ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਪ੍ਰਤੀ ਅਪਰਾਧੀ ਜਾਂ ਅੱਤਵਾਦੀ ਵਰਗੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਉਹ ਸੰਤ ਭਿੰਡਰਾਂਵਾਲਿਆਂ ਪ੍ਰਤੀ ਆਰ. ਟੀ. ਆਈ. ਬਿਨੈਕਾਰ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਕੇਂਦਰੀ ਸੂਚਨਾ ਕਮਿਸ਼ਨ ਵੱਲੋਂ ਗ੍ਰਹਿ ਮੰਤਰਾਲੇ ਰਾਹੀਂ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ ਕਹਿਣ ‘ਤੇ ਟਿੱਪਣੀ ਕਰ ਰਹੇ ਸਨ, ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੰਤ ਭਿੰਡਰਾਂਵਾਲਿਆਂ ਪ੍ਰਤੀ ਦੂਜੀ ਵਾਰ ਪੰਜਾਬ ਤੋਂ ਜਾਣਕਾਰੀ ਮੰਗਣ ਤੋਂ ਹੀ ਸਪਸ਼ਟ ਹੈ ਕਿ ਕੇਂਦਰ ਸਰਕਾਰ ਕੋਲ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਮਾਮਲਾ ਨਹੀਂ ਹੈ।ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਧਵੇ ਮੁਖੀ ਸੰਤ ਭਿੰਡਰਾਂਵਾਲੇ ਸਿਖ ਕੌਮ ਦੇ ਧਾਰਮਿਕ ਆਗੂ ਸਨ। ਉਨ੍ਹਾਂ ਖ਼ਿਲਾਫ਼ ਕਿਸੇ ਕਿਸਮ ਦਾ ਮਾਮਲਾ ਦਰਜ ਨਹੀਂ ਹੈ।ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਇਤਿਹਾਸਕ ਪੱਖਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗ੍ਰਿਫ਼ਤਾਰੀ ਉਪਰੰਤ ਸੰਤ ਜੀ ਖ਼ਿਲਾਫ਼ ਕੋਈ ਦੋਸ਼ ਸਾਬਤ ਨਾ ਹੋਣ ‘ਤੇ ਸਰਕਾਰ ਨੂੰ ਉਨ੍ਹਾਂ ਨੂੰ ਬਰੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੇ ਸੂਚਨਾ ਅਧਿਕਾਰੀ ਰਾਜੇਸ਼ ਕੁਮਾਰ ਗੁਪਤਾ ਵੱਲੋਂ ਮਿਤੀ 5 ਅਪ੍ਰੈਲ 2017 ਦੇ ਪੱਤਰ ਰਾਹੀਂ ਖਰੜ ਨਿਵਾਸੀ ਸ੍ਰੀ ਨਵਦੀਪ ਗੁਪਤਾ ਨੂੰ ਉਨ੍ਹਾਂ ਵੱਲੋਂ 24 ਮਾਰਚ 2017 ਨੂੰ ਮੰਗੀ ਗਈ ਜਾਣਕਾਰੀ ‘ਤੇ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕੋਈ ਵੀ ਮਾਮਲਾ ਨਾ ਹੋਣ ਬਾਰੇ ਪਹਿਲਾਂ ਵੀ ਦਸ ਚੁੱਕਿਆ ਹੈ । ਜਿਸ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦਾ ”ਅਪਰਾਧੀ” ਜਾਂ ”ਅਤਿਵਾਦੀ” ਹੋਣ ਬਾਰੇ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ।ਇਸੇ ਤਰਾਂ ਪੰਜਾਬ ਪੁਲੀਸ ਵੱਲੋਂ ਵੀ ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਕਿਸੇ ਵੀ ਥਾਣੇ ਵਿਚ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਨਾ ਹੋਣ ਬਾਰੇ ਦਸ ਚੁਕੀ ਹੈ। ਨਾ ਹੀ ਜੂਨ 1984 ਤਕ ਉਨ੍ਹਾਂ ਨੂੰ ”ਅਤਿਵਾਦੀ” ਠਹਿਰਾਇਆ ਗਿਆ ਹੈ।
ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੁੱਦੇ ਦੀ ਸੰਜੀਦਗੀ ਨੂੰ ਧਿਆਨ ਵਿਚ ਰਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਸਿੱਖ ਕੌਮ ਆਪਣਾ ਨਾਇਕ ਮੰਨਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਮਹਾਨ ਸਿਖ ਅਤੇ ਸ਼ਹੀਦ ਦਾ ਰੁਤਬਾ ਦਿਤਾ ਗਿਆ ਹੈ। ਸਰਕਾਰਾਂ ਵੱਲੋਂ ਸੰਤਾਂ ਪ੍ਰਤੀ ਕਿਸੇ ਵੀ ਕਿਸਮ ਦੀ ਗੈਰ ਜਿਮੇਵਾਰਾਨਾ ਟਿੱਪਣੀ ਸਿੱਖ ਕੌਮ ਦੀਆਂ ਜਜਬਾਤਾਂ ਨੂੰ ਠੇਸ ਪਹੁੰਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਪਹਿਲਾਂ ਹੀ ਸਸਤੀ ਸ਼ੁਹਰਤ ਅਤੇ ਅਮਨ ਸ਼ਾਂਤੀ ਭੰਗ ਕਰਨ ਹਿਤ ਸੰਤ ਭਿੰਡਰਾਂਵਾਲਿਆਂ ਦੇ ਪੋਸਟਰਾਂ ਨਾਲ ਛੇੜ ਛਾੜ ਕਰਨ ਜਾਂ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ‘ਚ ਲੱਗੇ ਰਹਿੰਦੇ ਹਨ। ਅਖੀਰ ‘ਚ ਦਮਦਮੀ ਟਕਸਾਲ ਮੁੱਖੀ ਨੇ ਕਿਹਾ ਕਿ ਸਿੱਖ ਸਮਾਜ ਲਈ ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਗਲਤ ਜਾਣਕਾਰੀ ਨਾਲ ਸਿੱਖ ਭਾਈਚਾਰੇ ਵਿਚ ਸਰਕਾਰ ਪ੍ਰਤੀ ਹੋਰ ਨਫ਼ਰਤ ਫੈਲਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਸਿਖ ਕੌਮ ਦੇ ਇਸ ਮਹਾਨ ਨਾਇਕ ਅਤੇ ਗੌਰਵਸ਼ਾਲੀ ਸਿੱਖ ਪ੍ਰਚਾਰਕ ਪ੍ਰਤੀ ਦੂਜਿਆਂ ‘ਚ ਗ਼ਲਤਫ਼ਹਿਮੀ ਪੈਦਾ ਹੋਣ ਤੋਂ ਰੋਕਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।