ਚੌਕ ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਨੇ ਸੰਯੁਕਤ ਅਕਾਲੀ ਦਲ ਵੱਲੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਮੌਤ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਖ਼ਾਲਸਾ ‘ਤੇ ਬੇਲੋੜਾ ਉਗਲ ਚੁੱਕਣ ਲਈ ਸਖ਼ਤ ਤਾੜਨਾ ਕੀਤੀ ਹੈ।
ਦਮਦਮੀ ਟਕਸਾਲ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਜਥੇ: ਸੁਖਦੇਵ ਸਿੰਘ ਅਨੰਦਪੁਰ, ਗਿਆਨੀ ਬੰਤਾ ਸਿੰਘ ਮੁੰਡਾ ਪਿੰਡ, ਗਿਆਨੀ ਸਾਹਿਬ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਨੇ ਸੰਯੁਕਤ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਵੱਲੋਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਮਰਨ ਵਰਤ ਤੁੜਵਾਉਣ ਲਈ ਬਾਬਾ ਹਰਨਾਮ ਸਿੰਘ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਉਹਨਾਂ ਦੀ ਗੱਡੀ ‘ਚ ਇਕੱਠੇ ਜਾਣ ਬਾਰੇ ਦਿੱਤੇ ਬਿਆਨ ਦਾ ਮੂਲੋਂ ਖੰਡਨ ਕੀਤਾ ਗਿਆ। ਇਸ ਨੂੰ ਦਮਦਮੀ ਟਕਸਾਲ ਅਤੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਬਿਨਾ ਵਜਾ ਬਦਨਾਮ ਕਰ ਕੇ ਉਹਨਾਂ ਦਾ ਅਕਸ ਖਰਾਬ ਕਰਨ ਦੀ ਨਾਕਾਮ ਕੋਸ਼ਿਸ਼ ਅਤੇ ਬੁਖਲਾਹਟ ਦਾ ਨਤੀਜਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਜੇਆਣੀ ਘਟੀਆ ਰਾਜਨੀਤੀ ਕਰ ਕੇ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ, ਸਗੋਂ ਉਹ ਤਾਂ ਸਬੂਤ ਪੇਸ਼ ਕਰੇ ਜਾਂ ਫਿਰ ਨੂੰ ਝੂਠੀ ਬਿਆਨਬਾਜ਼ੀ ਲਈ ਮੁਆਫ਼ੀ ਮੰਗੇ। ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਕੋਸ਼ਿਸ਼ਾਂ ਕਰ ਦੇ ਆ ਰਹੇ ਹਨ। ਭਾਈ ਗੁਰਬਖ਼ਸ਼ ਸਿੰਘ ਦੀ ਮੁਹਿੰਮ ਨੂੰ ਹੁਲਾਰਾ ਦੇਣ ਉਹ ਮੋਹਾਲੀ ਵੀ ਗਏ। ਅਸਲ ਵਿੱਚ ਸਿੱਖ ਕੌਮ ਵੱਲੋਂ ਸਿਆਸੀ ਹਾਸ਼ੀਏ ‘ਤੇ ਸੁੱਟੇ ਜਾ ਚੁੱਕੇ ਸੰਯੁਕਤ ਅਕਾਲੀ ਦਲ ਦੇ ਆਗੂ ਬੁਖਲਾਹਟ ‘ਚ ਹਨ ਤੇ ਦੂਜਿਆਂ ‘ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਨੂੰ ਤਾਰਪੀਡੋ ਕਰਨ ਦਾ ਬੇ ਬੁਨਿਆਦ ਇਲਜ਼ਾਮ ਲਾ ਕੇ ਆਪਣੀ ਬਿਮਾਰ ਮਾਨਸਿਕਤਾ ਦਾ ਹੀ ਪ੍ਰਗਟਾਵਾ ਕਰ ਰਹੇ ਹਨ।ਸਿਰਫ਼ ਅਖ਼ਬਾਰੀ ਸੁਰਖ਼ੀਆਂ ਬਟੋਰਨ ਅਤੇ ਸਿਆਸੀ ਰੋਟੀਆਂ ਸੇਕਣ ਤਕ ਸੀਮਤ ਜੇਆਣੀ ਅਤੇ ਸਾਥੀਆਂ ਨੂੰ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਕੀਤੇ ਗਏ ਮਹੱਤਵਪੂਰਨ ਪੰਥਕ ਕਾਜ ਅਤੇ ਸੇਵਾ ਕਾਰਨ ਉਹਨਾਂ ਨੂੰ ਪੰਥ ਵੱਲੋਂ ਮਿਲੀ ਮਕਬੂਲੀਅਤ ਨੂੰ ਹਜ਼ਮ ਕਰਨਾ ਔਖਾ ਹੋ ਰਿਹਾ ਹੈ।