ਲਖਨਊ - 2019 ਦੀਆਂ ਲੋਕਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੇ ਸਿਆਸੀ ਦਲਾਂ ਵਿੱਚ ਰਾਜਨੀਤਕ ਪੱਧਰ ਤੇ ਕਈ ਤਰ੍ਹਾ ਦੇ ਬਦਲਾਅ ਕੀਤੇ ਜਾ ਰਹੇ ਹਨ। ਇਸੇ ਪ੍ਰਕਿਰਿਆ ਦੇ ਤਹਿਤ ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਨੂੰ ਕਾਂਗਰਸ ਦੀ ਸੂਬੇ ਦੀ ਰਾਜਨੀਤੀ ਵਿੱਚ ਤਬਦੀਲੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਹਾਈਕਮਾਨ ਨੇ ਅਜੇ ਤੱਕ ਇਸ ਅਸਤੀਫ਼ੇ ਨੂੰ ਸਵੀਕਾਰ ਕਰਨ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ।
ਯੂਪੀ ਬਾਰੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕਿਸੇ ਬ੍ਰਾਹਮਣ ਚੇਹਰੇ ਨੂੰ ਕਾਂਗਰਸ ਦਾ ਰਾਜ ਪ੍ਰਧਾਨ ਬਣਾਇਆ ਜਾ ਸਕਦਾ ਹੈ। ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਨੌਜਵਾਨ ਤੱਬਕੇ ਨੂੰ ਵੱਧ ਤਵਜੋਂ ਦੇਣ ਸਬੰਧੀ ਵੀ ਕਿਹਾ ਜਾ ਰਿਹਾ ਹੈ। ਅਗਲਾ ਪ੍ਰਦੇਸ ਪ੍ਰਧਾਨ ਕੌਣ ਬਣੇਗਾ, ਇਸ ਦਾ ਫੈਂਸਲਾ ਤਾਂ ਕਾਂਗਰਸ ਹਾਈ ਕਮਾਨ ਵੱਲੋਂ ਹੀ ਲਿਆ ਜਾਵੇਗਾ। ਜਦੋਂ ਤੱਕ ਪਾਰਟੀ ਨਵੇਂ ਪ੍ਰਧਾਨ ਦੀ ਚੋਣ ਨਹੀਂ ਕਰ ਲੈਂਦੀ, ਤਦ ਤੱਕ ਰਾਜ ਬੱਬਰ ਦੇ ਹੀ ਪ੍ਰਧਾਨ ਬਣੇ ਰਹਿਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਗੋਆ ਸੂਬੇ ਦੇ ਕਾਂਗਰਸ ਪ੍ਰਧਾਨ ਸ਼ਾਂਤਾਰਾਮ ਨਾਇਕ ਵੀ ਆਪਣਾ ਅਸਤੀਫ਼ਾ ਦੇ ਚੁੱਕੇ ਹਨ।