ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਖਿਲਾਫ਼ ਗੂਗਲ ਸਰਚ ਇੰਜ਼ਣ ’ਤੇ ਮੌਜੂਦ ਨਫ਼ਰਤ ਭਰੇ ਵੀਡੀਓ ਅਤੇ ਲਿੱਖਤਾਂ ਨੂੰ ਹਟਾਉਣ ਲਈ ਗੂਗਲ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਉਕਤ ਨੋਟਿਸ ਉਨ੍ਹਾਂ ਦੇ ਵਕੀਲ ਹਰਪ੍ਰੀਤ ਸਿੰਘ ਹੋਰਾ ਮਾਰਫਤ ਭੇਜਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਯੂ.ਟਿਊਬ ’ਤੇ ਕਈ ਅਜਿਹੇ ਵੀਡੀਓ ਹਨ ਜੋ ਨਾ ਕੇਵਲ ਸਿੱਖਾਂ ਦਾ ਮਜ਼ਾਕ ਉਡਾਉਂਦੇ ਹਨ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵੀ ਵਰਤ ਰਹੇ ਹਨ। ਜਿਸ ਕਰਕੇ ਦਿੱਲੀ ਕਮੇਟੀ ਨੇ ਗੂਗਲ ਨੂੰ ਉਕਤ ਇਤਰਾਜ਼ਯੋਗ ਤਥਾਂ ਨੂੰ ਤੁਰੰਤ ਹਟਾਉਣ ਦੀ ਚੇਤਾਵਨੀ ਭੇਜਣ ਲਈ ਮਜ਼ਬੂਰ ਹੋਣਾ ਪਿਆ ਹੈ।
ਜੌਲੀ ਨੇ ਦੱਸਿਆ ਕਿ ਯੂ.ਟਿਊਬ ’ਤੇ ‘‘ਸਿੱਖੀਜ਼ਮ ਐਕਸਪੋਜ਼ਡ’’ ਨਾਂ ਦੇ ਚੈਨਲ ’ਤੇ ਸਿੱਖ ਗੁਰੂਆਂ ਦੀ ਸਾਖੀਆਂ ਨੂੰ ਝੁਠਲਾਉਣ ਦੀ ਕੋਝੀ ਕੋਸ਼ਿਸ਼ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਬਾਣੀ ਨੂੰ ਆਪਣੇ ਹਿਸਾਬ ਨਾਲ ਗੱਲਤ ਅਰਥਾ ਨਾਲ ਪੇਸ਼ ਕਰਦੇ ਹੋਏ ਸਿੱਖਾਂ ਦੀ ਭਾਵਨਾਂਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵੀ ਚਲ ਰਹੀ ਹੈ। ਜੌਲੀ ਨੇ ਕਿਹਾ ਕਿ ਪੂਰੇ ਸੰਸਾਰ ’ਚ ਲਗਭਗ 25 ਮਿਲਿਅਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਪਰ ਜਿਸ ਤਰੀਕੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਮੰਦਭਾਗੀ ਹੈ। ਇੱਕ ਪਾਸੇ ਸਿੱਖ ਪੂਰੀ ਦੁਨੀਆਂ ’ਚ ਆਪਣੀ ਇਮਾਨਦਾਰੀ ਅਤੇ ਦਰਿਆਦਿਲੀ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਤੇ ਦੂਜੇ ਪਾਸੇ ਕੁਝ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਨੂੰ ਬਦਨਾਮ ਕਰਨ ਵਾਸਤੇ ਨਫ਼ਰਤ ਦੇ ਬੀਜ਼ ਬੋ ਰਹੀਆਂ ਹਨ। ਜੌਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਗੂਗਲ ਨੇ ਇਤਰਾਜ਼ਯੋਗ ਤਥਾਂ ਨੂੰ ਨਹੀਂ ਹਟਾਇਆ ਤਾਂ ਦਿੱਲੀ ਕਮੇਟੀ ਗੂਗਲ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਸੰਕੋਚ ਨਹੀਂ ਕਰੇਗੀ।