ਕੜ੍ਹਾਕੇ ਦੀ ਸਰਦੀ ਵਾਲੀ ਠੰਡੀ ਸਵੇਰ ਸੀ।ਝੁਰੜ੍ਹੀਆ ਭਰੇ ਗ਼ਮਗ਼ੀਨ ਚੇਹਰੇ ਵਿੱਚੋਂ ਥੱਕੀਆਂ ਅੱਖਾਂ ਨਾਲ ਵੇਖਦੀ ਬਜ਼ੁਰਗ ਗੋਰੀ ਔਰਤ ਲੇਡੀਜ਼ ਕਪੜ੍ਹਿਆਂ ਦੀ ਦੁਕਾਨ ਅੰਦਰ ਵੜ੍ਹਦਿਆਂ ਬੋਲੀ, ” ਬੇਟਾ ਕੋਈ ਮੇਰੇ ਲਈ ਸਰਦੀ ‘ਚ ਪਾਉਣ ਵਾਲਾ ਕੋਟ ਹੈ” ? ਉਮਰ ਦੇ ਤਕਾਜ਼ੇ ਨੂੰ ਭਾਂਪਦਿਆਂ ਜਰਨੈਲ ਤੋਂ ਜੈਲੀ ਬਣਿਆ ਦੁਕਾਨਦਾਰ ਕੋਟ ਵਖਾਉਦਾ ਬੋਲਿਆ,ਮੈਡਮ ,”ਇਹ ਟਰਾਈ ਕਰੋ” ਚਾਲੀ ੲੈਰੋ ਪ੍ਰਾਈਸ ਹੈ।ਬਜ਼ੁਰਗ ਮਾਈ ਟੁੱਟੀ ਤਣੀ ਵਾਲੇ ਥੇਲੇ ਵਿੱਚੋਂ ਘਸਿਆ ਪਟਿਆ ਪਰਸ ਕੱਢ ਕੇ ਭਾਨ ਗਿਣਨ ਲੱਗ ਪਈ। ਜਿਹੜੀ ਪੰਦਰਾਂ ੲੈਰੋ ਦੇ ਕਰੀਬ ਸੀ।” ਮੈਂ ਫੇਰ ਕਦੇ ਲੈ ਜਾਉਗੀ ਬੇਟਾ” ਕਹਿੰਦੀ ਹੋਈ ਪੋਲੇ ਪੈਰੀਂ ਬਾਹਰ ਵੱਲ ਨੂੰ ਚੱਲ ਪਈ।
”ਮਾਤਾ ਜੀ ਲੈ ਜਾਓ”,ਤੁਸੀ ਮੇਰੀ ਮਾਂ ਦੇ ਸਮਾਨ ਹੋ, ਬਾਹਰ ਬਹੁਤ ਸਰਦੀ ਹੈ, ਪੈਸਿਆ ਦੀ ਕੋਈ ਗੱਲ ਨਹੀ!ਪੁੱਤ, ਮੈਂ ਕਦੇ ਨਾ ਉਧਾਰ ਨਾ ਕੋਈ ਮੁਫਤ ਦੀ ਚੀਜ਼ ਲਈ ਏ!”ਸ਼ੁਕਰੀਆਂ”।”ਤੁਸੀ ਮੇਰੇ ਵਲੋਂ ਮਾਂ ਨੂੰ ਦਿੱਤਾ ਤੋਹਫਾ ਸਮਝ ਕੇ ਰੱਖ ਲੈਣਾ”! ਮਾਂ ਦਾ ਲਫ਼ਜ਼ ਸੁਣਦਿਆਂ ਹੀ, ਬਜ਼ੁਰਗ ਔਰਤ ਦੀਆਂ ਅੱਖਾਂ ਵਿੱਚ ਚਮਕ ਆ ਗਈ।ਉਹ ਜੈਲੀ ਵੱਲ ਗਹੁ ਨਾਲ ਵੇਖਦਿਆ ਬੋਲੀ, ”ਅੱਜ ਮੈਨੂੰ ਕਿਸੇ ਨੇ ਤੀਹ ਸਾਲ ਬਾਅਦ ਮਾਂ ਕਿਹਾ ਹੈ ਬੇਟਾ”।
ਹੁਣ ਤਾਂ ਮੈਂ ਲੈ ਈ ਜਾਵਾਂਗੀ, ਕਹਿ ਕੇ, ਪਰਸ ਵਿੱਚਲੀ ਕਾਲੀ ਸਫੇਦ ਫੋਟੋ ਵਖਾਉਦੀ ਹੋਈ ਬੋਲੀ, ”ਇਹ ਮੇਰਾ ਪੁੱਤਰ ਏ,ਇੱਕ ਦਿੱਨ ਘਰ ਤੋਂ ਨਰਾਜ਼ ਹੋ ਕੇ ਗਿਆ ਮੁੜ ਨਹੀ ਬਹੁੜਿਆ,ਉਸ ਦੇ ਵਿਛੋੜੇ ਨੇ ਪਿਉ ਨੂੰ ਲੈ ਲਿਆ।”ਮੇਰੀ ਤਾਂ ਰੱਬ ਨੂੰ ਵੀ ਲੋੜ ਨਹੀ,ਉਹ ਵੀ ਸੱਚਾ ਏ,ਉਸ ਨੇ ਬੁਰਿਆਂ ਲੋਕਾਂ ਤੋਂ ਉਥੇ ਕੀ ਕਰਾੳਣਾ”!ਅੱਜ ਮੈ. ਕਈ ਮਹਨਿਆ ਬਾਅਦ ਬਿਰਧ ਆਸ਼ਰਮ ਚੋਂ ਬਾਹਰ ਨਿਕਲੀ ਸੀ।ਉਹ ਸਾਹਮਣੀ ਬਿਲਡਿੰਗ ਦੇ ਅਪਾਰਟਮੈਂਟ ਵਿੱਚ ਅਸੀ ਸਾਰੇ ਰਹਿੰਦੇ ਸੀ।ਮੈਂ ਸੋਚਿਆ ਉਸ ਨੂੰ ਵੇਖਦੀ ਚੱਲਾਂ ਕਿਤੇ..!!ਅੱਜ ਉਸ ਦੀ ਬਹੁਤ ਯਾਦ ਸਤਾ ਰਹੀ ਸੀ।ਮੈਂ ਤਾਂ ਆਪਣੇ ਦੁੱਖ ਲੈਕੇ ਬੈਠ ਗਈ ਪੁੱਤ,ਮੈਨੂੰ ਲਗਦਾ ਤੇਰੀ ਮਾਂ ਤਾਂ ਬਹੁਤ ਭਾਗਾਂ ਵਾਲੀ ਆ!ਜਿਸ ਨੂੰ ਇਨਸਾਨੀਅਤ ਭਰਪੂਰ ਆਗਿਆਕਾਰ ਪੁੱਤਰ ਮਿਲਿਆ, ਭਲੇ ਸੰਸਕਾਰ ਦਿੱਤੇ ਨੇ, ਮੈਂ ਤਾਂ ਇਹ ਵੀ ਨਾਂ ਦੇ ਸਕੀ!”ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ”।ਉਹ ਨਮ ਹੋਈਆਂ ਅੱਖਾਂ ਪੁੰਝਦੀ ਦੁਕਾਨ ਦਾ ਦਰਵਾਜ਼ਾ ਫੜ੍ਹਦੀ ਬਾਹਰ ਨਿੱਕਲ ਗਈ।
ਜੈਲੀ ਆਪਣੀ ਮਾਂ ਦੀ ਫੋਟੋ ਨੂੰ ਜੇਬ ਵਿੱਚੋਂ ਕੱਢ ਕੇ ਵੇਖਣ ਲੱਗ ਪਿਆ।ਉਹ ਪਿਛਲੇ ਵੀਹ ਸਾਲਾਂ ਤੋਂ ਪ੍ਰਦੇਸੀ ਹੋਇਆ ਮਾਪਿਆਂ ਤੋਂ ਦੂਰ ਗੋਰਿਆ ਦੇ ਦੇਸ਼ ਵਿੱਚ ਮੇਮ ਨਾਲ ਸ਼ਾਦੀ ਕਰਕੇ ਗੋਰਾ ਬਣ ਗਿਆ ਸੀ।”ਪੁੱਤ ਕਦੇ ਮਿਲ ਜਾ ਆਕੇ,ਹੁਣ ਤਾ ਸਰਦੀ ਵੀ ਗੂੜ੍ਹੀ ਪੈਂਦੀ ਆ, ਬੁੰਢਿਆਂ ਹੱਡਾਂ ਦਾ ਤੇ ਮੰਗਵੇ ਸਾਹਾਂ ਦਾ ਕੀ ਭਰੋਸਾ,ਇੱਕ ਵਾਰੀ ਤੈਨੂੰ ਵੇਖਣ ਦੀ ਚਾਹਤ ਆ,! ਮਾਂ ਦੇ ਵਿਛੋੜੇ ਦੀਆਂ ਦਰਦਾਂ ਭਰੀਆਂ ਚਿੱਠੀਆਂ ਨਾਲ ਜੈਲੀ ਦੀ ਅਲਮਾਰੀ ਦਾ ਦਰਾਜ਼ ਭਰਿਆ ਪਿਆ ਸੀ।ਜੈਲੀ ਦੇ ਰਾਹਾਂ ਨੂੰ ਉਡੀਕ ਦੀ ਮਾਂ ਦੀ ਮਮਤਾ ਸਿਵੇ ਦੀ ਸੁਆਹ ਬਣ ਗਈ ਸੀ।ਜੈਲੀ ਦੇ ਪਿੰਡ ਵਿਚਲੇ ਘਰ ਨੂੰ ਲੱਗਿਆ ਹੋਇਆ ਤਾਲਾ ਜੰਗਾਲ ਫੜ੍ਹ ਗਿਆ ਸੀ।”ਇਹੋ ਜਿਹਾ ਪੁੱਤ ਰੱਬ ਸਭ ਨੂੰ ਦੇਵੇ”!ਬਜ਼ੁਰਗ ਗੋਰੀ ਔਰਤ ਦੇ ਕਹੇ ਹੋਏ ਬੋਲ ਜੈਲੀ ਨੂੰ ਮਾਂ ਦੀ ਚਪੇੜ ਵਰਗੇ ਲਗਦੇ ਸਨ।ਉਹ ਭਗਤ ਕਬੀਰ ਜੀ ਦਾ ਸਲੋਕ ਗੁਣ ਗਣਾਉਣ ਲੱਗ ਪਿਆ। ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।।ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ।।