ਬਰੈਮਟਨ – ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ 3 ਮਈ 1718 ਈ: ਨੂੰ ਹੋਇਆ ਸੀ। ਉਨ੍ਹਾਂ ਦੀ ਤੀਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਨੂੰ ਕੁੱਝ ਇਤਿਹਾਸਕਾਰ ‘ਘੋਰ ਅੰਧਕਾਰ’ ਦਾ ਸਮਾਂ ਦਸਦੇ ਹਨ, ਪ੍ਰੰਤੂ ਸਿੱਖ ਇਸ ਸਮੇਂ ਨੂੰ ਪ੍ਰੀਖਿਆ ਅਤੇ ਸੰਘਰਸ਼ ਦਾ ਸਮਾਂ ਮੰਨਦੇ ਹਨ। ਲਗਭਗ 40 ਸਾਲ ਸਿੱਖਾਂ ਅਤੇ ਸਰਕਾਰ ਦੇ ਜਬਰ-ਜ਼ੁਲਮ ਦੀ ਅਸਾਂਵੀ ਜਗ ਲੜੀ, ਸਿੱਖਾਂ ਦੀ ਹੋਂਦ ਖਤਰੇ ਵਿਚ ਸੀ। ਬਾਬਾ ਜੀ ਨੇ ਇਸ ਪ੍ਰੀਖਿਆ ਦੀ ਘੜੀ ਵਿਚ ਕੋਮ ਦੀ ਯੋਗ ਕਾਰਵਾਈ ਕੀਤੀ ਅਤੇ ਇਕ ਮਹਾਨ ਨਾਇਕ ਹੋ ਕੇ ਨਿਤਰੇ। ਆਪ ਜੀ ਨੇ ਬਹਾਦਰੀ, ਨਿਡਰਤਾ, ਅਡੋਲਤਾ ਅਤੇ ਸਿਦਕ ਦਾ ਇਤਿਹਾਸ ਸਿਰਜਿਆ।
ਬਾਬਾ ਜੀ ਨੇ ਆਪਣੇ ਆਪ ਨੂੰ ਖੱਬੀ ਖਾਂ ਅਖਵਾਉਣ ਵਾਲੇ ਨਾਦਰ ਸ਼ਾਹ ਮੀਰ ਮੰਨੂ ਜਕਰੀਆ ਖਾਂ ਅਦੀਨਾ ਬੋਸ ਸਲਾਬਤ ਖਾਂ ਅਤੇ ਕਾਬਲ ਦੇ ਵੱਡੇ ਧਾੜਵੀ ਅਤੇ ਨਾਪਾਕ ਲੁਟੇਰੇ ਅਬਦਾਲੀ ਦੇ ਦੰਦ ਖੱਟੇ ਕੀਤੇ। ਆਪ ਜੀ ਦੀ ਤਲਵਾਰ ਨੇ ਦਿੱਲੀ ਝੁਕਾਈ, ਕਾਬਲ ਨਿਵਾਇਆ ਅਤੇ ਪੰਜਾਬ ਦਾ ਰਾਜ ਪ੍ਰਬੰਧ ਮੁਲਕ ਦੇ ਅਸਲ ਵਾਰਸਾਂ ਨੂੰ ਸਪੁਰਦ ਕੀਤਾ। ਸਿੱਖ ਮਿਸਲਾਂ ਉਤਰ ਵਿਚ ਕਾਂਗੜਾ ਦੱਖਣ ਵਿਚ ਮੁਲਤਾਨ, ਪੂਰਬ ਵਿਚ ਸਹਾਰਨ ਅਤੇ ਪੱਛਮ ਵਿਚ ਅਟਕ ਤਕ ਹਕੂਮਤ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਉਤੇ ਕਈ ਪਰੋਸ ਉਲੀਕੇ ਹਨ। 22 ਅਪ੍ਰੈਲ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਦੀਵਾਨ ਸਜਾਏ ਜਾਣਗੇ। 23 ਅਪ੍ਰੈਲ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਮਾਰਚ ਪਟਿਆਲਾ ਅਤੇ ਕਰਨਾਲ ਹੁੰਦੇ ਹੋਏ ਦਿੱਲੀ ਪਹੁੰਚੇਗਾ। 27 ਅਪ੍ਰੈਲ ਨੂੰ ਲਾਲ ਕਿਲੇ ਦੇ ਗਰਾਉਂਡ ਵਿਚ ਦੀਵਾਨ ਸਜਾਏ ਜਾਣਗੇ।
ਸ. ਮਹਿੰਦਰ ਸਿੰਘ ਵਾਲੀਆ ਪ੍ਰਧਾਨ ਫੋਰਮ ਫਾਰ ਕਾਮਨ ਕਾਜ ਅਤੇ ਪੈਟਰਨ ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਸ਼ਤਾਬਦੀ ਸਮਾਰੋਹਾਂ ਵਿਚ ਸਰਕਾਰੀ ਤੌਰ ’ਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਜੋ ਦੇਸ਼ ਦੇ ਮਹਾਨ ਸਪੂਤ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।