ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੈਕਮਾਸਟਰ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਰਾਸ਼ਟਰਪਤੀ ਟਰੰਪ ਨੇ ਹੁਣ ਸਾਬਕਾ ਯੂਐਨ ਅੰਬੈਸਡਰ ਜਾਨ ਬੋਲਟਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਇਆ ਹੈ। ਟਵਿਟਰ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਲਿਖਿਆ ਹੈ ਕਿ ਜਾਨ ਬੋਲਟਨ ਮੇਰੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੋਣਗੇ।
ਜਾਨ ਬੋਲਟਨ 9 ਅਪ੍ਰੈਲ ਤੋਂ ਆਪਣਾ ਅਹੁਦਾ ਸੰਭਾਲ ਲੈਣਗੇ। ਉਹ ਟਰੰਪ ਦੇ ਤੀਸਰੇ ਸੁਰੱਖਿਆ ਸਲਾਹਕਾਰ ਹੋਣਗੇ। ਬੋਲਟਨ ਨੂੰ 2003 ਵਿੱਚ ਇਰਾਕ ਹਮਲੇ ਦਾ ਸਮੱਰਥਨ ਕਰਨ ਕਰਕੇ ਵੀ ਜਾਣਿਆ ਜਾਂਦਾ ਰਿਹਾ ਹੈ। ਉਹ ਇਰਾਨ ਅਤੇ ਉਤਰ ਕੋਰੀਆ ਦੇ ਖਿਲਾਫ਼ ਸੈਨਿਕ ਕਾਰਵਾਈ ਕਰਨ ਦੇ ਪੱਖ ਵਿੱਚ ਵੀ ਰਹੇ ਹਨ। ਉਹ ਰੂਸ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੇ ਵੀ ਪੱਖ ਵਿੱਚ ਸਨ। ਦੂਸਰੀ ਤਰਫ਼ ਟਰੰਪ ਨੇ ਇਹ ਵੀ ਲਿਖਿਆ ਹੈ ਕਿ ਐਚ. ਆਰ. ਮੈਕਮਾਸਟਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਦਿੰਦਾ ਹਾਂ, ਉਹ ਸਦਾ ਮੇਰੇ ਦੋਸਤ ਰਹਿਣਗੇ।ਮੈਕਮਾਸਟਰ ਅਤੇ ਟਰੰਪ ਦਰਮਿਆਨ ਸਬੰਧ ਚੰਗੇ ਨਹੀਂ ਸਨ। ਮੈਕਮਾਸਟਰ ਥ੍ਰੀ ਸਟਾਰ ਆਰਮੀ ਜਨਰਲ ਸਨ।