ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਤੇ ਬੈਠੇ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਭਾਈ ਖ਼ਾਲਸਾ ਵੱਲੋਂ ਟੈਂਕੀ ਤੋਂ ਛਾਲ ਮਾਰ ਕੇ ਜਾਨ ਦੀ ਦਿੱਤੀ ਗਈ ਕੁਰਬਾਨੀ ਨੂੰ ਸਿਜਦਾ ਕਰਦਿਆਂ ਇਸ ਨੂੰ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਕਿੰਨੀ ਅਫ਼ਸੋਸ ਦੀ ਗਲ ਹੈ ਕਿ ਲਗਾਤਾਰ ਭੁੱਖ ਹੜਤਾਲਾਂ ਦੌਰਾਨ ਉਨ੍ਹਾਂ ‘ਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਗਿਆ ਅਤੇ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਰਿਹਾ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਮਦਮੀ ਟਕਸਾਲ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਤਕ ਕਈ ਵਾਰ ਪਹੁੰਚ ਕੀਤੀ ਗਈ । ਉਹਨਾਂ ਨੂੰ ਸੂਚਿਤ ਵੀ ਕੀਤਾ ਜਾਂਦਾ ਰਿਹਾ ਕਿ ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਕੇਂਦਰ ਸਰਕਾਰ ਗੰਭੀਰਤਾ ਦਿਖਾਉਂਦਿਆਂ ਸੰਬੰਧਿਤ ਰਾਜਾਂ ਨੂੰ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਲਈ ਨਿਰਦੇਸ਼ ਦਿੱਤਾ ਹੈ ਪਰ ਅਸਲ ਵਿੱਚ ਕੋਈ ਠੋਸ ਕਾਰਵਾਈ ਸਰਕਾਰ ਨਹੀਂ ਕਰ ਰਹੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਢੁਕਵੀਂ ਕਾਰਵਾਈ ਜਲਦ ਅਮਲ ਵਿੱਚ ਲਿਆਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਬੰਦੀ ਸਿੱਖਾਂ ਦੀ ਰਿਹਾਈ ਲਈ ਸੁਹਿਰਦਤਾ ਨਾਲ ਲੰਮਾ ਸਮਾਂ ਭੁੱਖ ਹੜਤਾਲ ਕਰ ਦੇ ਰਹੇ । ਭਾਈ ਖ਼ਾਲਸਾ ਅੱਜ ਠਸਕਾਅਲੀ ਇਲਾਕੇ ਦੀ ਇੱਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਸਨ।ਜਿੱਥੇ ਉਨ੍ਹਾਂ ਨੇ ਅਚਾਨਕ ਟੈਂਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਉੱਥੋਂ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।