ਫ਼ਤਹਿਗੜ੍ਹ ਸਾਹਿਬ – “ਜਦੋਂ 1947 ਤੋਂ ਮੁਲਕ ਦੀ ਵੰਡ ਹੋਈ ਹੈ, ਉਸ ਸਮੇਂ ਤੋਂ ਹੀ ਇੰਡੀਆਂ ਦੇ ਕੱਟੜਵਾਦੀ ਹੁਕਮਰਾਨਾਂ ਵੱਲੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਨਿਰੰਤਰ ਵਿਧਾਨਿਕ, ਸਮਾਜਿਕ, ਇਖ਼ਲਾਕੀ, ਧਾਰਮਿਕ ਅਤੇ ਭੂਗੋਲਿਕ ਤੌਰ ਤੇ ਵੱਡੇ ਵਿਤਕਰੇ ਤੇ ਜ਼ਬਰ-ਜੁਲਮ ਹੁੰਦੇ ਆ ਰਹੇ ਹਨ । ਸਿੱਖ ਕੌਮ ਨਾਲ ਇਕੋ ਕਾਨੂੰਨ ਤੇ ਇਕੋਂ ਵਿਧਾਨ ਤਹਿਤ ਦੂਜੇ ਸ਼ਹਿਰੀਆਂ ਵਾਲਾ ਜ਼ਲਾਲਤ ਭਰਿਆ ਵਿਵਹਾਰ ਹੁੰਦਾ ਆ ਰਿਹਾ ਹੈ । ਹੁਣੇ ਹੀ ਕੁਝ ਦਿਨ ਪਹਿਲੇ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਨੇ ਅੰਮ੍ਰਿਤਸਰ ਵਿਖੇ ਜ਼ਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦੇ ਹੋਏ ਉਸ ਸਾਕੇ ਦਾ ਬਦਲਾ ਲੈਣ ਵਾਲੇ ਅਤੇ ਟਾਰਗੈਟ ਨਿਸ਼ਾਨੇ ਅਧੀਨ ਜਨਰਲ ਡਾਇਰ ਨੂੰ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਸ਼ਹੀਦ ਉਧਮ ਸਿੰਘ ਦੇ ਬੁੱਤ ਨੂੰ ਸਤਿਕਾਰ ਵੱਜੋਂ ਸਥਾਪਿਤ ਕਰਦੇ ਹੋਏ ਪਰਦਾ ਹਟਾਉਦੇ ਹੋਏ ਸਤਿਕਾਰ ਦਿੱਤਾ। ਪਰ ਦੂਸਰੇ ਪਾਸੇ ਜਿਨ੍ਹਾਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਕੌਮ ਉਤੇ ਜ਼ਬਰ-ਜੁਲਮ ਢਾਹੁਣ ਵਾਲੇ ਟਾਰਗੈਟ ਨਿਸ਼ਾਨੇ ਦੀ ਪੂਰਤੀ ਕੀਤੀ, ਉਨ੍ਹਾਂ ਨੂੰ ਇਕੋ ਵਿਧਾਨ ਤੇ ਇਕੋ ਕਾਨੂੰਨ ਅਧੀਨ ਫ਼ਾਂਸੀਆ ਦਿੱਤੀਆ ਗਈਆ । ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਿਆ ਸਿੰਘ ਲਾਹੌਰੀਆ ਆਦਿ ਜਿਨ੍ਹਾਂ ਨੇ ਕੌਮੀ ਦੁਸ਼ਮਣਾਂ ਦੇ ਟਾਰਗੈਟ ਨਿਸ਼ਾਨੇ ਦੀ ਪੂਰਤੀ ਕੀਤੀ ਅਤੇ ਕਿਸੇ ਤਰ੍ਹਾਂ ਦਾ ਮਨੁੱਖਤਾ ਦਾ ਨੁਕਸਾਨ ਨਹੀਂ ਕੀਤਾ, ਉਨ੍ਹਾਂ ਨੂੰ ਵੀ ਹੁਕਮਰਾਨ ਲੰਮੇ ਸਮੇਂ ਤੋਂ ਬੰਦੀ ਬਣਾਕੇ ਬੈਠੇ ਹਨ ਅਤੇ ਆਉਣ ਵਾਲੇ ਕੱਲ੍ਹ ਇਥੋਂ ਦੀਆਂ ਪੱਖਪਾਤੀ ਅਦਾਲਤਾਂ ਅਤੇ ਹੁਕਮਰਾਨ ਭਾਈ ਜਗਤਾਰ ਸਿੰਘ ਤਾਰਾ ਦਾ ਫੈਸਲਾ ਦੇਣ ਜਾ ਰਹੇ ਹਨ । ਜੇਕਰ ਅੱਜ ਸ਼ਹੀਦ ਉਧਮ ਸਿੰਘ ਦੇ ਸਤਿਕਾਰ ਵੱਜੋਂ ਬੁੱਤ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਹੁਕਮਰਾਨ ਹੀਰੋ ਮੰਨਦੇ ਹਨ, ਤਾਂ ਸਿੱਖ ਕੌਮ ਦੇ ਹੀਰੋਜ਼ ਨਾਲ ਉਸੇ ਕਾਨੂੰਨ ਤੇ ਵਿਧਾਨ ਤਹਿਤ ਵੱਖਰੇ ਮਾਪਦੰਡ ਅਪਣਾਉਣੇ ਅਤੇ ਸਟੇਟਲੈਸ ਸਿੱਖ ਕੌਮ ਨਾਲ ਭਾਰੀ ਵਿਤਕਰੇ, ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਹੋਣ ਦੀ ਬਦੌਲਤ ਅੱਜ ਖ਼ਾਲਿਸਤਾਨ ਸਟੇਟ ਕਾਇਮ ਕਰਨ ਦੀ ਸਖ਼ਤ ਲੋੜ ਬਣ ਗਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋਂ ਇੰਡੀਆਂ ਦੇ ਹੀਰੋਜ਼ ਨੂੰ ਸਤਿਕਾਰ-ਮਾਣ ਦੇਣ, ਉਨ੍ਹਾਂ ਦੀਆਂ ਯਾਦਗਰਾਂ ਬਣਾਉਣ ਅਤੇ ਦੂਸਰੇ ਪਾਸੇ ਸਿੱਖ ਕੌਮ ਦੇ ਹੀਰੋਜ਼ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਫ਼ਾਂਸੀਆਂ ਦੇਣ ਅਤੇ ਲੰਮੇਂ-ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦੀ ਬਣਾਕੇ ਰੱਖਣ ਦੇ ਅਪਣਾਏ ਜਾ ਰਹੇ ਦੋਹਰੇ ਮਾਪਦੰਡ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਨ੍ਹਾਂ ਉਪਰੋਕਤ ਹੋ ਰਹੇ ਭਾਰੀ ਵਿਤਕਰਿਆ ਦਾ ਅੰਤ ਕਰਨ ਲਈ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਦੀ ਲੋੜ ਦਾ ਬਾਦਲੀਲ ਢੰਗ ਨਾਲ ਵਿਚਾਰ ਪੇਸ਼ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਅਸੀਂ ਸ਼ਹੀਦ ਉਧਮ ਸਿੰਘ ਦੀ ਸ਼ਹਾਦਤ ਨੂੰ ਤਾਂ ਪ੍ਰਵਾਨ ਕਰਦੇ ਹਾਂ, ਕਿਉਂਕਿ ਉਸਨੇ ਆਪਣੇ ਟਾਰਗੈਟ ਨੂੰ ਪੂਰਨ ਕੀਤਾ ਹੈ, ਮਨੁੱਖਤਾ ਦਾ ਘਾਣ ਨਹੀਂ ਕੀਤਾ । ਪਰ ਭਗਤ ਸਿੰਘ ਨੂੰ ਅਸੀਂ ਸ਼ਹੀਦ ਪ੍ਰਵਾਨ ਨਹੀਂ ਕਰਦੇ, ਕਿਉਂਕਿ ਉਸਨੇ ਨਿਰਦੋਸ਼ ਅੰਗਰੇਜ਼ ਅਫ਼ਸਰ ਸਾਂਡਰਸ ਅਤੇ ਇਕ ਗੁਰਸਿੱਖ ਹੌਲਦਾਰ ਚੰਨਣ ਸਿੰਘ ਉਤੇ ਗੋਲੀਆਂ ਚਲਾਕੇ ਖ਼ਤਮ ਕਰ ਦਿੱਤਾ ਸੀ, ਫਿਰ ਉਸਨੇ ਅਸੈਂਬਲੀ ਵਿਚ ਵੀ ਬੰਬ ਰੱਖਿਆ ਸੀ ।
ਉਨ੍ਹਾਂ ਕਿਹਾ ਕਿ ਬਰਤਾਨੀਆ ਦੇ ਲੰਡਨ ਦੇ ਇਲਿੰਗ ਏਰੀਆ ਤੋਂ ਐਮ.ਪੀ. ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਵੱਲੋਂ ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੀਬੀ ਥਰੇਸਾ ਮੇਅ ਨੂੰ ਪੱਤਰ ਲਿਖਦੇ ਹੋਏ ਮੰਗ ਕੀਤੀ ਹੈ ਕਿ ਅੰਗਰੇਜ਼ ਹਕੂਮਤ ਨੇ ਜੋ 1919 ਵਿਚ ਜ਼ਲ੍ਹਿਆਂਵਾਲੇ ਬਾਗ ਵਿਖੇ ਮਨੁੱਖਤਾ ਦਾ ਕਤਲੇਆਮ ਕੀਤਾ, ਉਸ ਲਈ ਬਰਤਾਨੀਆ ਦੀ ਹਕੂਮਤ ਪਾਰਲੀਮੈਂਟ ਵਿਚ ਅਤੇ ਜਨਤਕ ਤੌਰ ਤੇ ਮੁਆਫ਼ੀ ਮੰਗੇ । ਅਸੀਂ ਇਸ ਗੱਲ ਦੀ ਬਿਲਕੁਲ ਵਿਰੋਧਤਾ ਨਹੀਂ ਕਰਦੇ । ਪਰ ਜੋ ਜ਼ਲ੍ਹਿਆਂਵਾਲੇ ਬਾਗ ਦੇ ਬਿਲਕੁਲ ਨਜ਼ਦੀਕ 1984 ਵਿਚ ਇੰਡੀਆਂ, ਬਰਤਾਨੀਆ ਅਤੇ ਸੋਵੀਅਤ ਰੂਸ ਦੀਆਂ ਫ਼ੌਜਾਂ ਨੇ ਇਕ ਹੋ ਕੇ ਇਕ ਡੂੰਘੀ ਸਾਜਿ਼ਸ ਅਧੀਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ‘ਕੋਲਡ ਵਾਰ’ ਕਰਦੇ ਹੋਏ ਕੋਈ 25 ਹਜ਼ਾਰ ਦੇ ਕਰੀਬ ਨਿਰਦੋਸ਼ ਨਿਹੱਥੇ ਸ੍ਰੀ ਗੁਰੂ ਅਰਜਣ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਅਤੇ 1919 ਦੇ ਜ਼ਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਵੀ ਵੱਡਾ ਮਨੁੱਖਤਾ ਦਾ ਕਤਲੇਆਮ ਕੀਤਾ, ਉਸ ਸੰਬੰਧੀ ਸ੍ਰੀ ਵਰਿੰਦਰ ਸ਼ਰਮਾਂ ਅਤੇ ਹਿੰਦੂਤਵ ਹੁਕਮਰਾਨ ਅਤੇ ਬਲਿਊ ਸਟਾਰ ਵਿਚ ਸ਼ਾਮਿਲ ਬਰਤਾਨੀਆ ਵੱਲੋਂ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਗੱਲ ਨੂੰ ਨਜ਼ਰ ਅੰਦਾਜ ਕਰਕੇ ਖੁਦ ਹੀ ਤਾਂ ਪ੍ਰਤੱਖ ਕਰ ਰਹੇ ਹਨ ਕਿ ਸਿੱਖ ਕੌਮ ਨੂੰ ਅਮਨ-ਚੈਨ ਅਤੇ ਜਮਹੂਰੀਅਤ ਤਰੀਕੇ ਜਿੰਦਗੀ ਬਸਰ ਕਰਨ ਲਈ ਆਪਣੇ ਵੱਖਰੇ ਮੁਲਕ ਖ਼ਾਲਿਸਤਾਨ ਦੀ ਲੋੜ ਹੈ । ਅਜਿਹੀਆ ਵਜਹ ਹਨ ਜਿਸ ਕਰਕੇ ਸਿੱਖ ਕੌਮ ਨੂੰ ਹਰ ਕੀਮਤ ‘ਤੇ ਆਪਣਾ ਮੁਲਕ ਖ਼ਾਲਿਸਤਾਨ ਕਾਇਮ ਕਰਨਾ ਪਵੇਗਾ ।
ਸ. ਮਾਨ ਨੇ ਆਪਣੇ ਕੌਮਾਂਤਰੀ ਅਤੇ ਨੀਤੀ ਬਿਆਨ ਵਿਚ ਇਕ ਹੋਰ ਬਰਤਾਨੀਆ ਦੀ ਵਜ਼ੀਰ-ਏ-ਆਜਮ ਬੀਬੀ ਥਰੇਸਾ ਮੇਅ ਵੱਲੋਂ ਆਪਣੇ ਦੇਸ਼ ਵਿਚ ਸਥਿਤ 23 ਰੂਸ ਦੇ ਡਿਪਲੋਮੈਟਾਂ ਨੂੰ ਬਰਖਾਸਤ ਕਰ ਦੇਣ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਉਸੇ ਰੂਪ ਵਿਚ ਰੂਸ ਵੀ ਬਦਲੇ ਅਧੀਨ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ । ਹੁਣ ਇਹ ਦੋਵੇ ਮੁਲਕ ਜੋ ਸਿੱਖ ਕੌਮ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਸਮੇਂ ਹਿੰਦ ਫ਼ੌਜਾਂ ਨਾਲ ਸਾਂਝੇ ਤੌਰ ਤੇ ਇਕ ਦੋਸਤ ਦੇ ਰੂਪ ਵਿਚ ਵਿਚਰੇ ਸਨ, ਅੱਜ ਇਹ ਕੌਮਾਂਤਰੀ ਪਲੇਟਫਾਰਮ ਤੇ ਇਕ-ਦੂਸਰੇ ਦੇ ਦੁਸ਼ਮਣ ਬਣਦੇ ਨਜ਼ਰ ਆ ਰਹੇ ਹਨ । ਇਹ ਕੁਦਰਤ ਦਾ ਨਿਯਮ ਹੈ ਕਿ ਬੁਰੇ ਕੰਮਾਂ ਲਈ ਜੋ ਕਿਸੇ ਨੇ ਆਪਣੇ ਹੱਥਾਂ ਨਾਲ ਗੰਢਾ ਪਾਈਆ ਹੋਣ, ਉਹ ਉਨ੍ਹਾਂ ਨੂੰ ਆਪਣੇ ਮੂੰਹਾਂ ਨਾਲ ਖੋਲਣੀਆ ਪੈਦੀਆ ਹਨ । ਜੇਕਰ ਬੀਤੇ ਸਮੇਂ ਵਿਚ ਇਨ੍ਹਾਂ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਨੇ ਮਰਹੂਮ ਇੰਦਰਾ ਗਾਂਧੀ ਦੀ ਸਿੱਖ ਵਿਰੋਧੀ ਸਾਜਿ਼ਸ ਵਿਚ ਭਾਈਵਾਲੀ ਪਾ ਕੇ ਸਿੱਖ ਕੌਮ ਤੇ ਮਨੁੱਖਤਾ ਦਾ ਕਤਲੇਆਮ ਕੀਤਾ, ਅੱਜ ਇਹ ਦੋਵੇ ਮੁਲਕ ਆਪਣੇ ਕੁਕਰਮਾਂ ਲਈ ਉਸ ਕੁਦਰਤੀ ਨਿਯਮਾਂ ਅਨੁਸਾਰ ਦੁਸ਼ਮਣ ਬਣਕੇ ਇਕ-ਦੂਸਰੇ ਸਾਹਮਣੇ ਖੜ੍ਹੇ ਹਨ । ਇਸ ਲਈ ਕੁਦਰਤ ਦੇ ਫੈਸਲੇ ਤੋਂ ਕੋਈ ਵੀ ਨਹੀਂ ਬਚ ਸਕਦਾ । ਇਸ ਗੱਲ ਨੂੰ ਹਿੰਦੂਤਵ ਹੁਕਮਰਾਨਾਂ ਅਤੇ ਇਨ੍ਹਾਂ ਦਾ ਜ਼ਬਰ-ਜੁਲਮ ਵਿਚ ਸਾਥ ਦੇਣ ਵਾਲੇ ਹੁਕਮਰਾਨਾਂ ਤੇ ਮੁਲਕਾਂ ਨੂੰ ਇਹ ਗੱਲ ਸਦਾ ਆਪਣੇ ਜ਼ਹਿਨ ਵਿਚ ਰੱਖਣੀ ਚਾਹੀਦੀ ਹੈ । ਹਿੰਦੂਤਵ ਹੁਕਮਰਾਨਾਂ ਦੇ ਸਿੱਖ ਕੌਮ ਵਿਰੋਧੀ ਜ਼ਬਰ-ਜੁਲਮ, ਵਿਤਕਰਿਆ ਅਤੇ ਨਿਰੰਤਰ ਹੁੰਦੀਆ ਆ ਰਹੀਆ ਵਿਧਾਨਿਕ ਤੇ ਸਮਾਜਿਕ ਬੇਇਨਸਾਫ਼ੀਆਂ ਹੀ ‘ਖ਼ਾਲਿਸਤਾਨ’ ਨੂੰ ਕਾਇਮ ਕਰਨ ਦੀ ਅਤਿ ਲੋੜ ਨੂੰ ਪ੍ਰਤੱਖ ਜ਼ਾਹਰ ਕਰਦੀਆ ਹਨ ।