ, ਲਾਲ ਕਿਲਾ, ਪੰਜ ਸਿਤਾਰਾ ਹੋਟਲ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਖੜੇ ਹੋ ਕੇ ਖਿੱਚਵਾਈਆ ਆਪਣੀ ਤਸਵੀਰਾਂ ਨੂੰ ਅਪਲੋਡ ਕੀਤਾ ਹੈ। ਇਸਦੇ ਬਾਅਦ ਜੁਲਾਈ 2017 ਨੂੰ ਅਟਵਾਲ ਫਿਰ ਭਾਰਤ ਆਇਆ ਸੀ। 10 ਜੁਲਾਈ 2017 ਨੂੰ ਅਟਵਾਲ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੇ ਨਾਲ ਫੋਟੋ ਪਾਈ ਹੈ। ਇਸਦੇ ਬਾਅਦ 19 ਅਗਸਤ 2017 ਨੂੰ ਅਟਵਾਲ ਚੈਨਈ ਤੋਂ ਗੁਵਾਹਾਟੀ ਦੀ ਹਵਾਈ ਯਾਤਰਾ ਕਰਨ ਦਾ ਸਟੇਟਸ ਫੇਸਬੁੱਕ ’ਤੇ ਅਪਲੋਡ ਕਰਦਾ ਹੈ। 25 ਅਗਸਤ 2017 ਨੂੰ ਅਟਵਾਲ ਦਿੱਲੀ ’ਚ ਵਿੱਤ ਮੰਤਰਾਲੇ, ਵਿਦੇਸ਼ ਮੰਤਰਾਲਾ ਅਤੇ ਇੰਡੀਆ ਗੇਟ ’ਚ ਭਾਰਤ ਦੇ ਚੰਗੇ ਲੋਕਾਂ ਨਾਲ ਮਿਲਣ ਦੀ ਜਾਣਕਾਰੀ ਦਿੰਦੇ ਹੋਏ ਫੋਟੋ ਪੋਸਟ ਕਰਦਾ ਹੈ।
ਜੀ. ਕੇ. ਨੇ ਸਵਾਲ ਪੁੱਛਿਆ ਕਿ ਭਾਰਤ ਸਰਕਾਰ ਦੀ ਨਜ਼ਰ ’ਚ ਜੇਕਰ ਅਟਵਾਲ ਖਾਲਿਸਤਾਨੀ ਖਾੜਕੂ ਸੀ ਤਾਂ ਉਹ ਜੁਲਾਈ 2017 ਤੋਂ ਪਹਿਲਾ ਭਾਰਤ ਕਿਵੇਂ ਆਇਆ ਸੀ ? ਨਲਿਨ ਕੋਹਲੀ ਨਾਲ ਅਟਵਾਲ ਦੀ ਕੀ ਮਿੱਤਰਤਾ ਹੈ ? ਸਖਤ ਸੁਰੱਖਿਆ ਪਹਿਰੇ ’ਚ ਰਹਿਣ ਵਾਲੇ ਲਾਲ ਕਿਲਾ, ਨਾਰਥ ਬਲਾਕ ਅਤੇ ਸਾਊਥ ਬਲਾਕ ’ਚ ਅਟਵਾਲ ਕਿਵੇਂ ਪਹੁੰਚਿਆ ਸੀ ? ਜੀ. ਕੇ. ਨੇ ਖਦਸਾ ਪ੍ਰਗਟਾਇਆ ਕਿ ਭਾਰਤੀ ਸੁਰੱਖਿਆ ਏਜੰਸੀਆਂ ਨੇ ਟਰੂਡੋ ਦੀ ਭਾਰਤ ਯਾਤਰਾ ਨੂੰ ਨਾਕਾਮਯਾਬ ਬਣਾਉਣ ਲਈ ਸਾਜ਼ਿਸ਼ ਰੱਚੀ ਸੀ। ਤਾਂਕਿ ਟਰੂਡੋ ਦੀ ਸਰਕਾਰ ਨੂੰ ਖਾਲਿਸਤਾਨੀ ਸਮਰਥਕ ਦੱਸਿਆ ਜਾ ਸਕੇ।
ਜੀ. ਕੇ. ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਪਿੱਛਲੇ 25 ਸਾਲਾਂ ਤੋਂ ਖਤਮ ਹੋ ਚੁੱਕੀ ਹੈ। ਜੇਕਰ ਸਿੱਖਾਂ ਨੇ ਖਾਲਿਸਤਾਨ ਹੀ ਪ੍ਰਾਪਤ ਕਰਨਾ ਹੁੰਦਾ ਤਾਂ 1947 ’ਚ ਜਦੋਂ ਪੰਜਾਬ ਦੀ ਹੱਦ ਦਿੱਲੀ ਦੇ ਨਾਲ ਗੁੜਗਾਂਵਾ ਤਕ ਲਗਦੀ ਸੀ ਤੱਦ ਹੀ ਪ੍ਰਾਪਤ ਕਰ ਲਿਆ ਹੁੰਦਾ। ਲੇਕਿਨ ਤੱਦ ਅੰਗਰੇਜਾਂ ਦੀ ਪੇਸ਼ਕਸ਼ ਨੂੰ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਠੁਕਰਾਉਂਦੇ ਹੋਏ ਸਿੱਖਾਂ ਦੇ ਭਾਰਤ ਦੇ ਨਾਲ ਰਹਿਣ ’ਤੇ ਸਹਿਮਤੀ ਜਤਾਈ ਸੀ। ਜੀ. ਕੇ. ਨੇ ਦਾਅਵਾ ਕੀਤਾ ਕਿ ਸਿੱਖਾਂ ਨੂੰ ਵੱਖਵਾਦੀ ਦੱਸਣ ’ਚ ਕੇਂਦਰ ਦੀ ਏਜੰਸੀਆਂ ਦੇ ਨਾਲ ਹੀ ਪੰਜਾਬ ਸਰਕਾਰ ਦੀ ਭੂਮਿਕਾ ਵੀ ਸ਼ੱਕੀ ਰਹੀ ਹੈ। ਜਿਸ ’ਚ ਉਨ੍ਹਾਂ ਦਾ ਸਹਿਯੋਗ ਕੁਝ ਨਾਮੀ ਪੱਤਰਕਾਰਾਂ ਅਤੇ ਨਿਊਜ਼ ਵੈਬਸਾਈਟਾਂ ਨੇ ਵੀ ਆਧਾਰਹੀਣ ਖਬਰਾਂ ਨੂੰ ਪ੍ਰਕਾਸ਼ਿਤ ਕਰਕੇ ਕੀਤਾ ਹੈ।
ਜੀ. ਕੇ. ਨੇ ਕਿਹਾ ਕਿ ਸੇਖਰ ਗੁਪਤਾ ਅਤੇ ਉਸਦੀ ਵੈਬਸਾਈਟ ਦਾ ਪਿ੍ਰੰਟ, ਬਰਖਾ ਦੱਤ ਦਾ ‘ਦਾ ਵਾਸ਼ਿੰਗਟਨ ਪੋਸ਼ਟ’ ’ਤੇ ਪ੍ਰਕਾਸ਼ਿਤ ਹੋਇਆ ਲੇਖ ਅਤੇ ‘ਆਉਟਲੁੱਕ’ ਨੇ ਟਰੂਡੋ ਦੇ ਦੌਰੇ ਨੂੰ ਖਾਲਿਸਤਾਨੀ ਅੱਤਵਾਦਿਆਂ ਨਾਲ ਜੋੜਨ ਲਈ ਕਿਸ ਦੀ ਸ਼ਹਿ ’ਤੇ ਕਾਰਜ ਕੀਤਾ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜੀ. ਕੇ. ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਧਾਰਹੀਣ ਪੱਤਰਕਾਰਿਤਾ ਦਾ ਨਮੂਨਾ ਪੇਸ਼ ਕਰਕੇ ਭਾਰਤ ਦੇ ਅਕਸ਼ ਨੂੰ ਸੰਸਾਰਭਰ ’ਚ ਵਿਗਾੜਿਆਂ ਹੈ। ਜੀ. ਕੇ. ਨੇ ਸ਼ੇਖਰ ਗੁਪਤਾ ਅਤੇ ਬਰਖਾ ਦੱਤ ਦੇ ਕਿਰਦਾਰ ਨਾਲ ਜੁੜੇ ਪੁਰਾਣੇ ਵਿਵਾਦਾਂ ਨੂੰ ਵੀ ਮੀਡੀਆ ਦੇ ਸਾਹਮਣੇ ਰੱਖਿਆ। ਜਿਸ ’ਚ ਸ਼ੇਖਰ ਗੁਪਤਾ ਵੱਲੋਂ ਬੰਗਲਾਦੇਸ਼ ਦੀ ਲੇਖਿਕਾ ਤਸਲੀਮਾਂ ਨਸਰੀਮ ਦੇ ਲੇਖ ਦਾ ਸਿਰਲੇਖ ਭੜਕਾਊ ਲਾਉਣ ਸਣੇ ਬਰਖਾ ਦੱਤ ਦਾ ਨਾਂ ਨੀਰਾ ਰਾਡਿਆ ਕੇਸ ’ਚ ਆਉਣ ਦਾ ਹਵਾਲਾ ਦਿੱਤਾ।
ਪੰਜਾਬ ਸਰਕਾਰ ਵੱਲੋਂ ਮੁਖਮੰਤਰੀ ਅਮਰਿੰਦਰ ਸਿੰਘ ਦੀ ਟਰੂਡੋ ਨਾਲ ਅੰਮ੍ਰਿਤਸਰ ’ਚ ਹੋਈ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਗਏ ਮੀਡੀਆ ਨੋਟ ਨੂੰ ਟਰੂਡੋ ਵੱਲੋਂ ਝੂਠਾ ਦੱਸਣ ਦਾ ਜਿਕਰ ਕਰਦੇ ਹੋਏ ਜੀ।ਕੇ। ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਵੀ ਸਵਾਲ ਚੁੱਕੇ। ਜੀ. ਕੇ. ਨੇ ਕਿਹਾ ਕਿ ਅਮਰਿੰਦਰ ਨੇ ਦਾਅਵਾ ਕੀਤਾ ਸੀ ਕਿ ਟਰੂਡੇ ਨੇ ਆਪਣੇ ਦੇਸ਼ ’ਚ ਖਾਲਿਸਤਾਨੀ ਤੱਤਾਂ ’ਤੇ ਲਗਾਮ ਲਾਉਣ ਦੀ ਗੱਲ ਕੀਤੀ ਹੈ। ਜਦਕਿ ਆਪਣੀ ਯਾਤਰਾ ਦੇ ਆਖਿਰੀ ਦਿਨ ਟਰੂਡੇ ਨੇ ਕੈਨੇਡਾ ਦੇ ਕਿਊਬੈਕ ’ਚ ਚਲਦੇ ਵੱਖਵਾਦੀ ਅਭਿਆਨ ਨੂੰ ਖਾਲਿਸਤਾਨ ਦੇ ਨਾਲ ਜੋੜਨ ਨੂੰ ਗਲਤ ਦੱਸ ਕੇ ਪੰਜਾਬ ਸਰਕਾਰ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਜੀ. ਕੇ. ਨੇ ਦਾਅਵਾ ਕੀਤਾ ਕਿ ਸਿੱਖਾਂ ਨੂੰ ਵੱਖਵਾਦੀ ਦੱਸਣ ਦਾ ਮੰਨਸੂਬਾ ਸਰਕਾਰੀ ਏਜੰਸੀਆਂ ਨੇ ਰੱਚਿਆ ਸੀ। ਇਹ ਗੱਲ ਹੁਣ ਤੱਥਾਂ ਦੇ ਨਾਲ ਪ੍ਰਮਾਣਿਤ ਹੋ ਗਈ ਹੈ। ਕੈਨੇਡਾ ਦੇ ਸਾਂਸਦ ਉਜਵਲ ਦੋਸ਼ਾਂਝ ਵੱਲੋਂ ਅਟਵਾਲ ਦੀ ਟਰੂਡੋ ਦੀ ਪਤਨੀ ਨਾਲ ਆਈ ਤਸਵੀਰ ’ਤੇ ਸਵਾਲ ਚੁੱਕਣ ਨੂੰ ਜੀ।ਕੇ। ਨੇ ਦੋਸ਼ਾਂਝ ਦੇ ਦੋਹਰੇ ਮਾਪਦੰਡ ਨਾਲ ਜੋੜਿਆ।
ਜੀ. ਕੇ. ਨੇ ਖੁਲਾਸਾ ਕੀਤਾ ਕਿ ਦੋਸ਼ਾਂਝ ਨੇ ਹੀ ਅਟਵਾਲ ਨੂੰ 2006 ’ਚ ਭਾਰਤੀ ਵੀਜਾ ਦਿਵਾਉਣ ਲਈ ਆਪਣੇ ਸਾਥੀ ਸਾਂਸਦ ਬੇਲ ਨਾਲ ਮਿਲਵਾਇਆ ਸੀ। ਇਸਦੇ ਨਾਲ ਹੀ 1986 ’ਚ ਚਾਰ ਭਾਰਤੀ ਰਾਜਨਾਇਕਾਂ ਨੂੰ ਕੈਨੇਡਾ ਨੇ ਸਿੱਖਾਂ ਦੀ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਆਪਣੇ ਦੇਸ਼ ਤੋਂ ਕੱਢਿਆ ਸੀ। ਕੈਨੇਡਾ ’ਚ ਭਾਰਤੀ ਦੂਤਘਰ ਲਗਾਤਾਰ ਪੰਜਾਬੀਆਂ ਨੂੰ ਅਣਗੌਲਿਆ ਕਰ ਰਿਹਾ ਹੈ। ਹਾਲ ਹੀ ’ਚ ਭਾਰਤੀ ਰਾਜਦੂਤ ਨੇ ਕੈਨੇਡਾ ’ਚ ਹੋਣ ਵਾਲੇ ਸਭਿਆਚਾਰਿਕ ਮੇਲੇ ਦੌਰਾਨ ਪੰਜਾਬ ਪਵੇਲਿਅਨ ਨੂੰ ਲਗਾਉਣ ਦੀ ਮਨਜੂਰੀ ਨਹੀਂ ਦਿੱਤੀ। ਇੱਕ ਸਵਾਲ ਦੇ ਜਵਾਬ ’ਚ ਜੀ।ਕੇ। ਨੇ ਮੰਨਿਆ ਕਿ ਟਰੂਡੋ ਦਾ ਭਾਰਤ ਦੌਰਾ ਖਰਾਬ ਕਰਨ ’ਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਨਾਂ ਦਾ ਹੱਥ ਹੈ। ਅਟਵਾਲ ਨੂੰ ਅੱਤਵਾਦੀ ਮੰਨਣ ਬਾਰੇ ਜੀ।ਕੇ। ਤੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੀ।ਕੇ। ਨੇ ਕਿਹਾ ਕਿ ਉਹ ਅਟਵਾਲ ਨੂੰ ਅੱਤਵਾਦੀ ਨਹੀਂ ਮੰਨਦੇ। ਉਸਨੇ ਆਪਣੀ ਗਲਤੀ ਦੀ ਸਜਾ ਭੁਗਤ ਲਈ ਹੈ। ਉਲਟਾ ਪੱਤਰਕਾਰ ਤੋਂ ਜੀ. ਕੇ. ਨੇ ਪੁੱਛਿਆ ਕਿ ਉਹ ਸੰਜੈ ਦੱਤ, ਸਾਧਵੀ ਪ੍ਰਗਿਆ ਅਤੇ ਸਵਾਮੀ ਅਸੀਮਾਨੰਦ ਨੂੰ ਕੀ ਮੰਨਦੇ ਹਨ ? ਕੀ ਉਨਾਂ ਦੇ ਲਈ ਟਾਈਟਲਰ-ਸੱਜਣ ਅੱਤਵਾਦੀ ਹਨ ?