ਲਖਨਊ – ਬਸਪਾ ਨੇ ਗੋਰਖਪੁਰ ਅਤੇ ਫੂਲਪੁਰ ਲੋਕਸਭਾ ਉਪ ਚੋਣ ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਸਮੱਰਥਣ ਕਰਨ ਦਾ ਐਲਾਨ ਕਰ ਦਿੱਤਾ ਹੈ। ਬੇਸ਼ੱਕ ਬਹੁਜਨ ਸਮਾਜਵਾਦੀ ਪਾਰਟੀ ਨੇ 2019 ਦੀਆਂ ਲੋਕਸਭਾ ਚੋਣਾਂ ਸਬੰਧੀ ਗਠਜੋੜ ਬਾਰੇ ਅਜੇ ਕੋਈ ਸਮਝੌਤਾ ਨਹੀਂ ਕੀਤਾ ਪਰ ਯੂਪੀ ਦੀਆਂ ਇਨ੍ਹਾਂ ਦੋ ਵੱਡੀਆਂ ਪਾਰਟੀਆਂ ਦੇ ਦਰਮਿਆਨ 25 ਸਾਲਾਂ ਤੋਂ ਚਲੀ ਆ ਰਹੀ ਦੁਸ਼ਮਣੀ ਸਮਾਪਤ ਹੋ ਗਈ ਹੈ।
ਬਸਪਾ ਮੁੱਖੀ ਮਾਇਆਵਤੀ ਅਤੇ ਸਪਾ ਚੀਫ਼ ਅਖਿਲੇਸ਼ ਯਾਦਵ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਸ਼ਵਾਸ਼ ਪਾਤਰਾਂ ਦੁਆਰਾ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਇਸ ਸਮਝੌਤੇ ਨੂੰ ਅਸਲੀ ਜਾਮਾ ਪਹਿਨਾਇਆ ਗਿਆ। ਦੋਵਾਂ ਪਾਰਟੀਆਂ ਨੇ ਅਗਾਮੀ ਰਾਜਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਦੂਸਰੇ ਨੂੰ ਸਮੱਰਥਣ ਦੇਣ ਤੇ ਸਹਿਮੱਤੀ ਜਤਾਈ। ਇਨ੍ਹਾਂ ਬੈਠਕਾਂ ਵਿੱਚ ਇਹ ਫੈਂਸਲਾ ਲਿਆ ਗਿਆ ਕਿ ਸਪਾ ਰਾਜਸਭਾ ਚੋਣਾਂ ਵਿੱਚ ਬਸਪਾ ਦਾ ਸਮੱਰਥਣ ਕਰੇਗੀ ਅਤੇ ਬਸਪਾ ਵਿਧਾਨਪ੍ਰੀਸ਼ਦ ਚੋਣਾਂ ਵਿੱਚ ਸਮਾਜਵਾਦੀ ਉਮੀਦਵਾਰਾਂ ਨੂੰ ਆਪਣਾ ਸਮੱਰਥਣ ਦੇਵੇਗੀ।
ਵਰਨਣਯੋਗ ਹੈ ਕਿ 1993 ਵਿੱਚ ਰਾਮ ਲਹਿਰ ਨੂੰ ਰੋਕਣ ਲਈ ਸਪਾ ਅਤੇ ਬਸਪਾ ਮਿਲ ਕੇ ਚੋਣ ਲੜ ਚੁੱਕੇ ਹਨ। ਸਬਾਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 2017 ਵਿੱਚ ਵੀ ਸਰਵਜਨਿਕ ਤੌਰ ਤੇ ਬਹੁਜਨ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ ਦੀ ਇੱਛਾ ਜਾਹਿਰ ਕੀਤੀ ਸੀ।