ਚੰਡੀਗੜ੍ਹ – “ਇੰਡੀਆਂ ਦੇ ਮੁਤੱਸਵੀ ਹੁਕਮਰਾਨ ਇਕ ਤਾਂ ਸਿੱਖਾਂ ਅਤੇ ਕਸ਼ਮੀਰੀਆਂ ਉਤੇ ਨਿਰੰਤਰ ਸਾਜ਼ਸੀ ਢੰਗਾਂ ਨਾਲ ਜ਼ਬਰ-ਜੁਲਮ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਕਤਲੇਆਮ ਕਰਦੇ ਆ ਰਹੇ ਹਨ । ਦੂਸਰੇ ਪਾਸੇ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਇ ਸੈਂਟਰ ਵੱਲੋਂ ਵਿਚੋਲੇ ਭੇਜਕੇ ਟੇਬਲਟਾਕ ਰਾਹੀ ਗੱਲਬਾਤ ਕਰਕੇ ਕਸ਼ਮੀਰ ਦੇ ਮਾਹੌਲ ਨੂੰ ਸਹੀ ਕਰਨਾ ਚਾਹੁੰਦੇ ਹਨ । ਜਦੋਂ ਕਿਸੇ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਹੁਕਮਰਾਨਾਂ ਵੱਲੋਂ ਪਹੁੰਚ ਹੀ ਸਹੀ ਢੰਗ ਨਾਲ ਨਹੀਂ ਕੀਤੀ ਜਾਂਦੀ ਅਤੇ ਇਨ੍ਹਾਂ ਦੋਵਾਂ ਕੌਮਾਂ ਨੂੰ ਬਣਦਾ ਇਨਸਾਫ਼ ਦੇਣ ਲਈ ਸੰਜ਼ੀਦਾ ਹੀ ਨਹੀਂ ਹਨ ਤਾਂ ਅਜਿਹੇ ਵਿਚੋਲੇ ਭੇਜਕੇ ਜਾਂ ਸੈਂਟਰ ਵੱਲੋਂ ਪ੍ਰਤੀਨਿਧ ਭੇਜਕੇ ਜੰਮੂ-ਕਸ਼ਮੀਰ ਦੀ ਗੰਭੀਰ ਸਮੱਸਿਆ ਜਾਂ ਪੰਜਾਬੀ ਸਿੱਖਾਂ ਦੀ ਸਮੱਸਿਆ ਨੂੰ ਕਤਈ ਹੱਲ ਨਹੀਂ ਕਰ ਸਕਦੇ । ਅਜਿਹੀਆਂ ਕਾਰਵਾਈਆ ਤਾਂ ਇੰਡੀਆਂ ਨਿਵਾਸੀਆਂ ਅਤੇ ਬਾਹਰਲੇ ਮੁਲਕਾਂ ਨੂੰ ਗੁੰਮਰਾਹ ਕਰਨ ਵਾਲੀਆ ਤਾਂ ਹੋ ਸਕਦੀਆ ਹਨ । ਪਰ ਇਮਾਨਦਾਰੀ ਨਾਲ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਵਿਚ ਕਦੀ ਸਹਾਈ ਨਹੀਂ ਹੋ ਸਕਣਗੀਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਹਿੰਦੂਤਵ ਹਕੂਮਤ ਵੱਲੋਂ ਜੰਮੂ-ਕਸ਼ਮੀਰ ਦੀ ਅਤਿ ਸੰਜ਼ੀਦਾ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਵੱਲੋਂ ਭੇਜੇ ਪ੍ਰਤੀਨਿਧ ਸ੍ਰੀ ਦਿਨੇਸਵਰ ਸਰਮਾ ਦੇ ਕੀਤੇ ਜਾ ਰਹੇ ਵਰਤਾਰੇ ਉਤੇ ਡੂੰਘੀ ਸਮਿਖਿਆ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋਂ ਕਸ਼ਮੀਰੀਆਂ ਅਤੇ ਸਿੱਖਾਂ ਨੂੰ ਇਨਸਾਫ਼ ਨਾ ਦੇਣ ਨੂੰ ਮੁੱਖ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕਸ਼ਮੀਰ ਵਿਚ ਇਕ ਡੂੰਘੀ ਸਾਜਿ਼ਸ ਤਹਿਤ ਬੇਕਸੂਰ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਅਤੇ ਨੌਜ਼ਵਾਨਾਂ ਨੂੰ ਹੁਕਮਰਾਨਾਂ ਵੱਲੋਂ ਗੋਲੀ ਦਾ ਨਿਸ਼ਾਨਾਂ ਬਣਾਉਦੇ ਹੋਏ ਕਸ਼ਮੀਰ ਵਿਚ ਸਰਕਾਰੀ ਦਹਿਸਤਗਰਦੀ ਦਾ ਮਾਹੌਲ ਬਣਾਇਆ ਹੋਇਆ ਹੈ ਅਤੇ ਦੂਸਰੇ ਪਾਸੇ ਵਿਚੋਲੇ ਭੇਜਕੇ ਇਸ ਮਾਹੌਲ ਨੂੰ ਸਹੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ । ਜਦੋਂਕਿ ਕਸ਼ਮੀਰੀਆਂ ਨੂੰ ਬਣਦਾ ਇਨਸਾਫ਼ ਦੇਣ ਅਤੇ ਉਨ੍ਹਾਂ ਦੇ ਸਤਿਕਾਰ-ਮਾਣ ਨੂੰ ਕਾਨੂੰਨ ਤੇ ਵਿਧਾਨ ਅਨੁਸਾਰ ਕਾਇਮ ਰੱਖਣ ਤੋਂ ਨਿਰੰਤਰ ਮੂੰਹ ਮੋੜਿਆ ਜਾ ਰਿਹਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2000 ਵਿਚ ਜਦੋਂ ਸੈਂਟਰ ਵਿਚ ਬੀਜੇਪੀ ਦੀ ਸਰਕਾਰ ਸੀ ਤਾਂ ਚਿੱਠੀ ਸਿੰਘ ਪੁਰਾ ਵਿਖੇ 43 ਬੇਕਸੂਰ ਨਿਹੱਥੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਹਿੰਦ ਫ਼ੌਜ ਵੱਲੋਂ ਸ਼ਹੀਦ ਕਰਕੇ ਇਸ ਅਣਮਨੁੱਖੀ ਕਾਰਵਾਈ ਨੂੰ ਸਾਜ਼ਸੀ ਢੰਗ ਨਾਲ ਕਸ਼ਮੀਰੀਆਂ ਦੇ ਸਿਰ ਮੱੜ੍ਹ ਦਿੱਤਾ ਗਿਆ ਸੀ । ਜਦੋਂਕਿ ਇਹ ਕਾਰਾ ਖੂਫੀਆ ਏਜੰਸੀਆਂ ਤੇ ਹਿੰਦ ਫ਼ੌਜ ਦਾ ਸੀ । ਅਸੀਂ ਇਸ ਸੰਬੰਧ ਵਿਚ ਸੈਂਟਰ ਹਕੂਮਤ ਅਤੇ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਵੋਹਰਾ ਨੂੰ ਲਿਖਤੀ ਰੂਪ ਵਿਚ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ । ਪਰ ਨਾ ਤਾਂ ਸੈਂਟਰ ਦੇ ਮੁਤੱਸਵੀ ਹੁਕਮਰਾਨਾਂ ਵੱਲੋਂ ਅਤੇ ਨਾ ਹੀ ਮੌਜੂਦਾ ਗਵਰਨਰ ਵੋਹਰਾ ਵੱਲੋਂ 2000 ਵਿਚ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਅਤੇ ਨਾ ਹੀ ਕਾਤਲਾਂ ਦੀ ਪਹਿਚਾਣ ਕੀਤੀ ਗਈ ।
ਇਸ ਲਈ ਸ੍ਰੀ ਦਿਨੇਸਵਰ ਸਰਮਾ ਜੋ ਸੈਂਟਰ ਦੇ ਪ੍ਰਤੀਨਿਧ ਬਣਕੇ ਕਸ਼ਮੀਰ ਵਿਚ ਗੱਲਬਾਤ ਕਰਨ ਆਏ ਹੋਏ ਹਨ, ਅਸੀਂ ਉਨ੍ਹਾਂ ਨੂੰ ਦੱਸਣਾ ਚਾਹਵਾਂਗੇ ਕਿ ਕਸ਼ਮੀਰ ਦੀ ਸਮੱਸਿਆ ਉਸ ਸਮੇਂ ਤੱਕ ਹੱਲ ਨਹੀਂ ਹੋ ਸਕਦੀ, ਜਦੋਂ ਤੱਕ ਹੁਕਮਰਾਨ ਕਸ਼ਮੀਰੀਆਂ, ਪੰਜਾਬੀ ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਅਤੇ ਕਤਲੇਆਮ ਤੋਂ ਤੋਬਾ ਨਹੀਂ ਕਰਦੇ ਅਤੇ ਸਿੱਖਾਂ ਤੇ ਮੁਸਲਿਮ ਕੌਮ ਦੇ ਕਾਤਲਾਂ ਦੀ ਪਹਿਚਾਣ ਕਰਕੇ ਸਜ਼ਾਵਾਂ ਦਿੰਦੇ ਹੋਏ ਇਨ੍ਹਾਂ ਦੋਵਾਂ ਕੌਮਾਂ ਨੂੰ ਇਨਸਾਫ਼ ਨਹੀਂ ਦਿੰਦੇ । ਸ. ਮਾਨ ਨੇ ਇਹ ਵੀ ਸਪੱਸਟ ਕੀਤਾ ਕਿ ਸਿੱਖ ਅਤੇ ਮੁਸਲਿਮ ਦੋਵੇ ਮਾਰਸ਼ਲ ਕੌਮਾਂ ਹਨ, ਇਸ ਲਈ ਇਨ੍ਹਾਂ ਕੌਮਾਂ ਨੂੰ ਹੁਕਮਰਾਨਾਂ ਵੱਲੋਂ ਜ਼ਬਰ-ਜੁਲਮ ਕਰਕੇ ਗੁਲਾਮ ਬਣਾਉਣ ਦੇ ਮਨਸੂਬਿਆਂ ਵਿਚ ਹੁਕਮਰਾਨ ਅਤੇ ਉਨ੍ਹਾਂ ਦੇ ਵਿਚੋਲੇ ਕਤਈ ਕਾਮਯਾਬ ਨਹੀਂ ਹੋ ਸਕਣਗੇ । ਹੁਕਮਰਾਨਾਂ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਕਸ਼ਮੀਰ ਵਿਚ ਕਸ਼ਮੀਰੀਆਂ ਨੂੰ ਅਤੇ ਪੰਜਾਬ ਦੀਆਂ ਸਰਹੱਦਾਂ ਉਤੇ ਸਿੱਖ ਨੌਜ਼ਵਾਨਾਂ ਨੂੰ ਬਿਨ੍ਹਾਂ ਵਜਹ ਅੱਗੇ ਲਗਾਕੇ ਸ਼ਹੀਦ ਕਰਵਾਉਣ ਦੇ ਮਨੁੱਖਤਾ ਮਾਰੂ ਅਮਲਾਂ ਨੂੰ ਬੰਦ ਕਰਨ ਅਤੇ ਸਿੱਖ ਤੇ ਮੁਸਲਿਮ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਤੁਰੰਤ ਐਲਾਨ ਕਰਨ ।