ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਪ੍ਰਤੀ ਭਾਈ ਜਗਤਾਰ ਸਿੰਘ ਤਾਰਾ ਵਿਰੁੱਧ ਸੁਣਾਈ ਗਈ ਮੌਤ ਤਕ ਉਮਰ ਕੈਦ ਦੀ ਸਜਾ ਨਾਲ ਸਿੱਖ ਕੌਮ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਭਾਰਤੀ ਨਿਆਂ ਪ੍ਰਣਾਲੀ ਵਿੱਚ ਸਿੱਖ ਕੌਮ ਦਾ ਭਰੋਸਾ ਬਣਾਈ ਰੱਖਣ ਲਈ ਭਾਈ ਤਾਰਾ ਨੂੰ ਰਿਹਾਅ ਕਰਨ ਪ੍ਰਤੀ ਵਿਸ਼ੇਸ਼ ਕਦਮ ਚੁੱਕੇ ਜਾਣ ਦੀ ਸਰਕਾਰ ਤੋਂ ਦੀ ਮੰਗ ਕੀਤੀ ਹੈ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਸੁਣਾਈ ਗਈ ਸਖ਼ਤ ਸਜਾ ਨਾਲ ਕੌਮ ਦੇ ਹੱਕ ਹਕੂਕ ਲਈ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਦਾ ਹੌਸਲਾ ਪਸਤ ਨਹੀਂ ਕੀਤਾ ਜਾ ਸਕੇਗਾ। ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਆਪਣੇ ਬਚਾਅ ਲਈ ਕੋਈ ਹੀਆ ਅਤੇ ਰਹਿਮ ਦੀ ਅਪੀਲ ਨਾ ਕਰ ਕੇ ਭਾਈ ਜਗਤਾਰ ਸਿੰਘ ਤਾਰਾ ਨੇ ਕੌਮ ਦੀ ਤਰਜਮਾਨੀ ਕਰਦਿਆਂ ਪੰਥਕ ਸਿਧਾਂਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਿਆ ਅਤੇ ਉਸ ’ਤੇ ਮਜ਼ਬੂਤੀ ਨਾਲ ਪਹਿਰਾ ਦਿੱਤਾ ਹੈ। ਪ੍ਰੋ: ਸਰਚਾਂਦ ਸਿੰਘ ਰਾਹੀਂ ਜਾਰੀ ਬਿਆਨ ’ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਭਾਈ ਤਾਰਾ ਦਾ ਆਪਣੇ ਬਚਾਅ ਲਈ ਅਗੇ ਨਾ ਆਉਣ ਭਾਰਤੀ ਨਿਆਂ ਪ੍ਰਣਾਲੀ ’ਤੇ ਗਹਿਰੀ ਚੋਟ ਹੈ ਅਤੇ ਭਾਰਤ ’ਚ ਘਟ ਗਿਣਤੀ ਕੌਮਾਂ ਨਾਲ ਹੋ ਰਹੇ ਅਨਿਆਂ ਅਤੇ ਨਿਆਂ ਪ੍ਰਣਾਲੀ ’ਚ ਘਟ ਗਿਣਤੀਆਂ ਦਾ ਭਰੋਸਾ ਖਤਮ ਚੁੱਕੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਦੇ ਹੱਕ ਹਕੂਕ, ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਕਾਰਵਾਈ ਅਤੇ ’84 ਦੇ ਸਿੱਖ ਕਤਲੇਆਮ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ।ਉਹਨਾਂ ਕਿਹਾ ਕਿ ਬੇਅੰਤ ਸਿੰਘ ਦੀ ਸਰਕਾਰ ਸਮੇਂ ਹਜ਼ਾਰਾਂ ਬੇ ਕਸੂਰ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਖਪਾਉਂਦਿਆਂ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਰਿਹਾ। ਅਤਿਵਾਦੀ ਅਤੇ ਵੱਖਵਾਦੀ ਬਣਾਉਣ ਦਾ ਕੰਮ ਸਰਕਾਰ ਅਤੇ ਪੁਲੀਸ ਦੀ ਮਿਲੀ ਭੁਗਤ ਨਾਲ ਹੋਣ ਦੇ ਕਈ ਖ਼ੁਲਾਸੇ ਸਾਹਮਣੇ ਆਏ। ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਜਾਵਾਂ ਦੇਣ ਦੀ ਥਾਂ ਬੇਅੰਤ ਸਿੰਘ ਸਰਕਾਰ ਨੇ ਉਹਨਾਂ ਨੂੰ ਤਰੱਕੀਆਂ ਅਤੇ ਉਚੇ ਅਹੁਦਿਆਂ ਨਾਲ ਨਿਵਾਜਿਆ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਨਵੰਬਰ ’84 ’ਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤਕ ਕੋਈ ਸਜਾ ਨਹੀਂ ਹੋਈ ਪਰ ਇੰਦਰਾ ਗਾਂਧੀ, ਰਾਜੀਵ ਅਤੇ ਬੇਅੰਤ ਸਿੰਘ ਦੇ ਕਾਤਲਾਂ ਲਈ ਦੋਸ਼ੀਆਂ ਨੂੰ ਸਜਾਵਾਂ ਹੋ ਜਾਂਦੀਆਂ ਹਨ।ਉਹਨਾਂ ਕਿਹਾ ਕਿ ਸਿੱਖ ਕੌਮ ਆਪਣੇ ਹੱਕ ਸੱਚ ਅਤੇ ਨਿਆਂ ਲਈ ਲੜਾਈ ਜਾਰੀ ਰੱਖੇਗੀ ।