ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਰਦੁਵਾਜ ਵੱਲੋਂ ਵਿਧਾਨ ਸਭਾ ਵਿਖੇ ਸਿੱਖ ਇਤਿਹਾਸ ਬਾਰੇ ਕੀਤੀ ਗਈ ਨੁਕਤਾਚੀਨੀ ਨੂੰ ਬੇਲੋੜੀ ਦੱਸਿਆ ਹੈ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਆਗੂਆਂ ਦਾ ਸਾਮਾਜਿਕ ਅਤੇ ਧਾਰਮਿਕ ਪੱਧਰ ਤੇ ਬਹਿਸ਼ਕਾਰ ਕਰਨ ਦਾ ਐਲਾਨ ਕੀਤਾ।
ਦਰਅਸਲ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਧਾਨ ਸਭਾ ਵਿਚ ਦਲਿਤ ਭਾਈਚਾਰੇ ਦੀ ਗੱਲ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਵੱਲੋਂ ਦਲਿਤਾ ਨੂੰ ਦਿੱਤੇ ਗਏ ਬਰਾਬਰੀ ਦਾ ਹਵਾਲਾ ਦਿੱਤਾ ਸੀ। ਸਿਰਸਾ ਨੇ ਭਾਈ ਜੈਤਾ ਜੀ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਵੱਲੋਂ ਭਾਈ ਜੈਤਾ ਨੂੰ ਰੰਗ ਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਦੇ ਕੇ ਸਨਮਾਨਿਤ ਕਰਨ ਦਾ ਜ਼ਿਕਰ ਕੀਤਾ ਸੀ। ਇਸ ਦੌਰਾਨ ਵਿਧਾਇਕ ਸੌਰਭ ਭਰਦੁਵਾਜ ਦੇ ਨਾਲ ਕੁਝ ਹੋਰ ਵਿਧਾਇਕਾਂ ਨੇ ਸਿਰਸਾ ਦੇ ਭਾਸ਼ਣ ਨੂੰ ਨੌਟੰਕੀ ਦੱਸਦੇ ਹੋਏ ਨਾਰੇ੍ਹਬਾਜ਼ੀ ਸ਼ੁਰੂ ਕਰ ਦਿੱਤੀ।
ਕਾਲਕਾ ਨੇ ਕਿਹਾ ਕਿ ਸਿਰਸਾ ਨੇ ਸਿੱਖ ਇਤਿਹਾਸ ਦਾ ਹਵਾਲੇ ਨੂੰ ਅੱਜ ਦੇ ਸਮਾਜ਼ਿਕ ਮਾਹੌਲ ਨਾਲ ਜੋੜ ਕੇ ਸਮਾਜ਼ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਬੌਖਲਾਏ ਆਪ ਆਗੂਆਂ ਨੇ ਸਿੱਖ ਇਤਿਹਾਸ ਨੂੰ ਨੌਟੰਕੀ ਦੱਸ ਕੇ ਦਿਮਾਗੀ ਦੀਵਾਲੀਏਪਨ ਦਾ ਸਬੂਤ ਦਿੱਤਾ ਹੈ।
ਰਾਣਾ ਨੇ ਕਿਹਾ ਕਿ ਇਹ ਸਿੱਖ ਹੀ ਸਨ ਜਿਨ੍ਹਾਂ ਨੇ ਗੁਰੂਆਂ ਵੱਲੋਂ ਦਿਖਾਏ ਗਏ ਬਰਾਬਰੀ ਦੀ ਗੱਲ ਨੂੰ ਨਾ ਕੇਵਲ ਆਪਣੇ ਗੁਰੂਧਾਮਾਂ ਵਿਚ ਲਾਗੂ ਕੀਤਾ ਸਗੋਂ ਕਦੇ ਵੀ ਦਲਿਤਾ ਨਾਲ ਭੇਦਭਾਵ ਨਹੀਂ ਕੀਤਾ। ਉਕਤ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਵਿਧਾਇਕਾਂ ਦੀ ਇਸ ਘੱਟੀਆ ਹਰਕਤ ਲਈ ਵਿਧਾਨ ਸਭਾ ’ਚ ਖੜਕੇ ਮੁਆਫੀ ਮੰਗਣ ਨਹੀਂ ਤਾਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਕਾਰ ਦੇ ਖਿਲਾਫ਼ ਸਮਾਜਿਕ ਅਤੇ ਧਾਰਮਿਕ ਪੱਧਰ ’ਤੇ ਅੰਦੋਲਨ ਛੇੜਨ ਲਈ ਮਜਬੂਰ ਹੋਵੇਗੀ।