ਫ਼ਤਹਿਗੜ੍ਹ ਸਾਹਿਬ – “ਕਿਉਂਕਿ ਕੈਨੇਡਾ ਹਕੂਮਤ ਅਤੇ ਸ੍ਰੀ ਜਸਟਿਨ ਟਰੂਡੋ ਦੇ ਸਿੱਖ ਕੌਮ ਨਾਲ ਬਹੁਤ ਸਹਿਜ਼ ਭਰੇ ਅਤੇ ਡੂੰਘੇ ਸੰਬੰਧ ਹਨ । ਇਹੀ ਵਜਹ ਹੈ ਕਿ ਸ੍ਰੀ ਟਰੂਡੋ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਕੇ ਗਏ ਹਨ ਅਤੇ ਸਿੱਖ ਕੌਮ ਨੇ ਵੀ ਉਨ੍ਹਾਂ ਦੀ ਆਓ-ਭਗਤ, ਉਨ੍ਹਾਂ ਨੂੰ ਜੀ-ਆਇਆ ਕਹਿਣ ਅਤੇ ਉਨ੍ਹਾਂ ਦੇ ਸਤਿਕਾਰ-ਮਾਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਨ੍ਹਾਂ ਸੰਬੰਧਾਂ ਨੂੰ ਦੋਵਾਂ ਵੱਲੋਂ ਪੂਰੀ ਇਮਾਨਦਾਰੀ ਤੇ ਸੰਜ਼ੀਦਗੀ ਨਾਲ ਅੱਗੇ ਨਾਲੋਂ ਵੀ ਵਧੇਰੇ ਪੀੜਾ ਕੀਤਾ ਗਿਆ ਹੈ । ਅਜਿਹੇ ਸਿੱਖ ਕੌਮ ਪੱਖੀ ਅਮਲ ਸੈਂਟਰ ਦੀ ਮੋਦੀ ਹਕੂਮਤ ਅਤੇ ਹੁਕਮਰਾਨਾਂ ਨੂੰ ਇਸ ਲਈ ਅੱਛੇ ਨਹੀਂ ਲੱਗੇ ਕਿਉਂਕਿ ਸਿੱਖ ਕੌਮ ਹੁਣ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜੀਲੈਂਡ, ਬਰਤਾਨੀਆ ਆਦਿ ਯੂਰਪਿਨ ਅਤੇ ਪੱਛਮੀ ਮੁਲਕਾਂ ਵਿਚ ਉਥੋਂ ਦੇ ਹੁਕਮਰਾਨਾਂ ਤੇ ਹਕੂਮਤਾਂ ਨਾਲ ਸਮੇਂ-ਸਮੇਂ ਤੇ ਮੁਲਾਕਾਤਾਂ ਕਰਕੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਤੋਂ ਜਾਣੂ ਵੀ ਕਰਵਾਉਦੇ ਰਹਿੰਦੇ ਹਨ ਅਤੇ ਸਿੱਖ ਕੌਮ ਦੇ ਪੱਖ ਵਿਚ ਕੌਮਾਂਤਰੀ ਪੱਧਰ ਤੇ ਲੋਕ ਰਾਏ ਵੀ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਭਾਰਤੀ ਹੁਕਮਰਾਨ, ਇਥੋਂ ਦਾ ਮੀਡੀਆ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਾਂਹਵਾਚਕ ਪੇਸ਼ ਕਰਕੇ ਬਾਹਰਲੇ ਮੁਲਕਾਂ ਦੇ ਹੁਕਮਰਾਨਾਂ ਅਤੇ ਉਥੋਂ ਦੇ ਨਿਵਾਸੀਆਂ ਨੂੰ ਸਿੱਖ ਕੌਮ ਦੀ ਗਲਤ ਤਸਵੀਰ ਪੇਸ਼ ਕਰਨ ਵਿਚ ਮਸਰੂਫ਼ ਹੈ । ਸਿੱਖ ਕੌਮ ਵੱਲੋਂ ਅਜਿਹੇ ਹੁਕਮਰਾਨਾਂ ਨਾਲ ਆਪਣੇ ਸੰਬੰਧਾਂ ਨੂੰ ਸਹੀ ਰੱਖਣ ਉਤੇ ਹੁਕਮਰਾਨਾਂ ਅਤੇ ਇਥੋਂ ਦੇ ਮੀਡੀਏ ਨੂੰ ਕੀ ਤਕਲੀਫ਼ ਹੈ, ਇਸਦੀ ਸਮਝ ਨਹੀਂ ਆ ਰਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਜਸਟਿਨ ਟਰੂਡੋਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਇੰਡੀਆਂ ਹੁਕਮਰਾਨਾਂ ਵੱਲੋਂ ਅਤੇ ਇਥੋਂ ਦੇ ਮੀਡੀਏ ਵੱਲੋਂ ਕੀਤੀ ਗਈ ਨਾਂਹਪੱਖੀ ਭੂਮਿਕਾ ਅਤੇ ਸਿੱਖ ਕੌਮ ਦਾ ਸਾਜਿ਼ਸ ਅਧੀਨ ਅਪਮਾਨ ਕਰਨ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਦੇ ਹੋਏ ਅਤੇ ਸਿੱਖ ਕੌਮ ਦੇ ਅਕਸ ਨੂੰ ਜਾਣਬੁੱਝ ਕੇ ਖ਼ਰਾਬ ਕਰਨ ਦੇ ਅਮਲਾਂ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਜਿਨ੍ਹਾਂ ਕੋਲ ਵਿਧਾਨਿਕ ਸਭ ਤਰ੍ਹਾਂ ਦੇ ਅਧਿਕਾਰ ਹਨ, ਕਿਸੇ ਨੂੰ ਵੀ ਮੌਤ ਦੀ ਸਜ਼ਾ ਦਿਵਾ ਸਕਦੇ ਹਨ, ਉਮਰ ਕੈਦ ਕਰਵਾ ਸਕਦੇ ਹਨ, ਕਿਉਂਕਿ ਇਨ੍ਹਾਂ ਨੇ ਬਠਿੰਡਾ ਵਿਖੇ ਮਨਪ੍ਰੀਤ ਮੰਨਾ, ਪ੍ਰਭਦੀਪ ਸਿੰਘ ਅਤੇ ਰਾਜਸਥਾਂਨ ਵਿਖੇ ਵਿੱਕੀ ਗੌਡਰ, ਪ੍ਰੇਮਾ ਲਾਹੌਰੀਆ ਨੂੰ ਪੰਜਾਬ ਪੁਲਿਸ ਰਾਹੀ ਝੂਠੇ ਪੁਲਿਸ ਮੁਕਾਬਲੇ ‘ਚ ਖ਼ਤਮ ਕਰ ਦਿੱਤਾ ਗਿਆ ਸੀ । ਕੈਪਟਨ ਅਮਰਿੰਦਰ ਸਿੰਘ ਪ੍ਰੈਜੀਡੈਟ ਇੰਡੀਆਂ ਨੂੰ ਕਿਸੇ ਵੀ ਇਨਸਾਨ ਨੂੰ ਫ਼ਾਂਸੀ ਤੋਂ ਬਚਾਉਣ ਜਾਂ ਰਿਹਾਅ ਕਰਵਾਉਣ ਦੀ ਸਿਫ਼ਾਰਿਸ਼ ਵੀ ਕਰ ਸਕਦੇ ਹਨ । ਫਿਰ ਉਨ੍ਹਾਂ ਨੂੰ ਜਸਟਿਨ ਟਰੂਡੋਂ ਨਾਲ ਮੁਲਾਕਾਤ ਕਰਦੇ ਸਮੇਂ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਸੰਬੰਧੀ ਸਿ਼ਕਾਇਤ ਕਰਕੇ ਸਿੱਖ ਕੌਮ ਦੀ ਅਣਖ਼-ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਕੀ ਲੋੜ ਪੈ ਗਈ ਸੀ ? ਇਸੇ ਤਰ੍ਹਾਂ ਇੰਡੀਆਂ ਹਕੂਮਤ ਕਦੀ ਬੈਕਾਕ, ਪਾਕਿਸਤਾਨ, ਮਲੇਸੀਆ ਆਦਿ ਮੁਲਕਾਂ ਵਿਚੋਂ ਸਿੱਖਾਂ ਨੂੰ ਫੜਕੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਕੇਸਾਂ ਵਿਚ ਉਲਝਾਕੇ ਬਦਨਾਮ ਕਰਨ ਦੇ ਅਮਲ ਕਰਦੀ ਆ ਰਹੀ ਹੈ । ਇਥੇਂ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸੋਵੀਅਤ ਯੂਨੀਅਨ ਦੇ ਤਾਨਾਸ਼ਾਹ ਸਟਾਲਿਨ ਆਪਣੇ ਵਿਰੋਧੀਆਂ ਉਤੇ ਪਹਿਲੇ ਇਸੇ ਤਰ੍ਹਾਂ ਝੂਠੇ ਇਲਜਾਮ ਲਗਾਉਦੇ ਸੀ ਅਤੇ ਫਿਰ ਉਨ੍ਹਾਂ ਨੂੰ ਆਪਣੀਆਂ ਫ਼ੌਜਾਂ ਤੇ ਪੁਲਿਸ ਕੋਲੋ ਮਰਵਾ ਦਿੰਦੇ ਸੀ । 2013 ਵਿਚ ਸ੍ਰੀ ਮੋਦੀ ਨੇ ਗੁਜਰਾਤ ਵਿਚ ਪੱਕੇ ਤੌਰ ਤੇ ਆਪਣੀਆਂ ਜ਼ਮੀਨਾਂ ਅਤੇ ਘਰਾਂ ਦੀ ਮਲਕੀਅਤ ਦੇ ਹੱਕ ਰੱਖਣ ਵਾਲੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਬੇਜ਼ਮੀਨੇ ਅਤੇ ਬੇਘਰ ਕਰ ਦਿੱਤਾ ਸੀ । ਉਪਰੋਕਤ ਸੋਵੀਅਤ ਯੂਨੀਅਨ ਦੇ ਤਾਨਾਸ਼ਾਹ ਦੇ ਅਣਮਨੁੱਖੀ ਅਮਲਾਂ ਦੀ ਤਰਜ ‘ਤੇ ਅਜਿਹੇ ਦੁੱਖਦਾਇਕ ਅਮਲ ਹੀ ਹੁਣ ਇੰਡੀਆਂ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਹਨ । ਜਦੋਂ ਅਜਿਹੇ ਅਮਲ ਇੰਡੀਆਂ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਕੈਪਟਨ ਹਕੂਮਤ ਵੱਲੋਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਹਨ, ਤਾਂ ਆਮ ਆਦਮੀ ਪਾਰਟੀ, ਬਾਦਲ ਦਲ ਅਤੇ ਸਭ ਕਾਂਗਰਸੀ ਇਸ ਗੰਭੀਰ ਵਿਸ਼ੇ ਤੇ ਚੁੱਪੀ ਵੱਟੀ ਹੋਈ ਹੈ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਕੈਨੇਡਾ ਤੇ ਹੋਰ ਮੁਲਕਾਂ ਦੇ ਸਿੱਖਾਂ ਨੇ ਆਮ ਆਦਮੀ ਪਾਰਟੀ, ਬਾਦਲ ਦਲ ਜਾਂ ਕਾਂਗਰਸੀਆਂ ਨੂੰ ਬੀਤੇ ਸਮੇਂ ਚੋਣਾਂ ਵਿਚ ਵੋਟਾਂ ਪਵਾਈਆ, ਬੱਬਰਾਂ ਨੇ ਚੋਣਾਂ ਦਾ ਬਾਈਕਾਟ ਕਰਵਾਇਆ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਆਰ.ਪੀ. ਸਿੰਘ ਨੇ ਘਰ ਬੁਲਾਕੇ ਸਵਾਗਤ ਕੀਤਾ ਅਤੇ ਫਿਰ ਜਿਨ੍ਹਾਂ ਨਿਰੰਕਾਰੀਆਂ ਨੇ ਸ਼ਹੀਦ ਫ਼ੌਜਾਂ ਸਿੰਘ ਅਤੇ ਉਨ੍ਹਾਂ ਦੇ ਹੋਰ 12 ਸਿੰਘਾਂ ਨੂੰ ਸ਼ਹੀਦ ਕੀਤਾ, ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸਿਰਪਾਓ ਬਖ਼ਸਿਸ ਕਰਨ ਵਾਲੇ ਸਿੱਖ ਕੌਮ ਨੂੰ ਜੁਆਬ ਦੇਣ ਕਿ ਉਨ੍ਹਾਂ ਦੀਆਂ ਕਾਰਵਾਈਆ ਕੌਮ ਪੱਖੀ ਸਨ ? ਹੁਣ ਉਹ ਆਪਣੀ ਆਤਮਾ ਤੋਂ ਜੁਆਬ ਲੈਣ ਕੀ ਉਨ੍ਹਾਂ ਵੱਲੋਂ ਉਪਰੋਕਤ ਸਿੱਖ ਵਿਰੋਧੀ ਜਮਾਤਾਂ ਅਤੇ ਆਗੂਆਂ ਨੂੰ ਵੋਟਾਂ ਪਵਾਉਣ ਅਤੇ ਵੋਟਾਂ ਵਿਚ ਮਾਲੀ ਮਦਦ ਕਰਨ ਦਾ ਫੈਸਲਾ ਕੀ ਮੁਨਾਸਿਬ ਸੀ ? ਉਨ੍ਹਾਂ ਨੂੰ ਆਪਣੀ ਆਤਮਾ ਤੋਂ ਸਹੀ ਜੁਆਬ ਮਿਲ ਜਾਵੇਗਾ। ਇਹ ਅਮਲ ਤਾਂ ਬਿਲਕੁਲ ਉਸੇ ਤਰ੍ਹਾਂ ਦੇ ਹਨ ਜਿਵੇਂ ਆਪਣੇ ਬੱਚਿਆਂ ਦੀ ਖੈਰ ਮੰਗਣ ਵਾਲੀ ਬੱਕਰਿਆਂ ਦੀ ਮਾਂ, ਕਸਾਈ ਅਤੇ ਕਾਤਲ ਦੀ ਚੜ੍ਹਦੀ ਕਲਾਂ ਲਈ ਅਰਦਾਸ ਕਰਦੀ ਹੋਵੇ ।