ਚੰਡੀਗੜ੍ਹ – “ਇਰਾਕ ਵਿਚ ਆਈ.ਐਸ.ਆਈ. ਵੱਲੋਂ ਕੀਤੇ ਜਾਣ ਵਾਲੇ ਮਨੁੱਖਤਾ ਦੇ ਕਤਲੇਆਮ ਨੂੰ ਅਸੀਂ ਹਮੇਸ਼ਾਂ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਵੀ ਕਰਦੇ ਆ ਰਹੇ ਹਾਂ ਅਤੇ ਹਰ ਗੈਰ-ਇਨਸਾਨੀ ਤੇ ਗੈਰ-ਕਾਨੂੰਨੀ ਕਾਰਵਾਈ ਦੀ ਦ੍ਰਿੜਤਾ ਨਾਲ ਕੌਮਾਂਤਰੀ ਪੱਧਰ ਤੇ ਵਿਰੋਧਤਾ ਵੀ ਕਰਦੇ ਆ ਰਹੇ ਹਾਂ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਕਾਫ਼ੀ ਲੰਮੇਂ ਸਮੇਂ ਤੋਂ ਉਪਰੋਕਤ ਸੰਗਠਨ ਵੱਲੋਂ 39 ਸਿੱਖਾਂ ਅਤੇ ਪੰਜਾਬੀਆਂ ਨੂੰ ਜ਼ਬਰੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਉਤੇ ਅਣਮਨੁੱਖੀ ਜੁਲਮ ਢਾਹਿਆ ਜਾ ਰਿਹਾ ਸੀ । ਇਥੋਂ ਦੀ ਮੋਦੀ ਹਕੂਮਤ ਅਤੇ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਵੱਲੋਂ ਅਖਬਾਰੀ ਬਿਆਨਾਂ ਵਿਚ ਇਹੀ ਉਜਾਗਰ ਕੀਤਾ ਜਾ ਰਿਹਾ ਸੀ ਕਿ ਸਾਡੀ ਸਰਕਾਰ ਉਨ੍ਹਾਂ 39 ਪੰਜਾਬੀ ਸਿੱਖਾਂ ਨੂੰ ਹਰ ਕੀਮਤ ਤੇ ਸਹੀ ਰੂਪ ਵਿਚ ਹਿੰਦ ਲਿਆਵੇਗੀ । ਜਦੋਂਕਿ ਉਪਰੋਕਤ 39 ਪੰਜਾਬੀ ਸਿੱਖਾਂ ਦੇ ਮਸਲੇ ਦੀ ਬਦੌਲਤ ਮੁਤੱਸਵੀ ਮੋਦੀ ਹਕੂਮਤ ਨੇ ਇਸ ਨੂੰ ਕਦੀ ਵੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਡਿਪਲੋਮੈਟਿਕ ਤੌਰ ਤੇ ਹਰ ਢੰਗ ਵਰਤਕੇ ਉਪਰੋਕਤ 39 ਜਾਨਾਂ ਦੀ ਜਿੰਦਗਾਨੀਆਂ ਬਚਾਅ ਸਕੇ । ਅਜਿਹਾ ਇਸ ਲਈ ਹੋਇਆ ਕਿ ਹਿੰਦੂਤਵ ਹੁਕਮਰਾਨਾਂ ਨੂੰ ਸਿੱਖ ਕੌਮ ਵਿਚ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਸਾਡੇ ਉਤੇ ਇੰਡੀਆਂ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਹੋਣ ਵਾਲੀਆ ਜਿਆਦਤੀਆ ਨੂੰ ਦੂਰ ਕਰਵਾਉਣ ਲਈ ਇਹ ਹੁਕਮਰਾਨ ਸੁਹਿਰਦ ਹਨ । ਇਹੀ ਵਜਹ ਹੈ ਕਿ 39 ਪੰਜਾਬੀ ਸਿੱਖ ਮੌਤ ਦੇ ਮੂੰਹ ਵਿਚ ਚਲੇ ਗਏ ਜਿਸ ਲਈ ਸ੍ਰੀ ਮੋਦੀ ਦੀ ਮੁਤੱਸਵੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਅਤੇ ਮੀਡੀਏ ਵਿਚ ਇਰਾਕ ਵਿਚ ਲੰਮੇਂ ਸਮੇਂ ਤੋਂ ਮੌਤ ਦੇ ਮੂੰਹ ਵਿਚ ਗੁਜਰ ਰਹੇ ਉਨ੍ਹਾਂ 39 ਪੰਜਾਬੀ ਸਿੱਖਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦੇ ਹੋਏ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਅਤੇ ਇਸ ਲਈ ਮੌਦੀ ਹਕੂਮਤ ਤੇ ਮੁਤੱਸਵੀ ਹੁਕਮਰਾਨਾਂ ਦੀਆਂ ਸਿੱਖ ਕੌਮ ਪ੍ਰਤੀ ਗੈਰ-ਜਿੰਮੇਵਰਾਨਾਂ ਕਾਰਵਾਈਆ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹੁਕਮਰਾਨ ਭਾਵੇ ਉਹ ਸੈਂਟਰ ਵਿਚ ਕਾਂਗਰਸ ਦੀ ਸਰਕਾਰ ਹੋਵੇ, ਭਾਵੇ ਬੀਜੇਪੀ ਜਾਂ ਹੋਰ ਜਮਾਤਾਂ ਦੀ ਲੇਕਿਨ ਇਹ ਸਭ ਕੱਟੜਵਾਦੀ ਹਿੰਦੂ ਸੋਚ ਤੇ ਅਮਲਾਂ ਅਧੀਨ ਸਿੱਖ ਕੌਮ ਨਾਲ ਹਰ ਪੱਖ ਤੋਂ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਜਿਸਦੀ ਪ੍ਰਤੱਖ ਤਾਜ਼ਾ ਮਿਸਾਲ ਇਹ ਹੈ ਕਿ ਫ਼ਰਾਂਸ ਦੇ ਰਾਸਟਰਪਤੀ ਜਦੋਂ ਕੁਝ ਸਮਾਂ ਪਹਿਲੇ ਇੰਡੀਆ ਦੇ ਦੌਰੇ ਤੇ ਆਏ ਤਾਂ ਸ੍ਰੀ ਮੋਦੀ ਨੇ ਉਨ੍ਹਾਂ ਨਾਲ ਕਈ ਪੱਖਾਂ ਤੋਂ ਕਈ ਸਮਝੋਤੇ ਕੀਤੇ ਪਰ ਜਿਸ ਸਿੱਖ ਕੌਮ ਨਾਲ ਫ਼ਰਾਂਸ ਦੀ ਹਕੂਮਤ ਉਨ੍ਹਾਂ ਦੇ ਸਤਿਕਾਰਿਤ ਚਿੰਨ੍ਹ ਦਸਤਾਰ ਉਤੇ ਫ਼ਰਾਂਸ ਵਿਚ ਪਾਬੰਦੀ ਲਗਾਈ ਹੋਈ ਹੈ, ਉਸ ਸੰਬੰਧੀ ਇਨ੍ਹਾਂ ਹੁਕਮਰਾਨਾਂ ਵੱਲੋਂ ਫ਼ਰਾਂਸ ਦੇ ਰਾਸਟਰਪਤੀ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ, ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ਹੁਕਮਰਾਨ ਸਿੱਖ ਕੌਮ ਪ੍ਰਤੀ ਮੰਦਭਾਵਨਾ ਤੇ ਨਫ਼ਰਤ ਰੱਖਦੇ ਹਨ। ਇਸੇ ਤਰ੍ਹਾਂ ਇਰਾਕ ਵਿਚ ਉਪਰੋਕਤ ਫਸੇ 39 ਪੰਜਾਬੀ ਸਿੱਖਾਂ ਦੇ ਮਸਲੇ ਸੰਬੰਧੀ ਵੀ ਇਨ੍ਹਾਂ ਨੇ ਫਿਰਕੂ ਸੋਚ ਅਧੀਨ ਉਨ੍ਹਾਂ ਦੀ ਜਾਨ ਬਚਾਉਣ ਤੇ ਰਿਹਾਅ ਕਰਵਾਉਣ ਲਈ ਕੋਈ ਅਮਲੀ ਕਾਰਵਾਈ ਨਹੀਂ ਕੀਤੀ। ਜਿਸਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੂੰ ਅਜਿਹੀਆ ਕਾਰਵਾਈਆ ਤੋਂ ਖ਼ਬਰਦਾਰ ਕਰਦਾ ਹੋਇਆ ਜਾਣੂ ਕਰਵਾਉਦਾ ਹੈ ਕਿ ਅਜਿਹੀਆ ਵਿਤਕਰੇ ਭਰੀਆ ਅਤੇ ਜ਼ਾਲਮਨਾਂ ਕਾਰਵਾਈਆ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਅਜਿਹੇ ਜ਼ਬਰ-ਜੁਲਮਾਂ ਤੋਂ ਡਰਕੇ ਇਨ੍ਹਾਂ ਫਿਰਕੂ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰੇਗੀ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀ ਤਰਫੋ ਇਰਾਕ ਵਿਚ ਮੌਤ ਦੇ ਮੂੰਹ ਵਿਚ ਗਏ 39 ਪੰਜਾਬੀ ਸਿੱਖ ਨੌਜ਼ਵਾਨਾਂ ਦੇ ਪਰਿਵਾਰਿਕ ਮੈਬਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਆਤਮਿਕ ਤੌਰ ਤੇ ਸਮੂਲੀਅਤ ਕਰਦੇ ਹੋਏ ਜਿਥੇ ਹਮਦਰਦੀ ਪ੍ਰਗਟ ਕੀਤੀ, ਉਥੇ ਉਨ੍ਹਾਂ ਨੇ ਵਿਛੜੀਆ ਪੰਜਾਬੀ ਸਿੱਖਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਵੀ ਕੀਤੀ ।