ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਦੇ ਤਜ਼ਰਬਾ ਖੇਤਰ ਵਿਖੇ ਕਣਕ ਦੀ ਫ਼ਸਲ ਦੇ 5000 ਸਾਲ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ । ਇਸ ਪ੍ਰਦਰਸ਼ਨੀ ਬਾਰੇ ਡਾ। ਕੇ ਐਸ ਥਿੰਦ ਮੁਖੀ ਪਲਾਂਟ ਬਰੀਡਿੰਗ ਵਿਭਾਗ ਨੇ ਕਿਹਾ ਕਿ ਕਣਕ ਦੀਆਂ ਪੁਰਾਣੀਆਂ ਅਤੇ ਮੌਜੂਦਾ ਕਿਸਮਾਂ ਨੂੰ ਦੇਖਣ ਨਾਲ ਵਿਦਿਆਰਥੀਆਂ ਨੂੰ ਹਰੇਕ ਕਿਸਮ ਵੱਲੋਂ ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਕੇ ਇਸ ਨੂੰ ਸੁਰੱਖਿਅਤ ਕਰਨ ਵਿੱਚ ਪਾਏ ਯੋਗਦਾਨ ਬਾਰੇ ਪਤਾ ਚੱਲ ਸਕੇਗਾ । ਇਸ ਮੌਕੇ ਜਾਣਕਾਰੀ ਦਿੰਦਿਆਂ ਡਾ। ਅਚਲਾ ਸ਼ਰਮਾ ਕਣਕ ਬਰੀਡਰ ਨੇ ਦੱਸਿਆ ਕਿ ਕਣਕ ਦੀਆਂ ਪੁਰਾਣੀਆਂ ਕਿਸਮਾਂ ਕੱਦ ਪੱਖੋਂ ਲੰਮੀਆਂ ਹੋਣ ਕਰਕੇ ਇਹਨਾਂ ਦੇ ਢਹਿ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਸੀ ਜਿਸ ਕਰਕੇ ਡਾ। ਨਾਰਮਨ ਬਾਰਲੋਗ ਨੇ 10 ਬੌਣੀਆਂ ਕਿਸਮਾਂ ਵਿਕਸਿਤ ਕੀਤੀਆਂ । ਉਹਨਾਂ ਦੱਸਿਆ ਕਿ ਕਣਕ ਦੀ ਪੀ ਬੀ ਡਬਲਯੂ 343 ਕਿਸਮ ਦੇਸ਼ ਦੇ 97% ਭੂਗੋਲਿਕ ਖਿੱਤੇ ਵਿੱਚ 12 ਸਾਲ ਤੋਂ ਵੱਧ ਸਮਾਂ ਬੀਜੀ ਜਾਂਦੀ ਰਹੀ ਪਰ ਸਾਲ 2004 ਵਿੱਚ ਪੀਲੀ ਕੁੰਗੀ ਦੇ ਲੱਗਣ ਉਪਰੰਤ ਸਾਲ 2013 ਵਿੱਚ ਜਾਰੀ ਕੀਤੀ ਉਨਤ ਪੀ ਬੀ ਡਬਲਯੂ 343 ਦੇਸ਼ ਭਰ ਦੀ ਪਹਿਲੀ ਅਜਿਹੀ ਕਿਸਮ ਹੈ ਜੋ ਮਾਰਕਰ ਅਸਿਸਟਿਡ ਚੋਣ ਵਿਧੀ ਰਾਹੀਂ ਵਿਕਸਿਤ ਕੀਤੀ ਗਈ ਹੈ ।