ਨਰੈਣਾ, ਜੈਪੁਰ – : ਇਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਹੈ । ਗੁਰੂ ਜੀ ਮਾਰਚ ਦੇ ਮਹੀਨੇ ਸੰਨ 1707 ਨੂੰ ਤਲਵੰਡੀ ਸਾਬੋ (ਪੰਜਾਬ) ਤੋਂ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਨੂੰ ਜਾਂਦੇ ਹੋਏ ਦਾਦੂ ਪੰਥ ਦੇ ਮਹੰਤ ਜੈਤ ਰਾਮ ਜੀ ਦੀ ਬੇਨਤੀ ਕਰਨ ਤੇ ਆਪਣੇ ਜਥੇ ਸਮੇਤ ਲਗਭਗ 13 ਦਿਨ ਦਾ ਪੜਾਅ ਕੀਤਾ ਸੀ । ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਸਮਾਧ ਵੱਲ ਤੀਰ ਝੁਕਾਇਆ ਤਾਂ ਗੁਰਮਤਿ ਅਨੁਸਾਰ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਸਮਾਧ ਤੇ ਨਮਸਕਾਰ ਕਰਨ ਲਈ ਤਨਖਾਹ ਲਗਾਈ । ਗੁਰੂ ਸਾਹਿਬ ਨੇ ਖੁਸ਼ੀ ਨਾਲ ਖਾਲਸੇ ਦੇ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਬਚਨ ਕੀਤੇ ਕੇ ਖਾਲਸਾ ਪੰਥ ਨੇ ਗੁਰਮਤਿ ਅਨੁਸਾਰ ਆਪਣਾ ਫਰਜ਼ ਨਿਭਾਇਆ ਹੈ ਅਤੇ ਇਸ ਪ੍ਰੀਖਿਆ ਵਿੱਚ ਸਫਲ ਹੋਇਆ ਹੈ ।
ਇਸ ਅਸਥਾਨ ਤੇ ਬਾਬਾ ਅਮਰ ਸਿੰਘ ਜੀ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ 1990 ਵਿੱਚ ਜੈਪੁਰ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਤੇ ਸੇਵਾ ਆਰੰਭ ਕੀਤੀ ਸੀ । ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਲੀਸ਼ਾਨ ਦਰਬਾਰ ਹਾਲ, ਲੰਗਰ ਹਾਲ, ਸਰਾਂ ਦੀ ਸੇਵਾ ਕਰਵਾਈ ਹੈ । ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਵਾਲਿਆਂ ਦੇ ਪ੍ਰਬੰਧ ਅਧੀਨ ਸੇਵਾ ਚੱਲ ਰਹੀ ਹੈ ਅਤੇ ਗੁਰਦੁਆਰਾ ਚਰਨ ਕਮਲ ਸਾਹਿਬ ਪਤਾਸ਼ਾਹੀ ਦਸਵੀਂ ਨਰੈਣਾ ਰਾਜਸਥਾਨ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ ।
ਇਸ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੋ ਕਿ ਲੜੀਵਾਰ ਇੱਕ ਮਹੀਨੇ ਤੋਂ ਚੱਲ ਰਹੇ ਸੀ । ਉਹਨਾਂ ਦੇ ਭੋਗ ਪਾਏ ਗਏ ਅਤੇ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿਚ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ, ਭਾਈ ਭੁਪਿੰਦਰ ਸਿੰਘ ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਅੰਮ੍ਰਿਤਸਰ ਵਾਲੇ, ਨਿਸ਼ਾਨ-ਏ-ਸਿੱਖੀ ਰਿਲਜੀਅਸ ਸਟੱਡੀਜ਼ ਖਡੂਰ ਸਾਹਿਬ ਦੇ ਵਿਦਿਆਰਥੀਆਂ ਅਤੇ ਭਾਈ ਪਰਿਮੰਦਰ ਸਿੰਘ ਅਟਾਰੀ ਦੇ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ । ਭਾਈ ਸੁਖਪ੍ਰੀਤ ਸਿੰਘ ਸਭਰਾਵਾਂ ਵਾਲਿਆਂ ਦੇ ਢਾਡੀ ਜਥੇ ਵੱਲੋਂ ਛੋਟੇ ਸਾਹਿਬਜਾਦਿਆਂ ਦਾ ਇਤਿਹਾਸ ਬੀਰ ਰਸੀ ਵਾਰਾਂ ਵਿਚ ਸੁਣਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਰਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਬਣਾਈ ਰਹਿਤ ਮਰਯਾਦਾ ਦੇ ਅਨੁਸਾਰ ਚੱਲਣ ਲਈ ਕਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ ।
ਅਖੀਰ ਵਿਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਵੱਲੋਂ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਉਹਨਾਂ ਨੇ ਸੰਗਤਾਂ ਨੂੰ ਕਾਰ ਸੇਵਾ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਸਬੰਧੀ ਵੀ ਜਾਣਕਾਰੀ ਦਿੱਤੀ ।
ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਰਾਜਸਥਾਨ, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਵਾਤਾਵਰਨ ਦੀ ਸੁੱਧਤਾ ਵਾਸਤੇ ਲਗਭਗ 382 ਕਿਲੋਮੀਟਰ ਸੜਕਾਂ ਦੇ ਦੋਵੇਂ ਪਾਸੇ ਰੁੱਖ ਲਗਾਏ ਗਏ ਹਨ । ਵਾਤਾਵਰਨ ਤਹਿਤ ਤਿੰਨ ਲੱਖ ਪੰਜਾਹ ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ, ਅਤੇ ਹੁਣ ਵੀ ਲਗਾਤਾਰ ਕਾਰਜ਼ ਜ਼ਾਰੀ ਹੈ । ਵਿਦਿਆ ਦੇ ਪਾਸਰ ਨੂੰ ਉੱਚਾ ਚੁੱਕਣ ਲਈ ਦੇਸ਼ ਪੱਧਰ ਤੇ ਹੋਣ ਵਾਲੇ ਇਮਤਿਹਾਨਾਂ ਦੇ ਮੁਕਾਬਲੇ ਦੀ ਤਿਆਰੀ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਿਖੇ ਕਰਵਾਈ ਜਾਂਦੀ ਹੈ । ਜਿਸ ਵਿਚੋਂ 5 ਲੜਕੇ ਐੱਨ.ਡੀ.ਏ. ਵਿਚ ਭਰਤੀ ਹੋ ਚੁੱਕੇ ਹਨ, ਕੈਰੀਅਰ ਐਂਡ ਕੋਰਸਿਜ ਤੋਂ ਮੁਫਤ ਸਿਖਲਾਈ ਪ੍ਰਾਪਤ ਕਰਕੇ ਹੁਣ ਤੱਕ 421 ਲੜਕੀਆਂ, 80 ਲੜਕੇ ਵੱਖ-ਵੱਖ ਸੈਨਾਵਾਂ ਵਿਚ ਭਰਤੀ ਹੋਏ ਹਨ । 9 ਲੜਕੀਆਂ ਸਬ-ਇੰਸਪੈਕਟਰ ਭਰਤੀ ਹੋਣ ਵਿਚ ਕਾਮਯਾਬ ਹੋਈਆਂ ਹਨ ।
ਇਸ ਮੌਕੇ ਤੇ ਸਭਾ ਸੁਸਾਇਟੀਆਂ ਅਤੇ ਸਮੂਹ ਨਗਰਾਂ ਵੱਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ।
ਇਸ ਮੌਕੇ ‘ਤੇ ਬਾਬਾ ਲੱਖਾ ਸਿੰਘ, ਬਾਬਾ ਪ੍ਰੀਤਮ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਬਾਬਾ ਬਲਕਾਰ ਸਿੰਘ ਹਨੂੰਮਾਨਗੜ੍ਹ ਵਾਲੇ, ਬਾਬਾ ਸਿੰਦਰ ਸਿੰਘ ਪੁਸ਼ਕਰ ਵਾਲੇ, ਰੁਪਿੰਦਰ ਸਿੰਘ ਡੀ.ਆਈ.ਜੀ. ਜੈਪੁਰ, ਐੱਸ.ਪੀ ਸਿੰਘ ਜੈਪੁਰ ਅਤੇ ਗੁਰਪਾਲ ਸਿੰਘ ਜੈਪੁਰ ਆਦਿ ਸਮੂਹ ਸੰਗਤਾਂ ਜੈਪੁਰ, ਅਜਮੇਰ, ਦੂਦੂ, ਐਮ.ਪੀ ਅਤੇ ਪੰਜਾਬ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।