ਅੰਮ੍ਰਿਤਸਰ – ਰਾਜਨੀਤੀ ’ਚ ਨੈਤਿਕ ਕਦਰਾਂ ਕੀਮਤਾਂ ਦਾ ਨਿਘਾਰ ਲਗਾਤਾਰ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਤਾਜੀ ਮਿਸਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ’ਤੇ ਨਸ਼ਾ ਤਸਕਰੀ ’ਚ ਸ਼ਾਮਿਲ ਹੋਣ ਦੇ ਲਗਾਏ ਦੋਸ਼ਾਂ ਨੂੰ ਵਾਪਸ ਲੈਂਦਿਆਂ ਮਜੀਠੀਆ ਤੋਂ ਬਿਨਾ ਸ਼ਰਤ ਮੁਆਫ਼ੀ ਮੰਗ ਲੈਣ ਤੋਂ ਮਿਲਦੀ ਹੈ। ਸਿਆਸੀ ਹਲਕੇ ਅਤੇ ਮਜੀਠੀਆ ਨੂੰ ਨਜ਼ਦੀਕ ਤੋਂ ਜਾਣਨ ਵਾਲਿਆਂ ਲਈ ਇਹ ਵਰਤਾਰਾ ਕੋਈ ਹੈਰਾਨ ਕਰਨ ਵਾਲਾ ਨਹੀਂ ਰਿਹਾ, ਕਿਉਂਕਿ ਉਹ ਜਾਣਦੇ ਸਨ ਕਿ ਮਜੀਠੀਆ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਦੇਰ ਸਵੇਰ ਕੇਜਰੀਵਾਲ ਨੂੰ ਇਸ ਲਈ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਜੇਲ੍ਹ ਜਾਣਾ ਪਵੇਗਾ।
ਬੀਤੇ ਦਿਨੀਂ ਕੌਮੀ ਨਾਮਵਰ ਅਖ਼ਬਾਰਾਂ ਵੱਲੋਂ ਮੁਆਫ਼ੀ ਮੰਗਣ ਅਤੇ ਦ੍ਰਿੜਤਾ ਨਾਲ ਕੇਜਰੀਵਾਲ ਦੇ ਅਹੰਕਾਰ ਅਤੇ ਸਿਆਸੀ ਝੂਠ ਦੇ ਕਿਲ੍ਹੇ ਨੂੰ ਚਕਨਾਚੂਰ ਕਰਨ ’ਚ ਮਜੀਠੀਆ ਨੂੰ ਮਿਲੀ ਕਾਮਯਾਬੀ ਨੇ ਪੰਜਾਬ ਦੀ ਰਾਜਨੀਤੀ ’ਚ ਉਸ ਦਾ ਸਿਆਸੀ ਕਦ ਨੂੰ ਹੋਰ ਉਚਿਆਂ ਕੀਤਾ ਹੈ। ਦੂਰ-ਅੰਦੇਸ਼ ਅਤੇ ਮਜ਼ਬੂਤ ਇਰਾਦੇ ਵਾਲੇ ਕਦਾਵਰ ਲੀਡਰ ਵਜੋਂ ਉਸ ਨੇ ਆਪਣੀ ਪੈਂਠ ਬਣਾ ਲਈ ਹੈ।
ਨਸ਼ਿਆਂ ਨੂੰ ਲੈ ਕੇ ਚੌਹ ਤਰਫੀ ਹਮਲੇ ਦਾ ਸਾਹਮਣਾ ਕਰ ਰਹੇ ਮਜੀਠੀਆ ਵੱਲੋਂ 20 ਮਈ 2016 ਦੌਰਾਨ ਜਦ ਝੂਠੇ ਇਲਜ਼ਾਮਾਂ ਅਤੇ ਕਿਰਦਾਰਕੁਸ਼ੀ ਨੂੰ ਲੈ ਕੇ ਕੇਜਰੀਵਾਲ ਅਤੇ ਸਾਥੀਆਂ ’ਤੇ ਮਾਣਹਾਨੀ ਦਾ ਕੇਸ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਈਆਂ ਤੋਂ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਵੱਲੋਂ ਦਿਖਾਈ ਗਈ ਦ੍ਰਿੜਤਾ ਨੂੰ ਸਲਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਤਰੀਕਾਂ ’ਤੇ ਅਦਾਲਤੀ ਕੰਪਲੈਕਸ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਕੇ ਪਾਰਟੀ ਅਤੇ ਨੌਜਵਾਨ ਵਰਗ ਨੇ ਦਿਲੋਂ ਸਾਥ ਦਿੰਦਿਆਂ ਮਜੀਠੀਆ ਦੀ ਪੂਰੀ ਸ਼ਕਤੀ ਨਾਲ ਹੌਸਲਾ ਅਫਜਾਈ ਕੀਤੀ।
ਬਿਨਾਂ ਕਿਸੇ ਠੋਸ ਸਬੂਤ ਦੇ ਸਿਆਸੀ ਫ਼ਾਇਦੇ ਲਈ ਨਸ਼ਿਆਂ ਦੀ ਤਸਕਰੀ ਨਾਲ ਜੋਰ ਕੇ ਲਗਾਏ ਗਏ ਝੂਠੇ ਇਲਜ਼ਾਮਾਂ ਨਾਲ ਮਜੀਠੀਆ ਅਤੇ ਉਸ ਦੇ ਪਰਿਵਾਰ ਨੂੰ ਗਹਿਰੀ ਪੀੜਾ ਸਹਿਣੀ ਪਈ। ਦੇਖਿਆ ਜਾਵੇ ਤਾਂ ਕੇਜਰੀਵਾਲ ਅਦਾਲਤ ਤੋਂ ਬਾਹਰ ਮਜੀਠੀਆ ਨੂੰ ਜੇਲ੍ਹ ਭੇਜਣ ਦੀਆਂ ਟਾਹਰਾਂ ਮਾਰਦਾ ਰਿਹਾ ਪਰ ਅਦਾਲਤ ’ਚ ਕਹਿਣ ਲਈ ਉਸ ਕੋਲ ਕੁੱਝ ਨਹੀਂ ਸੀ। ਜਿਵੇਂ ਕਿਵੇਂ ਉਨ੍ਹਾਂ ਟਾਈਮ ਟਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਸਮੇਂ ਨਾਲ ਅਦਾਲਤੀ ਕਾਰਵਾਈ ਅੰਤਿਮ ਪੜਾਅ ’ਤੇ ਪਹੁੰਚਿਆ ਹੋਇਆ ਸੀ, ਇਹ ਕਿ ਕੇਜਰੀਵਾਲ ਅਤੇ ਸਾਥੀਆਂ ਦਾ ਕਿਸੇ ਵੀ ਵਕਤ ਜੇਲ੍ਹ ਜਾਣਾ ਤੈਅ ਸੀ। ਨਹੀਂ ਤਾਂ ਉਹ ਇਨਾ ਤਾਂ ਸਮਾਂ ਜ਼ਰੂਰ ਟਪਾਉਂਦੇ ਜਿਸ ਨਾਲ ਕਿ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਜਾਂਦੀਆਂ ਅਤੇ ਇਸ ਮੁੱਦੇ ਨੂੰ ਇਕ ਵਾਰ ਫਿਰ ਕੈਸ਼ ਕਰ ਦੇ।
ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਜ਼ਰੂਰ ਬਹੁਤ ਵਡਾ ਕਰਾਰਾ ਝੱਟਕਾ ਦੇ ਦਿੱਤਾ ਹੈ। ਕੇਜਰੀਵਾਲ ਦੇ ਹਰ ਹੁਕਮ ਨੂੰ ਬਿਨਾ ਡੂੰਘੀ ਸੋਚ ਪੜਚੋਲ ਦੇ ਮੰਨਦੇ ਆ ਰਹੇ ਉਸ ਦੇ ਹਮਾਇਤੀਆਂ ਲਈ ਇਹ ਸਮਾਂ ਉਨ੍ਹਾਂ ’ਤੇ ਅਸਮਾਨੀ ਬਿਜਲੀ ਡਿੱਗਣ ਤੋਂ ਘੱਟ ਨਹੀਂ ਹੈ। ਆਪ ਦੇ ਆਗੂਆਂ ਵੱਲੋਂ ਲਏ ਗਏ ਫ਼ੈਸਲੇ ਨਾਲ ਉਨ੍ਹਾਂ ਨੂੰ ਲਾ ਜਵਾਬ ਹੋ ਕੇ ਨਮੋਸ਼ੀ ਸਹਿਣੀ ਪੈ ਰਹੀ ਹੈ।
ਬਿਨਾਸ਼ਕ ਕੇਜਰੀਵਾਲ ਦੀ ਬਿਨਾਂ ਸ਼ਰਤ ਮੁਆਫ਼ੀ ਮੰਗਣ ਵਾਲੀ ਸਿਆਸਤ ਨਾਲ ਪੰਜਾਬ ’ਚ ਆਮ ਆਦਮੀ ਪਾਰਟੀ ’ਚ ਇਕ ਤੂਫ਼ਾਨ ਦੀ ਸਥਿਤੀ ਪੈਦਾ ਹੋ ਗਈ ਹੈ।ਜਿਸ ਨਾਲ ਪੰਜਾਬ ’ਚ ਆਪ ਦੇ ਵਜੂਦ ਦੇ ਖ਼ਾਤਮੇ ਦੀ ਵੀ ਸ਼ੁਰੂਆਤ ਹੋ ਚੁਕੀ ਹੈ। ਆਪ ਆਗੂਆਂ ਵੱਲੋਂ ਕੇਜਰੀਵਾਲ ਖ਼ਿਲਾਫ਼ ਬਗ਼ਾਵਤ ਸੁਰਾਂ ਵੀ ਤੇਜ ਹੋ ਗਈਆਂ ਹਨ। ਆਪ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਕੇਜਰੀਵਾਲ ਦੇ ਸਟੈਂਡ ਨਾਲ ਜਿੱਥੇ ਅਸਹਿਮਤੀ ਜਤਾਈ ਹੈ।ਉਥੇ ਹੀ ਪੰਜਾਬ ਦੇ ਕਨਵੀਨਰ ਤੇ ਐਮ ਪੀ ਭਗਵਾਨ ਮਾਨ ਵੱਲੋਂ ਅਸਤੀਫ਼ਾ ਦੇਣ ਦੀਆਂ ਗੱਲਾਂ ਆ ਰਹੀਆਂ ਹਨ।
ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਨੂੰ ਲੈ ਕੇ ਰਾਜਨੀਤੀ ’ਚ ਉਤਰੇ ਕੇਜਰੀਵਾਲ ਵੱਲੋਂ ਆਪਣੇ ਝੂਠ ਲਈ ਮਜੀਠੀਆ ਤੋਂ ਮੁਆਫ਼ੀ ਮੰਗਣ ਦੇ ਵਰਤਾਰੇ ਨੇ ਆਮ ਸਧਾਰਨ ਮਨੁੱਖ ਖ਼ਾਸ ਕਰ ਉਨ੍ਹਾਂ ਜਜ਼ਬਾਤੀ ਪੰਜਾਬੀਆਂ ਲਈ ਹਜ਼ਮ ਕਰਨਾ ਔਖਾ ਹੋ ਰਿਹਾ ਹੈ। ਜੋ ਰਾਜਨੀਤੀ ਵਿਚ ਪਾਰਦਰਸ਼ੀ ਅਤੇ ਸਵੱਛਤਾ ਲਿਆਂਦਾ ਜਾਣਾ ਦੇਖਣਾ ਚਾਹੁੰਦੇ ਹਨ। ਇਨਕਲਾਬੀ ਸੁਪਨੇ ਦਿਖਾਉਣ ਵਾਲੇ ਕੇਜਰੀਵਾਲ ਦਾ ਫ਼ਰੇਬੀ ਨਿਕਲਣਾ ਭਾਰਤੀ ਰਾਜਨੀਤੀ ਦੇ ਨਿਘਾਰ ਦਾ ਸਿਖਰਲਾ ਪਹਿਲੂ ਦ੍ਰਿਸ਼ਟੀਗੋਚਰ ਹੋ ਰਿਹਾ ਹੈ।
ਕੇਜਰੀਵਾਲ ਵੱਲੋਂ ਅਦਾਲਤ ਵਿਚ ਦਾਖਲ ਕੀਤੇ ਗਏ ਪੱਤਰ ਦੀ ਇਬਾਰਤ ਤੋਂ ਹੀ ਉਸ ਦੀ ਦੂਜਿਆਂ ਪ੍ਰਤੀ ਸਿਆਸੀ ਪਹੁੰਚ ਅਤੇ ਮਾਨਸਿਕਤਾ ਸਪੱਸ਼ਟ ਰੂਪ ’ਚ ਸਾਹਮਣੇ ਆਉਂਦੀ ਹੈ। ਉਸ ਨੇ ਕਿਹਾ, ਕਿ ਪਿਛਲੇ ਕੁੱਝ ਸਮੇਂ ਵਿਚ ਮੈਂ ਤੁਹਾਡੇ ( ਮਜੀਠੀਆ) ਖ਼ਿਲਾਫ਼ ਡਰੱਗ ਵਪਾਰ ਵਿਚ ਕਥਿਤ ਸ਼ਮੂਲੀਅਤ ਬਾਰੇ ਤੁਹਾਡੇ ਵਿਰੁੱਧ ਕੁੱਝ ਬਿਆਨ ਅਤੇ ਦੋਸ਼ ਲਗਾਏ ਸਨ। ਇਹ ਬਿਆਨ ਸਿਆਸੀ ਮੁੱਦਾ ਬਣ ਗਏ। ਹੁਣ ਮੈਂ ਇਹ ਮੰਨਦਾ ਹਾਂ ਕਿ ਦੋਸ਼ ਗੱਲਤ ਹਨ। ਇਸ ਲਈ ਅਜਿਹੇ ਮੁੱਦਿਆਂ ’ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਵੱਖ-ਵੱਖ ਰਾਜਨੀਤਿਕ ਰੈਲੀਆਂ, ਜਨਤਕ ਮੀਟਿੰਗਾਂ, ਟੀ.ਵੀ. ਪ੍ਰੋਗਰਾਮਾਂ, ਛਪਾਈ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ’ਤੇ ਤੁਹਾਡੇ ਵਿਰੁੱਧ ਕੀਤੇ ਗਏ ਮੇਰੇ ਇਲਜ਼ਾਮਾਂ ਦੇ ਕਾਰਨ, ਤੁਸੀਂ ਅੰਮ੍ਰਿਤਸਰ ਦੇ ਅਦਾਲਤ ਵਿਚ ਸਾਡੇ ਖ਼ਿਲਾਫ਼ ਮਾਣਹਾਨੀ ਦੇ ਕੇਸ ਦਾਇਰ ਕੀਤੇ ਹਨ। ਮੈਂ ਇਸ ਤਰ੍ਹਾਂ ਤੁਹਾਡੇ ਬਾਰੇ ਦਿੱਤੇ ਸਾਰੇ ਬਿਆਨ ਅਤੇ ਇਲਜ਼ਾਮਾਂ ਨੂੰ ਖ਼ਾਰਜ ਕਰਦਾ ਹਾਂ ਅਤੇ ਇਸਦੇ ਲਈ ਮੁਆਫ਼ੀ ਮੰਗਦਾ ਹਾਂ। ਤੁਹਾਡੇ ਮਾਣ ਨੂੰ ਹੋਏ ਨੁਕਸਾਨ, ਤੁਹਾਡੇ ਪਰਿਵਾਰ, ਦੋਸਤਾਂ, ਸ਼ੁੱਭਚਿੰਤਕ, ਅਨੁਯਾਇਆਂ ਅਤੇ ਤੁਹਾਡੇ ਲਈ ਹੋਈ ਨੁਕਸਾਨ ਕਾਰਨ ਅਫ਼ਸੋਸ ਪ੍ਰਗਟ ਕਰ ਦਾ ਹਾਂ। ਇਸ ’ਤੇ ਮਜੀਠੀਆ ਨੇ ਆਪਣੇ ਵਕੀਲ ਨੂੰ ਅੰਮ੍ਰਿਤਸਰ ਵਿਚ ਹੋਏ ਮਾਣਹਾਨੀ ਕੇਸ ਨੂੰ ਵਾਪਸ ਲੈਣ ਲਈ ਕਿਹਾ ਹੈ।
ਸਿੱਖ ਸਿਧਾਂਤਾਂ ਪਰੰਪਰਾਵਾਂ ’ਤੇ ਚੋਟ ਮਾਰਨ, ਪਾਣੀਆਂ ਦੇ ਮੁੱਦੇ, ਐਸ ਵਾਈ ਐਲ ਪ੍ਰਤੀ ਪੰਜਾਬ ਦੇ ਪੱਖ ਤੋਂ ਯੂ ਟਰਨ ਲੈਣ ਨਾਲ ਹੀ ਕੇਜਰੀਵਾਲ ਦਾ ਪੰਜਾਬ ਅਤੇ ਸਿਖੀ ਪ੍ਰਤੀ ਹੇਜ ਦਾ ਤਾਂ ਪਹਿਲਾਂ ਹੀ ਪ੍ਰਦਾਫਾਸ਼ ਹੋ ਚੁਕਿਆ ਸੀ। ਉਤੋਂ ਚੋਣਾਂ ਦੌਰਾਨ ਆਪ ਆਗੂਆਂ ’ਤੇ ਲਗੇ ਪਾਰਟੀ ਟਿਕਟਾਂ ਵੇਚਣ ਅਤੇ ਇਸਤਰੀਆਂ ਦੇ ਸ਼ੌਸ਼ਣ ਦੇ ਦੋਸ਼ਾਂ ਨੇ ਕੇਜਰੀਵਾਲ ਦਾ ਕਚੂਮੜ ਕਢਿਆ ਹੋਇਆ ਸੀ। ਉਸ ਵਕਤ ਆਪ ਦੀ ਬੇੜੀ ਨੂੰ ਪਾਰ ਲਾਉਣ ਲਈ ਉਨ੍ਹਾਂ ਨਸ਼ਿਆਂ ਦੀ ਸੌਦਾਗਰੀ ’ਚ ਅਕਾਲੀ ਆਗੂਆਂ ਦੀ ਸ਼ਮੂਲੀਅਤ ਦਾ ਮੁਦਾ ਜੋਰ ਸ਼ੋਰ ਨਾਲ ਉਠਾਉਣ ਦਾ ਅਨੈਤਿਕ ਰਸਤਾ ਅਖਤਿਆਰ ਕੀਤਾ।
ਉਨ੍ਹਾਂ ਚੋਣਾਂ ’ਚ ਪੰਜਾਬ ਨਾਲ ਸੰਬੰਧਿਤ ਰਾਜਸੀ ਮੁੱਦਿਆਂ ਦੀ ਥਾਂ ਜਿਵੇਂ ਨਸ਼ਿਆਂ ਦੇ ਮੁੱਦੇ ’ਤੇ ਮਜੀਠੀਆ ਦੀ ਛਵੀ ਖਰਾਬ ਕਰ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਚਾਲ ਚਲੀ ਉਸ ਨੇ ਪੰਜਾਬੀ ਨੋਜਵਾਨਾਂ ਦਾ ਅਕਸ ਵੀ ਦੇਸ਼ ਵਿਦੇਸ਼ ਵਿਚ ਧੁਦਲਾ ਕਰਨ ’ਚ ਕੋਈ ਕਸਰ ਨਹੀਂ ਛਡੀ।ਅਜਿਹਾ ਹੀ ਵਰਤਾਰਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਵੀ ਰਿਹਾ ਜਿਨਾਂ ਬਿਨਾ ਠੋਸ ਸਬੂਤ ਪੰਜਾਬੀਆਂ ਨੂੰ 70 ਫੀਸਦੀ ਨਸ਼ੇਈ ਦਸਿਆ। ਬੇਸ਼ਕ ਉਸ ਵਕਤ ਫੌਜ ਅਤੇ ਪੁਲੀਸ ਦੀ ਭਰਤੀ ਦੌਰਾਨ ਇਕ ਫੀਸਦੀ ਨੌਜਵਾਨ ਵੀ ਨਸ਼ੇਈ ਹੋਣਾ ਨਹੀਂ ਪਾਇਆ ਗਿਆ। ਪੰਜਾਬ ਅਤੇ ਪੰਜਾਬੀ ਆਪਣੀ ਮਿਹਨਤ ਮੁਸ਼ਕਤ ਅਤੇ ਸਾਫ ਛਵੀ ਲਈ ਜਾਣੇ ਜਾਂਦੇ ਹਨ ਅਤੇ ਦੇਸ਼ ਵਿਦੇਸ਼ ਵਿਚ ਜਿੱਥੇ ਵੀ ਗਏ ਪੰਜਾਬੀਆਂ ਨੇ ਆਪਣੇ ਕਿਰਦਾਰ ਸਦਕਾ ਸਮਾਜਕ ਪੈਠ ਬਣਾਈ।
ਨਸ਼ਿਆਂ ਦੀ ਬਦਨਾਮੀ ਨੇ ਪੰਜਾਬ ਅਤੇ ਪੰਜਾਬੀ ਨੌਜਵਾਨਾਂ ਪ੍ਰਤੀ ਲੋਕਾਂ ਦੀ ਸੋਚ ’ਚ ਨਕਾਰਾਤਮਕ ਤਬਦੀਲੀ ਦਾ ਰਾਹ ਅਖਤਿਆਰ ਕੀਤਾ ਅਤੇ ਪੰਜਾਬ ’ਚ ਪੂੰਜੀ ਨਿਵੇਸ਼ ’ਚ ਖੜੋਤ ਆਉਣ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੀ ਪੰਜਾਬੀ ਨੌਜਵਾਨ ਨੂੰ ਸ਼ਕੀ ਨਿਗਾਹਾਂ ਨਾਲ ਦੇਖਿਆ ਜਾਣ ਲਗਾ। ਹੁਣ ਜਦ ਕੇਜਰੀਵਾਲ ਅਤੇ ਰਾਹੁਲ ਦੇ ਵਰਤਾਰੇ ਨੇ ਅਕਾਲੀ ਦਲ ਦਾ ਹੀ ਨਹੀਂ ਪੰਜਾਬ ਦੀ ਜਵਾਨੀ ਦਾ ਵੀ ਨੁਕਸਾਨ ਕੀਤਾ ਹੈ। ਕੀ ਕੇਜਰੀਵਾਲ ਮਜੀਠੀਅਹਾ ਤੋਂ ਮੁਆਫ਼ੀ ਮੰਗ ਲੈਣਾ ਕਾਫੀ ਹੈ। ਕੀ ਉਸ ਨੂੰ ਹੁਣ ਆਪਣੇ ਝੂਠ ਫਰੇਬ ਲਈ ਮੁਆਫ ਕਰ ਦੇਣਾ ਚਾਹੀਦਾ ਹੈ? ਰਾਹੁਲ ਅਤੇ ਕੇਜਰੀਵਾਲ ਦੇ ਝੂਠੇ ਦਾਅਵਿਆਂ ਦਾ ਸੇਕ ਪੰਜਾਬ ਦੀ ਨੌਜਵਾਨੀ ਨੂੰ ਵੀ ਝਲਣ ਪਿਆ, ਕੀ ਇਸ ਲਈ ਇਹਨਾਂ ਦੋਵਾਂ ਦਾ ਪੰਜਾਬ ਦੀ ਨੌਜਵਾਨੀ ਕੋਲੋ ਮੁਆਫ਼ੀ ਮੰਗਣੀ ਜਰੂਰੀ ਨਹੀਂ। ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਅਤੇ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਦਾ ਜੇ ਕੋਈ ਪਹਿਲੂ ਕਿਸੇ ਨੂੰ ਯਾਦ ਰਿਹਾ ਤਾਂ ਉਹ ਮਜੀਠੀਆ ਵਿਰੁਧ ਨਸ਼ੇ ਦੇ ਤਸਕਰੀ ਵਿਚ ਸ਼ਾਮਿਲ ਹੋਣ ਦਾ ਮੁਦਾ ਰਿਹਾ। ਜਿਸ ਨੂੰ ਉਨ੍ਹਾਂ ਵੱਲੋਂ ਪੂਰੇ ਜੋਰ ਸ਼ੋਰ ਨਾਲ ਸਟੇਜਾਂ ਅਤੇ ਮੀਡੀਆ ਰਾਹੀਂ ਉਠਾਇਆ ਗਿਆ। ਅਜਿਹੇ ਇਲਜ਼ਾਮ ਜਿਨ੍ਹਾਂ ਦਾ ਉਦੇਸ਼ ਕਿਸੇ ਦੀ ਛਵੀ ਨੂੰ ਖਰਾਬ ਕਰਨ ਨਾਲ ਹੈ ਅਜਿਹੀ ਸਿਆਸਤ ਮੂਲੋਂ ਖਤਮ ਹੋਣੀ ਚਾਹੀਦੀ ਹੈ।