ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਟਾਣੀ ਕਲਾਂ ਦੇ ਵਿਦਿਆਰਥੀਆਂ ਵਲੋਂ ਰੈਲਮਾਜਰਾ ਰੋਪੜ ਵਿਖੇ ਆਯੋਜਿਤ ਅੰਡਰ ਕਾਲਜ ਅਥਲੈਟਿਕ ਮੀਟ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਮੁਹਾਰਤ ਹਾਸਿਲ ਕੀਤੀ। ਇਸ ਮੀਟ ਵਿਚੋਂ ਐਲ. ਸੀ. ਈ. ਟੀ. ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਵਿਚ ਦਲਜੀਤ ਕੌਰ ਨੇ 800 ਮੀਟਰ ਦੌੜ ਵਿਚੋਂ, ਸੁਸ਼ੀਲ ਕੁਮਾਰ ਨੇ 110 ਮੀਟਰ ਦੌੜ ਵਿਚੋਂ ਅਤੇ ਹਰਬੀਰ ਸਿੰਘ 1500 ਮੀਟਰ ਦੌੜ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਇਸ ਦੌਰਾਨ ਐਲ. ਸੀ. ਈ. ਟੀ. ਦੇ ਪਿ੍ੰਸੀਪਲ ਡਾ. ਜਰਨੈਲ ਸਿੰਘ ਨੇ ਕਿਹਾ ਕਿ ਖੇਡਾਂ ਕਾਮਯਾਬ ਵਿਅਕਤੀ ਬਣਨ ਲਈ ਇਕ ਸਵੈ-ਮਾਣ ਅਤੇ ਸਵੈ-ਵਿਸ਼ਵਾਸ਼ ਪੈਦਾ ਕਰਨ ਵਿਚ ਮਦਦ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਟੀਚੇ ਪ੍ਰਤੀ ਕੇਂਦਰਤ ਰਹਿਣ ਅਤੇ ਖੇਡਾਂ ਉਨ੍ਹਾਂ ਨੂੰ ਤੰਦਰੁਸਤ ਅਤੇ ਟੀਚੇ ਪ੍ਰਤੀ ਕੇਂਦਰਤ ਰਹਿਣ ਵਿਚ ਵੀ ਮਦਦ ਕਰਦੀਆਂ ਹਨ।
ਇਸ ਮੌਕੇ ਕਾਲਜ ਦੇ ਚੇਅਰਮੈਨ ਵਿਜੈ ਗੁਪਤਾ ਨੇ ਖੇਡਾਂ ਦੇ ਖੇਤਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡ ਭਾਵਨਾ ਅਤੇ ਸਮਰਪਣ ਦੀ ਭਾਵਨਾ ਨਾਲ ਖੇਡਾਂ ਵਿਚ ਹਿੱਸਾ ਲੈਂਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਇਸ ਮੌਕੇ ਜੇਤੂ ਵਿਦਿਆਰਥੀਆਂ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਕੋਚ ਦੀ ਪ੍ਰਸ਼ੰਸਾਂ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।