ਰੰਗਾਂ ਭਰਿਆ ਹਰ ਘਰ ਵਿਹੜਾ,
ਸਭ ਨੇ ਖੇਡੀ ਹੋਲੀ।
ਭੰਗੜਾ ਪਉਂਦੇ ਨੱਚਦੇ ਗਾਉਂਦੇ,
ਢੋਲ ਵਜਾਉਂਦੇ ਢੋਲੀ।
ਖੁਸ਼ੀਆਂ ਦਾ ਤਿਉਹਾਰ ਪਿਆਰਾ
ਸਭ ਨੂੰ ਚੰਗਾ ਲਗੇ.
ਹਰ ਟੋਲੀ ਦੇ ਰੰਗ ਨਿਆਰੇ,
ਨੀਲੇ, ਪੀਲੇ – ਬੱਗੇ।
ਨਵੀਂ ਵਿਆਹੀ ਵਹੁਟੀ ‘ਤੇ,
ਭਰ ਮਾਰੀ ਪਚਕਾਰੀ,
ਦਿਉਰ ਮੇਰਾਂ ਬੜਾ ਟੁੱਟ ਪੈਣਾ,
ਰੰਗ ਗਿਆ ਕਈ ਵਾਰੀ।
ਲੁਕਣ-ਮੀਚੀ ਖੇਡ ਕੇ ਉਹਨੂੰ,
ਕਰ ਲਿਆ ਮੈਂ ਕਾਬੂ,
ਡੱਬ-ਖੜੱਬਾ ਦਿਉਰ ਨੂੰ ਕੀਤਾ,
ਜਿਉਂ ਬੰਬੇ ਦਾ ਬਾਬੂ।
ਚੋਰੀ -ਚੋਰੀ ਨਣਦ ਮੇਰੀ ਨੇ,
ਮੇਰਾ ਭੂਤ ਬਣਾਇਆ,
ਮੈਂ ਵੀ ਉਹਨੂੰ ਫੜਕੇ ਅੜੀਓ,
ਰੰਗਾਂ ਨਾਲ ਸਜਾਇਆ।
ਹੋਲੀ ਖੇਡ ਕੇ ਸਾਡੇ ਘਰ ਦਾ,
ਹੋਇਆ ਰੰਗਲਾ ਵਿਹੜਾ,
ਦਰਾਣੀ ਅਤੇ ਜਠਾਣੀ ਰੰਗੀ,
ਦਸੋ! ਬਚਿਆ ਕਿਹੜਾ।
ਜੱਟ ਨਸ਼ੇ ਵਿਚ ਝੂਮਣ ਲਗਾ,
ਕਹਿੰਦਾ ਆਈ ਹੋਲੀ,
ਮੈਂ ,ਹੈ ਪਉਣਾ ਅੱਜ ਭੰਗੜਾ,
ਜੱਟੀ ਪਾਊਗੀ ਬੋਲੀ।
ਚਾਚਾ-ਚਾਚੀ,ਤਾਇਆ-ਤਾਈ,
ਬੰਨ੍ਹਿਆ ਰੰਗ ਨਿਆਰਾ,
ਵਢੀ ਭਾਬੀ ਰੰਗਣ ਚੜ੍ਹਿਆ,
ਵੇ਼ਖੋ ਛੱੜਾ ਵਿਚਾਰਾ।
ਅੱਜ ! ਬਾਪੂ ਨੇ ਬੇਬੇ ਰੰਗ ਕੇ,
ਐਸਾ ਰੰਗ ਚੜਾਇਆ,
ਫਿਰ ਸਾਰਾ ਟੱਬਰ ਬਾਪੂ ਜੀ ਦਾ,
ਹੋਇਆ ਦੂਣ ਸਵਾਇਆ।
ਸਾਂਝਾਂ ਦਾ ਤਿਉਹਾਰ ਏ ਹੋਲੀ,
ਰਲਕੇ ਖੁਸ਼ੀ ਮਨਾਈਏ,
ਮਿੱਤਰਤਾ ਦਾ ਰੰਗ ਚੜ੍ਹਾ ਕੇ,
ਸਭੇ ਸਾਂਝੀਵਾਲ਼ ਸਦਾਈਏ।
“ਸੁਹਲ” ਦਿਲਾਂ ਦੇ ਨੇੜੇ ਹੋ ਕੇ,
ਸਭ ਨੂੰ ਗਲੇ ਲਗਾਉ,
ਹੋਲੀ ਦੇ ਬੜੇ ਰੰਗ ਨਿਆਰੇ,
ਗੀਤ ਹੋਲੀ ਦੇ ਗਾਉ।