ਜੈਪੁਰ – ਜੋਧਪੁਰ ਦੀ ਅਦਾਲਤ ਨੇ 19 ਸਾਲ ਪੁਰਾਣੇ ਕਾਲੇ ਹਿਰਣ ਦੇ ਸਿ਼ਕਾਰ ਦੇ ਮਾਮਲੇ ਵਿੱਚ ਪ੍ਰਸਿੱਧ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਹਿ ਆਰੋਪੀ ਬਣਾਏ ਗਏ ਸੈਫ਼ ਅਲੀ ਖਾਨ, ਤਬੂ, ਨੀਲਮ, ਸੋਨਾਲੀ ਬੇਂਦਰੇ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਸ਼ੱਕ ਦੇ ਆਧਾਰ ਤੇ ਬਰੀ ਕਰ ਦਿੱਤਾ ਗਿਆ ਹੈ। ਸਲਮਾਨ ਨੂੰ ਵਣ-ਜੀਵ ਸੁਰੱਖਿਆ ਦੀਆਂ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 50 ਹਜ਼ਾਰ ਰੁਪੈ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸਲਮਾਨ ਖਾਨ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੁਣ ਉਨ੍ਹਾਂ ਨੂੰ ਸੁਣਾਈ ਜਾਣ ਵਾਲੀ ਸਜ਼ਾ ਦੇ ਖਿਲਾਫ਼ ਬਹਿਸ ਜਾਰੀ ਹੈ। ਉਨ੍ਹਾਂ ਦੇ ਵਕੀਲ ਇਹ ਕੋਸਿ਼ਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਤਿੰਨ ਸਾਲ ਤੋਂ ਘੱਟ ਸਜ਼ਾ ਮਿਲੇ। ਸਲਮਾਨ ਨੂੰ ਜੇ ਤਿੰਨ ਸਾਲ ਤੋਂ ਘੱਟ ਦੀ ਸਜ਼ਾ ਹੋਵੇਗੀ ਤਾਂ ਉਸ ਨੂੰ ਜਮਾਨਤ ਮਿਲ ਜਾਵੇਗੀ, ਪਰ ਜੇ ਸਜ਼ਾ ਤਿੰਨ ਸਾਲ ਤੋਂ ਵੱਧ ਦੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਜਮਾਨਤ ਦੇ ਲਈ ਸੈਸ਼ਨ ਕੋਰਟ ਵਿੱਚ ਅਪੀਲ ਕਰਨੀ ਪਵੇਗੀ। ਵਕੀਲਾਂ ਦਾ ਕਹਿਣਾ ਹੈ ਕਿ ਉਹ ਕੋਰਟ ਦੇ ਇਸ ਫੈਂਸਲੇ ਦੇ ਖਿਲਾਫ਼ ਸੈਸ਼ਨ ਕੋਰਟ ਵਿੱਚ ਅਪੀਲ ਕਰਨਗੇ। ਜੋਧਪੁਰ ਦੀ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।