ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਗੁਰਬਖਸ਼ ਸਿੰਘ ਖ਼ਾਲਸਾ ਨੇ ਬੀਤੀ ਦੇਰ ਸ਼ਾਮ ਹਰਿਆਣਾ ‘ਚ ਆਪਣੇ ਪਿੰਡ ਠਸਕਾ ਅਲੀ ਵਿਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੀਜੀ ਵਾਰ ਵਿੱਢੇ ਸੰਘਰਸ਼ ਦੌਰਾਨ ਆਪਣੀ ਜਾਨ ਨਿਛਾਵਰ ਕਰ ਦਿੱਤੀ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਸਿੱਖ ਕੈਦੀਆਂ ਦਾ ਮਸਲਾ ਦੁਨੀਆ ਦੇ ਸਾਹਮਣੇ ਲਿਆਂਦਾ ਸੀ। ਉਨ੍ਹਾਂ ਦੇ ਸੰਘਰਸ਼ ਸਦਕਾ ਹੀ ਬਹੁਤ ਸਾਰੇ ਸਿੰਘਾਂ ਨੂੰ ਦਹਾਕਿਆਂ ਦੀ ਨਜ਼ਰਬੰਦੀ ਤੋਂ ਬਾਅਦ ਪੈਰੋਲ ਅਤੇ ਜ਼ਮਾਨਤਾਂ ‘ਤੇ ਰਿਹਾਈ ਨਸੀਬ ਹੋਈ ਸੀ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਨੇ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਤੀਜੀ ਵਾਰ ਬੀਤੇ ਕੱਲ੍ਹ ਆਪਣਾ ਸੰਘਰਸ਼ ਸ਼ੁਰੂ ਕਰਨਾ ਪਿਆ ਤੇ ਇਸ ਦੌਰਾਨ ਉਨ੍ਹਾਂ ਨੇ ਸਰਕਾਰਾਂ ਦੇ ਬੋਲੇ ਕੰਨ੍ਹਾਂ ਤੱਕ ਸਿੱਖ ਕੌਮ ਦੀ ਆਵਾਜ਼ ਪਹੁੰਚਾਉਣ ਲਈ ਆਪਣੀ ਜਾਨ ਦੇ ਦਿੱਤੀ। ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਭਾਈ ਗੁਰਬਖਸ਼ ਸਿੰਘ ਵਰਗਾ ਕੌਮ ਦਾ ਸੰਘਰਸ਼ਸ਼ੀਲ ਇਨਸਾਨ ਸੀ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕੇਂਦਰ ਤੇ ਰਾਜ ਸਰਕਾਰਾ ਨੂੰ ਅਪੀਲ ਹੈ ਕਿ ਭਾਈ ਗੁਰਬਖਸ਼ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਪ੍ਰਸ਼ਾਸਨ ਖ਼ਿਲਾਫ਼ ਉੱਚ ਪੱਧਰੀ ਕਾਰਵਾਈ ਕਰੇ ਅਤੇ ਨਾਲ ਹੀ ਭਾਰਤ ਤੇ ਰਾਜ ਸਰਕਾਰਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਸਿੱਖ ਕੈਦੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਆਧਾਰ ‘ਤੇ ਤੁਰੰਤ ਰਿਹਾਅ ਕਰੇ ਤਾਂ ਜੋ ਸਿੱਖ ਕੌਮ ਵੀ ਭਾਰਤ ਅੰਦਰ ਆਪਣੇ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਨੂੰ ਮਹਿਸੂਸ ਕਰ ਸਕੇ। ਉਹਨਾ ਦੱਸਿਆ ਕਿ ਇਸੇ ਤਰਾ ਬਾਪੂ ਸੂਰਤ ਸਿੰਘ ਖਾਲਸਾ ਵੀ ਲੰਮੇ ਸਮੇ ਤੋ ਬੰਦੀ ਸਿੰਘਾ ਦੀ ਰਿਹਾਈ ਲਈ ਯਤਨਸ਼ੀਲ ਹਨ ਪਰ ਸਰਕਾਰ ਵੱਲੋ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਕੋਈ ਠੋਸ ਕਦਮ ਨਹੀ ਚੁੱਕਿਆ ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ
This entry was posted in ਪੰਜਾਬ.