ਖਡੂਰ ਸਾਹਿਬ : ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ (ਰਜਿ:), ਖਡੂਰ ਸਾਹਿਬ ਦੇ ਵਿਦਿਆਰਥੀਆਂ ਲਈ ਹੋਸਟਲ ਦੀ ਉਸਾਰੀ ਕੀਤੀ ਗਈ ਹੈ । ਨਵੇ ਉਸਾਰੇ ਗਏ ਹੋਸਟਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ‘ਭਾਈ ਬਾਲਾ ਜੀ ਹੋਸਟਲ’ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਕੀਤਾ ਗਿਆ । ਉਪਰੰਤ ਅਰਦਾਸ ਕਰਕੇ ਪੰਜ ਗੁਰਸਿੱਖਾਂ ਵੱਲੋਂ ਹੋਸਟਲ ਦਾ ਉਦਘਾਟਨ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸੇਵਾ ਸਿੰਘ ਜੀ ਨੇ ਦੱਸਿਆ ਕਿ ਪੰਜ ਮੰਜ਼ਿਲਾਂ ਹੋਸਟਲ ਵਿਚ ਲਗਭਗ 300 ਬੱਚਿਆਂ ਦੇ ਰਹਿਣ ਦੀ ਸਮਰੱਥਾ ਹੈ, ਇਸ ਵਿੱਚ ਖੁੱਲੇ ਅਤੇ ਹਵਾਦਾਰ 134 ਕਮਰੇ, 3 ਵੱਡੇ ਹਾਲ, ਮੈਸ, ਦੋ ਡਾਇੰਨਗ ਹਾਲ, ਆਰ.ਓ., ਲਿਫਟ, ਸੋਲਰ ਸਿਸਟਮ ਆਦਿ ਦੀਆਂ ਸਹੂਲਤਾਂ ਮੌਜੂਦ ਹਨ । ਇਸ ਹੋਸਟਲ ਦੇ ਸਾਹਮਣੇ ਹਰਿਆਵਲ ਭਰੀ ਪਾਰਕਿੰਗ ਦਾ ਪ੍ਰਬੰਧ ਹੈ । ਉਹਨਾਂ ਕਿਹਾ ਕਿ ਇਹ ਹੋਸਟਲ ਬਣਾਉਣ ਵਿਚ ਦੇਸ਼ ਅਤੇ ਇੰਗਲੈਂਡ ਦੀਆਂ ਸੰਗਤਾਂ ਨੇ ਵੱਡਾ ਸਹਿਯੋਗ ਦਿੱਤਾ, ਅਤੇ ਭਾਈ ਬੂਟਾ ਸਿੰਘ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ ਖਡੂਰ ਸਾਹਿਬ ਵਿਖੇ ਹੋਈਆਂ ਹਨ ਉਹਨਾਂ ਦੇ ਨਾਮ ਤੇ ਯਾਦਗਾਰ ਬਣਾਈਆਂ ਗਈਆਂ ਹਨ । ਉਹਨਾਂ ਦੱਸਿਆਂ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਨਿਸ਼ਾਨ-ਏ-ਸਿੱਖੀ ਵਿਚ ਸਿਵਲ ਸਰਵਿਸਜ਼ ਦੀ ਤਿਆਰੀ ਕਰਵਾਉਣ ਅਤੇ ਮਾਤਾ ਖੀਵੀ ਲੰਗਰ ਹਾਲ ਵਿਚ ਕੁਦਰਤੀ ਖੇਤੀ ਦੁਆਰਾ ਤਿਆਰ ਹੋਈਆਂ ਸਬਜ਼ੀਆਂ ਕਣਕ ਆਦਿ ਦੀ ਵਰਤੋਂ ਕੀਤੇ ਜਾਣ ਯੋਜਨਾ ਹੈ ।
ਇਸ ਮੌਕੇ ‘ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਭਾਈ ਬਾਲਾ ਜੀ ਤੇ ਲਿਖੀ ਪੁਸਤਕ ਵੀ ਰਿਲੀਜ਼ ਕੀਤੀ ਗਈ ।
ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਭਾਈ ਬਾਲਾ ਜੀ ਤੇ ਲਿਖੀ ਪੁਸਤਕ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਪੰਥ ਇੱਕ ਮਰਯਾਦਾ ਹੈ ਕਿਉਂਕਿ ਇਹ ਗੁਰੂ ਦਾ ਪੰਥ ਹੈ । ਉਹਨਾਂ ਕਿਹਾ ਕਿ ਕੌਮਾਂ ਹਮੇਸ਼ਾ ਸਵੈਮਾਨ ਨਾਲ ਜਿਊਂਦੀਆਂ ਹਨ ।
ਇਸ ਮੌਕੇ ‘ਤੇ ਡਾ. ਸਵਰਾਜ ਸਿੰਘ ਨੇ ਕਿਹਾ ਕਿ ਵਿਦਿਆ ਵਿਚ ਨੈਤਕਿਤਾ ਦਾ ਅਸਲੀ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੈ । ਉਹਨਾਂ ਕਿਹਾ ਕਿ ਉੱਚੀ ਕੋਟੀ ਦੀ ਸਿੱਖਿਆ ਪ੍ਰਾਪਤ ਕਰਕੇ ਇਨਸਾਨ ਪਦਾਰਥ ਪੱਖਾਂ ਤੱਕ ਹੀ ਸੀਮਤ ਹੈ । ਵਿਦਿਆ ਦਾ ਅਸਲੀ ਮਕਸਦ ਰੂਹਾਨੀਅਤ ਨਾਲ ਜੁੜਿਆ ਹੋਇਆ ਹੈ । ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਆਰਥਿਕ ਨਾਲੋਂ ਨੈਤਕਿਤਾ ਨੂੰ ਮਹਾਨਤਾ ਦਿੱਤੀ ਗਈ ਹੈ ਅਤੇ ਨੈਤਕਿਤਾ ਨੂੰ ਅਪਨਾਉਂਣਾ ਮਨੁੱਖ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ. ਗੁਰਬਚਨ ਸਿੰਘ ਕੰਰਮੂਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਬਾਲਾ ਜੀ ਨੇ ਬਹੁਤ ਸਮਾਂ ਬਤੀਤ ਕੀਤਾ ਅਤੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਆਦ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਆ ਕੇ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਕੀਤੇ ਗਏ ਉਪਦੇਸ਼ ਸੁਣਾਉਂਦੇ ਰਹੇ ਅਤੇ ਭਾਈ ਪੈੜਾ ਮੋਖਾ ਨੂੰ ਗੁਰੂ ਸਾਹਿਬ ਦੀ ਜੀਵਨੀ ਬਾਰੇ ਦੱਸਦੇ ਰਹੇ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿਹੜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਣਾਂ ਨੂੰ ਅਪਣਾ ਲੈਂਦੇ ਹਨ ਉਹ ਸਿੱਖ ਜਗਤ ਵਿਚ ਆਪਣਾ ਮਾਨ ਸਨਮਾਨ ਪਾਉਂਦੇ ਹਨ ।
ਸਾਬਕਾ ਆਈ.ਜੀ. ਸਰੂਪ ਸਿੰਘ ਢੱਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸਟੇਜ ਦੀ ਭੂਮਿਕਾ ਭਾਈ ਵਰਿਆਮ ਸਿੰਘ ਵੱਲੋਂ ਨਿਭਾਈ ਗਈ । ਅਖੀਰ ਵਿਚ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਏਥੇ ਦੱਸਣਾ ਬਣਦਾ ਹੈ ਕਿ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਦੋ ਹੋਸਟਲ ਉਸਾਰੇ ਗਏ ਹਨ ।
ਇਸ ਮੌਕੇ ‘ਤੇ ਸਿਵਲ ਜੱਜ ਅਜੀਤਪਾਲ ਸਿੰਘ, ਗੁਰਸ਼ਰਨਜੀਤ ਸਿੰਘ ਮਾਨ ਅਤੇ ਪਿਆਰਾ ਸਿੰਘ ਦੋਵੇਂ ਸਬਾਕਾ ਡੀ.ਈ.ਓ, ਅਮਰਜੀਤ ਸਿੰਘ ਭਲਾਈਪੁਰ ਅਤੇ ਬਲਵਿੰਦਰ ਸਿੰਘ ਵੇਂਈ ਪੂਈ ਦੋਵੇਂ ਮੈਂਬਰ ਐਸ.ਜੀ.ਪੀ.ਸੀ, ਸਕੱਤਰ ਅਵਤਾਰ ਸਿੰਘ ਬਾਜਵਾ, ਸਾਬਕਾ ਮੇਜਰ ਜਰਨਲ ਆਰ.ਐਸ.ਛੱਤਵਾਲ, ਸ. ਗੁਰਦਿਆਲ ਸਿੰਘ ਗਿੱਲ, ਮੈਡਮ ਸਿਮਰਪ੍ਰੀਤ ਕੌਰ, ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ, ਸੁਖਦੇਵ ਸਿੰਘ ਦੁਬਈ, ਮਨੁੱਖੀ ਅਧਿਕਾਰ ਭਾਈ ਬਾਲਾ ਜੀ ਸੰਧੂ ਵੈਲਫੇਅਰ ਟਰੱਸਟ ਫਿਰੋਜਪੁਰ, ਨਗਿੰਦਰ ਸਿੰਘ ਕਨੇਡਾ, ਬਲਵਿੰਦਰ ਸਿੰਘ ਬੰਬੇ, ਮੋਹਣ ਸਿੰਘ ਕਨੇਡਾ, ਮਹਿੰਦਰਜੀਤ ਸਿੰਘ ਅਤੇ ਬਲਜੀਤ ਸਿੰਘ ਦੋਵੇਂ ਇੰਜੀਨੀਅਰ, ਐਚ.ਐਸ. ਢਿੱਲੋਂ, ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਚਰਨ ਸਿੰਘ ਆਦਿ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ ।