ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਕਾਂਗਰਸ ਜਮਾਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਉਣ ਉਪਰੰਤ ਸ੍ਰੀ ਰਾਹੁਲ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਹੋਰ ਹਮਖਿਆਲ ਸਿਆਸੀ ਜਮਾਤਾਂ ਨਾਲ ਗੱਲਬਾਤ ਕਰਕੇ ਅਗਲੀ ਸਿਆਸੀ ਰਣਨੀਤੀ ਘੜਨ ਲਈ ਤਿਆਰ ਹਨ । ਅਜਿਹੇ ਅਮਲ ਕਰਨ ਨਾਲ ਮੁਤੱਸਵੀ ਹੁਕਮਰਾਨਾਂ ਦੀਆਂ ਹਮਖਿਆਲ ਸੰਗਠਨਾਂ, ਜਮਾਤਾਂ ਜਿਨ੍ਹਾਂ ਵੱਲ ਉਨ੍ਹਾਂ ਨੇ ਇਸਾਰਾ ਕੀਤਾ ਹੈ, ਉਨ੍ਹਾਂ ਦੇ ਪੰਜਾਬ ਸੂਬੇ, ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਵਿਚ ਤਾਂ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਿਨ੍ਹਾਂ ਜਮਾਤਾਂ ਦੀ ਸੈਂਟਰ ਵਿਚ ਹਕੂਮਤ ਰਹੀ ਹੈ ਜਾਂ ਸੈਂਟਰ ਦੀ ਹਕੂਮਤ ਵਿਚ ਭਾਈਵਾਲ ਰਹੀਆ ਹਨ, ਉਹ ਬੀਜੇਪੀ, ਆਰ.ਐਸ.ਐਸ, ਕਾਂਗਰਸ, ਸੀ.ਪੀ.ਆਈ, ਸੀ.ਪੀ.ਐਮ. ਆਦਿ ਸਭਨਾਂ ਦੀ ਸੋਚ ਤੇ ਅਮਲ ਤਾਂ ਘੱਟ ਗਿਣਤੀ ਕੌਮਾਂ ਵਿਰੋਧੀ ਰਹੇ ਹਨ । ਜੋ ਅਕਸਰ ਹੀ ਅਜਿਹੇ ਜ਼ਬਰ-ਜੁਲਮ ਕਰਨ ਸਮੇਂ ਵੱਖ-ਵੱਖ ਪਾਰਟੀਆਂ ਹੋਣ ਦੇ ਬਾਵਜੂਦ ਵੀ ਮੁਤੱਸਵੀ ਸੋਚ ਅਧੀਨ ਇਕ ਹੋ ਜਾਂਦੇ ਹਨ। ਇਸ ਲਈ ਅਜਿਹੀ ਬਿਆਨਬਾਜੀ ਜਾਂ ਅਮਲ ਕਰਨ ਦੀ ਬਦੌਲਤ ਸਿੱਖ ਕੌਮ ਵਿਰੋਧੀ ਉਪਰੋਕਤ ਜਮਾਤਾਂ ਦੀ ਨੀਤੀ ਵਿਚ ਤਾਂ ਕੋਈ ਰਤੀਭਰ ਵੀ ਤਬਦੀਲੀ ਨਹੀਂ ਹੋਵੇਗੀ । ਫਿਰ ਅਜਿਹੀਆ ਜਮਾਤਾਂ ਨਾਲ ਸਿਆਸੀ ਰਣਨੀਤੀ ਬਣਾਉਣ ਨਾਲ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਉਤੇ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮ, ਬੇਇਨਸਾਫ਼ੀਆਂ, ਕਤਲੇਆਮ ਤਾਂ ਬੰਦ ਨਹੀਂ ਹੋ ਸਕਣਗੇ । ਫਿਰ ਸ੍ਰੀ ਰਾਹੁਲ ਗਾਂਧੀ ਜਾਂ ਉਪਰੋਕਤ ਮੁਤੱਸਵੀ ਜਮਾਤਾਂ ਇਥੇ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਿਸ ਤਰ੍ਹਾਂ ਕਾਇਮ ਕਰ ਸਕਣਗੀਆ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਾਂਗਰਸ ਦੇ ਸੈ਼ਸ਼ਨ ਵਿਚ ਸ੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਅਤੇ ਅਸਲੀਅਤ ਵਿਚ ਸਭ ਫੈਸਲੇ ਸੋਨੀਆਂ ਗਾਂਧੀ ਵੱਲੋਂ ਕਰਨ ਅਤੇ ਸ੍ਰੀ ਰਾਹੁਲ ਵੱਲੋਂ ਹਮਖਿਆਲ ਜਮਾਤਾਂ ਦਾ ਸਾਂਝਾ ਸੰਗਠਨ ਬਣਾਉਣ ਦੀ ਕੀਤੀ ਗਈ ਗੱਲ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਅਜਿਹੇ ਅਮਲਾਂ ਨਾਲ ਘੱਟ ਗਿਣਤੀ ਕੌਮਾਂ ਵਿਰੋਧੀ ਹੁਕਮਰਾਨਾਂ ਦੀ ਸੋਚ ਵਿਚ ਕੋਈ ਵੀ ਫਰਕ ਨਾ ਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਗਏ । ਉਨ੍ਹਾਂ ਕਿਹਾ ਕਿ ਜਦੋਂ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰੂਘਰਾਂ ਉਤੇ ਹੋਇਆ, ਉਸ ਸਮੇਂ ਸੈਂਟਰ ਵਿਚ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਦਾ ਰਾਜ ਸੀ । ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ. ਸਭ ਖੱਬੇ ਪੱਖੀ ਪਾਰਟੀਆਂ ਅਤੇ ਹੋਰ ਹਿੰਦੂ ਜਮਾਤਾਂ ਤੇ ਸੰਗਠਨਾਂ ਨੇ ਬਲਿਊ ਸਟਾਰ ਸਮੇਂ ਹੋਏ ਅਣਮਨੁੱਖੀ ਤੇ ਗੈਰ-ਕਾਨੂੰਨੀ ਕਤਲੇਆਮ ਕਰਨ ਲਈ ਅਤੇ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕਰਨ ਲਈ ਕਾਂਗਰਸ ਦੀ ਉਪਰੋਕਤ ਮੰਦਭਾਵਨਾ ਭਰੀ ਕਾਰਵਾਈ ਵਿਚ ਪੂਰਨ ਸਾਥ ਦਿੱਤਾ । ਫਿਰ ਅਕਤੂਬਰ 1984 ਵਿਚ ਜਦੋਂ ਸਿੱਖ ਕੌਮ ਦਾ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਸਾਜ਼ਸੀ ਢੰਗ ਨਾਲ ਕਤਲੇਆਮ ਕੀਤਾ ਗਿਆ ਤਾਂ ਉਸ ਸਮੇਂ ਵੀ ਕਾਂਗਰਸੀ, ਬੀਜੇਪੀ, ਆਰ.ਐਸ.ਐਸ. ਆਦਿ ਮੁਤੱਸਵੀ ਸੰਗਠਨਾਂ ਦੇ ਆਗੂ ਸਿੱਖ ਕਤਲੇਆਮ ਕਰਨ ਵਾਲੀਆ ਟੋਲੀਆਂ ਦੀ ਅਗਵਾਈ ਕਰਦੇ ਸੀ। ਫਿਰ 22 ਦਸੰਬਰ 1992 ਨੂੰ ਜਦੋਂ ਅਯੋਧਿਆ ਵਿਖੇ ਬਾਬਰੀ ਮਸਜਿਦ ਬੀਜੇਪੀ ਅਤੇ ਆਰ.ਐਸ.ਐਸ. ਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਢਹਿ-ਢੇਰੀ ਕੀਤੀ ਗਈ, ਤਾਂ ਉਸ ਸਮੇਂ ਸੈਂਟਰ ਵਿਚ ਨਰਸਿਮਾ ਰਾਓ ਦੀ ਕਾਂਗਰਸ ਸਰਕਾਰ ਸੀ ਅਤੇ ਯੂਪੀ ਵਿਚ ਬੀਜੇਪੀ ਦੇ ਸ੍ਰੀ ਕਲਿਆਣ ਸਿੰਘ ਮੁੱਖ ਮੰਤਰੀ ਸਨ । ਇਸ ਗੈਰ-ਕਾਨੂੰਨੀ ਤੇ ਗੈਰ-ਇਖ਼ਲਾਕੀ ਕਾਰਵਾਈ ਕਰਨ ਵਾਲਿਆ ਵਿਚ ਸਮੁੱਚੀ ਬੀਜੇਪੀ ਲੀਡਰਸਿ਼ਪ ਜਿਵੇਂ ਸ੍ਰੀ ਅਡਵਾਨੀ, ਮੁਰਲੀ ਮਨੋਹਰ ਜੋਸੀ, ਓਮਾ ਭਾਰਤੀ ਆਦਿ ਮੋਹਰੀ ਸਨ । ਫਿਰ 2000 ਵਿਚ ਜਦੋਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ 43 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਸਮੇਂ ਵੀ ਸ੍ਰੀ ਵਾਜਪਾਈ ਦੀ ਬੀਜੇਪੀ ਹਕੂਮਤ ਸੀ । ਨਾ ਤਾਂ ਬੀਜੇਪੀ ਹਕੂਮਤ ਨੇ ਇਸ ਕਤਲੇਆਮ ਦੀ ਕੋਈ ਜਾਂਚ ਕਰਵਾਈ ਅਤੇ ਨਾ ਹੀ ਉਸ ਉਪਰੰਤ ਬਣੀ ਕਾਂਗਰਸ ਦੀ ਹਕੂਮਤ ਨੇ ਇਸਦੀ ਕੋਈ ਜਾਂਚ-ਪੜਤਾਲ ਕਰਕੇ ਸੱਚਾਈ ਸਾਹਮਣੇ ਲਿਆਂਦੀ । ਫਿਰ 2002 ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਸ ਸਮੇਂ ਗੋਦਰਾ ਕਾਂਡ ਵਿਚ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕੀਤਾ ਗਿਆ, ਉਸ ਸਮੇਂ ਵੀ ਇਹ ਜਮਾਤਾਂ ਇਕ ਸਨ । ਫਿਰ 2013 ਵਿਚ ਸ੍ਰੀ ਮੋਦੀ ਦੀ ਹਕੂਮਤ ਵੇਲੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਬੇਜ਼ਮੀਨੇ ਤੇ ਬੇਘਰ ਕੀਤਾ ਗਿਆ, ਉਸ ਸਮੇਂ ਵੀ ਉਪਰੋਕਤ ਜਮਾਤਾਂ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਲਈ ਕੋਈ ਅਮਲ ਨਹੀਂ ਕੀਤਾ। ਦੱਖਣੀ ਸੂਬਿਆਂ ਵਿਚ ਚਰਚਾਂ ਤੇ ਹਮਲੇ ਕਰਕੇ ਅੱਗਾਂ ਲਗਾਉਣ ਸਮੇਂ, ਉਨ੍ਹਾਂ ਦੀਆਂ ਨਨਜਾਂ ਨਾਲ ਬਲਾਤਕਾਰ ਕਰਦੇ ਸਮੇਂ ਅਤੇ ਇਸਾਈ ਮਿਸਨਰੀਆਂ ਦਾ ਕਤਲੇਆਮ ਕਰਦੇ ਸਮੇਂ ਇਹ ਸਭ ਇਕ ਸਨ । ਜਿਸ ਤੋਂ ਸਪੱਸਟ ਹੈ ਕਿ ਘੱਟ ਗਿਣਤੀਆਂ ਉਤੇ ਅਜਿਹੇ ਅਣਮਨੁੱਖੀ ਅਮਲਾਂ ਲਈ ਇਹ ਉਪਰੋਕਤ ਸਭ ਮੁਤੱਸਵੀ ਜਮਾਤਾਂ ਇਕ-ਦੂਜੇ ਦਾ ਨਿਰੰਤਰ ਸਾਥ ਦਿੰਦੀਆ ਆ ਰਹੀਆ ਹਨ । ਫਿਰ ਸ੍ਰੀ ਰਾਹੁਲ ਅਜਿਹੀਆ ਮੁਤੱਸਵੀ ਸਿੱਖ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਨਾਲ ਸਿਆਸੀ ਸਾਂਝ ਪਾ ਕੇ ਇਥੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਿਹੜੀ ਸਿਆਸੀ ਰਣਨੀਤੀ ਬਣਾਉਣ ਦੀ ਗੱਲ ਕਰ ਰਹੇ ਹਨ? ਇਹ ਤਾਂ ਕੇਵਲ ਇਥੋ ਦੇ ਨਿਵਾਸੀਆਂ ਨੂੰ ਲੁਭਾਣੀ ਬਿਆਨਬਾਜੀ ਅਧੀਨ ਗੁੰਮਰਾਹ ਕਰਨ ਵਾਲੇ ਅਮਲ ਹਨ । ਜਦੋਂਕਿ ਇਹ ਉਪਰੋਕਤ ਕਾਂਗਰਸ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ. ਅਤੇ ਹੋਰ ਮੁਤੱਸਵੀ ਸੰਗਠਨ ਨਾ ਤਾਂ ਇਥੇ ਸਥਾਈ ਤੌਰ ਤੇ ਅਮਨ-ਚੈਨ ਕਰਨ ਦੀ ਸਮਰੱਥਾਂ ਰੱਖਦੇ ਹਨ ਅਤੇ ਨਾ ਹੀ ਇਥੇ ਵੱਸਣ ਵਾਲੀਆ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਿਧਾਨਿਕ, ਸਮਾਜਿਕ, ਭੂਗੋਲਿਕ, ਮਾਲੀ ਵਿਤਕਰਿਆ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰ ਸਕਦੇ ਹਨ । ਇਸ ਲਈ ਇਥੋਂ ਦੇ ਨਿਵਾਸੀਆਂ ਨੂੰ ਅਜਿਹੀਆ ਮੁਤੱਸਵੀ ਸੋਚ ਵਾਲੀਆ ਜਮਾਤਾਂ ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਅਤੇ ਸਾਜਿ਼ਸਾਂ ਨੂੰ ਮੁੱਖ ਰੱਖਦੇ ਹੋਏ ਅਜਿਹੀਆ ਪਾਰਟੀਆਂ ਨੂੰ ਕਦੀ ਵੀ ਰਾਜ ਸ਼ਕਤੀ ਦੇਣ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ, ਬਲਕਿ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਉਤੇ ਪਹਿਰਾ ਦੇਣ ਵਾਲੀ ਅਤੇ ਸਮੁੱਚੇ ਵਰਗਾਂ, ਧਰਮਾਂ ਨੂੰ ਬਰਾਬਰਤਾ ਦੇ ਹੱਕ-ਅਧਿਕਾਰ ਪ੍ਰਦਾਨ ਕਰਨ ਦੀ ਚਾਹਨਾ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਨੂੰ ਸਹਿਯੋਗ ਕਰਕੇ ਇਥੇ ਸਾਫ਼-ਸੁਥਰਾ, ਰਿਸ਼ਵਤ ਤੋ ਰਹਿਤ, ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਇਨਸਾਫ਼ ਪਸੰਦ ਰਾਜ ਪ੍ਰਬੰਧ ਕਾਇਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਤਾਂ ਕਿ ਇਥੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਦੀ ਬੰਸਰੀ ਵੱਜ ਸਕੇ ।