ਪਟਨਾ – ਭਾਜਪਾ ਐਮਪੀ ਸ਼ਤਰੂਘਨ ਸਿਨਹਾ ਅਕਸਰ ਪਾਰਟੀ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਬੀਜੇਪੀ ਸਰਕਾਰ ਵੱਲੋਂ ਸੀਬੀਆਈ ਦੁਆਰਾ ਸਾਬਕਾ ਰੇਲ ਮੰਤਰੀ ਅਤੇ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਨਾਲ ਖੇਡੀ ਜਾ ਰਹੀ ਸਿਆਸੀ ਖੇਡ ਕਰਕੇ ਉਨ੍ਹਾਂ ਦੇ ਘਰ ਜਾ ਕੇ ਪ੍ਰੀਵਾਰ ਨਾਲ ਮਿਲ ਕੇ ਹਮਦਰਦੀ ਜਾਹਿਰ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੇਲ੍ਹ ਵਿੱਚ ਲਾਲੂ ਨਾਲ ਮੁਲਾਕਾਤ ਕਰਕੇ ਕਿਹਾ, ‘ ਲਾਲੂ ਪ੍ਰਸਾਦ ਜ਼ਮੀਨ ਨਾਲ ਜੁੜੇ ਨੇਤਾ ਹਨ। ਅਸੀਂ ਸੱਭ ਇੱਕ ਪ੍ਰੀਵਾਰ ਦੀ ਤਰ੍ਹਾਂ ਹਾਂ ਅਤੇ ਮੈਂ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਉਨ੍ਹਾਂ ਨੂੰ ਮਿਲਣ ਗਿਆ ਸੀ। ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਲਾਲੂ ਯਾਦਵ ਦਾ ਆਤਮਵਿਸ਼ਵਾਸ਼ ਮਜ਼ਬੂਤ ਹੈ।’
ਸ਼ਤਰੂਘਨ ਸਿਨਹਾ ਨੇ ਲਾਲੂ ਪ੍ਰਸਾਦ ਯਾਦਵ ਦੀ ਕਾਨੂੰਨੀ ਤੌਰ ਤੇ ਮੱਦਦ ਕਰ ਰਹੇ ਅਭਿਸ਼ੇਕ ਮਨੂ ਸਿੰਧਵੀ,ਕਪਿਲ ਸਿੱਬਲ ਅਤੇ ਰਾਮ ਜੇਠ ਮਲਾਨੀ ਵਰਗੇ ਵਕੀਲਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਉਨ੍ਹਾਂ ਨੂੰ ਲਾਲੂ ਯਾਦਵ ਨੂੰ ‘ਨਿਆਂ ਦਿਵਾਉਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।’ ਉਨ੍ਹਾਂ ਨੇ ਲਾਲੂ ਜੀ ਦੇ ਘਰ ਜਾ ਕੇ ਸਾਬਕਾ ਮੁੱਖਮੰਤਰੀ ਅਤੇ ਲਾਲੂ ਜੀ ਦੀ ਧਰਮਪਤਨੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਦੋਵਾਂ ਪੁੱਤਰਾਂ ਤੇਜਸਵੀ ਯਾਦਵ ਅਤੇ ਤੇਜ਼ ਪ੍ਰਤਾਪ ਨਾਲ ਮੁਲਾਕਾਤ ਕੀਤੀ।
ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਨੇ ਸ਼ਤਰੂਘਨ ਸਿਨਹਾ ਦਾ ਧੰਨਵਾਦ ਕਰਦੇ ਹੋਏ ਟਵੀਟ ਤੇ ਲਿਖਿਆ, ‘ ਅਸਲੀ ਬਿਹਾਰੀ ਬਾਬੂ ਅਤੇ ਸਿਨੇਮਾ ਜਗਤ ਦੇ ਸਿਤਾਰੇ ਸਾਡੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਾਡੇ ਘਰ ਆਏ। ਉਹ ਲਾਲੂ ਜੀ ਦੇ ਖਿਲਾਫ਼ ਕੀਤੀ ਜਾ ਰਹੀ ਬਦਲੇ ਦੀ ਰਾਜਨੀਤੀ ਤੋਂ ਹੈਰਾਨ ਹਨ। ਉਹ ਸਦਾ ਅਸਲੀ ਅਤੇ ਈਮਾਨਦਾਰ ਦੋਸਤਾਂ ਦੇ ਨਾਲ ਖੜ੍ਹੇ ਰਹੇ ਹਨ।’