ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਇੱਕ ਮਹੁੰਬਤ ਭਰਿਆ ਰੋਮਾਂਟਿੱਕ ਸ਼ਹਿਰ ਹੈ। ਇਸ ਦੇ ਵਿਚਕਾਰ ਵਗ ਰਹੇ ਸੇਨ ਦਰਿਆ ਨੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਸ਼ਿੰਗਾਰਿਆ ਹੋਇਆ ਹੈ। ਇਸ ਦਰਿਆ ਉਪਰ ਬਣੇ ਹੋਏ ਪੁਲ ਵਿਆਹੇ ਤੇ ਅਣਵਿਆਹੇ ਜੋੜਿਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੁਲ ਉਪਰ ਲੱਗੀਆਂ ਹੋਈਆਂ ਲੋਹੇ ਦੀਆਂ ਗਰਿੱਲਾਂ ਨੂੰ ਰੋਮਾਂਟਿੱਕ ਜੋੜਿਆਂ ਨੇ ਦੇਸ਼ ਵਿਦੇਸ਼ਾਂ ਤੋਂ ਆ ਕੇ ਥਾਂ ਥਾਂ ਪਿਆਰ ਭਰੇ ਜਿੰਦਰੇ ਲਗਾ ਕੇ ਅੰਗੂਰ ਦੀ ਵੇਲ ਵਾਂਗ ਭਰਿਆ ਪਿਆ ਹੈ। ਕਈਆ ਦਾ ਇਹ ਵੀ ਵਿਸ਼ਵਾਸ਼ ਹੈ ਕਿ, ਤਾਲਾ ਲਗਾ ਕੇ ਚਾਬੀ ਨੂੰ ਦਰਿਆ ਵਿੱਚ ਸੁੱਟ ਦਿੱਤਾ ਜਾਵੇ ਤਾ ਪਿਆਰ ਭਰੀ ਜੋੜੀ ਹਮੇਸ਼ਾ ਬਣੀ ਰਹੇਗੀ। ਪਰ ਪ੍ਰਸ਼ਾਸਨ ਲਈ ਇਹ ਤਾਲੇ ਸਿਰ ਦਰਦੀ ਬਣੇ ਹੋਏ ਹਨ। ਕਿਉਂ ਕਿ ਤਾਲਿਆਂ ਦਾ ਮਣਾਂ ਮੂੰਹੀ ਭਾਰ ਨਾਲ ਗਰਿਲਾਂ ਦੇ ਟੁੱਟ ਜਾਣ ਤੇ ਪਬਲਿੱਕ ਲਈ ਖਤਰਾ ਹੈ। ਇਸ ਲਈ ਕਿਸੇ ਵੀ ਅਣ ਸੁਖਾਵੀ ਘਟਨਾ ਦੇ ਮੱਦੇ ਨਜ਼ਰ ਵਿੱਚ ਪੈਰਿਸ ਦੇ ‘ਪੌਂਅ ਨੈਫ’ ਨਾਂ ਦੇ ਪੁੱਲ ਉਪਰ ਲੱਗੇ ਤਾਲਿਆਂ ਨੂੰ ਹਟਾਉਣ ਦਾ ਨਿਰਣਾ ਕੀਤਾ ਹੈ। ਪਿੱਛਲੇ ਦੋ ਹਫਤਿਆਂ ਤੋਂ ਸਕਿਉਰਟੀ ਕਰਮਚਾਰੀਆਂ ਨੇ ਪੁੱਲ ਤੋਂ ਤਾਲੇ ਲਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਜਿਹਨਾਂ ਦਾ ਭਾਰ ਕੋਈ ਚਾਲੀ ਟਨ ਦੇ ਕਰੀਬ ਹੈ। ਯਾਦ ਰਹੇ ਕਿ 8 ਜੂਨ 2014 ਨੂੰ ਪੌਅ ਆਰਟ ਨਾਂ ਦੇ ਪੁਲ ਦੀਆਂ ਗਰਿੱਲਾਂ ਦਾ ਕੁਝ ਹਿੱਸਾ ਤਾਲਿਆਂ ਦੇ ਭਾਰ ਨਾਲ ਦਰਿਆ ਵਿੱਚ ਜਾ ਡਿੱਗਿਆ ਸੀ। ਜਿਸ ਦਾ ਭਾਰ ਕੋਈ 54 ਟਨ ਦੇ ਕਰੀਬ ਸੀ। ਹੁਣ ਉਹ ਗਰਿੱਲਾਂ ਉਪਰ ਮੋਟੇ ਸ਼ੀਸੇ ਫਿੱਟ ਕੀਤੇ ਹੋਏ ਹਨ।ਇਥੇ ਇਹ ਵੀ ਯਿਕਰ ਯੋਗ ਹੈ ਕਿ ਸਭ ਤੋਂ ਪਹਿਲਾਂ ਇਹ ਰੀਤ ਇਟਲੀ ਦੇ ਸ਼ਹਿਰ ਰੋਮ ਤੋਂ ਪ੍ਰਚੱਲਤ ਹੋਈ ਸੀ। ਜਿੱਥੇ ਇੱਕ ਰੋਮਨ ਜੋੜੇ ਨੇ ਮਹੁੱਬਤ ਭਰਿਆ ਤਾਲਾ ਲਗਾ ਕੇ ਚਾਬੀ ਪਾਣੀ ਵਿੱਚ ਸੁੱਟ ਦਿੱਤੀ ਸੀ।
ਪੈਰਿਸ ‘ਚ ਸੇਨ ਦਰਿਆ ਦੇ ਪੁਲ ਦੀਆਂ ਗਰਿਲਾਂ ਤੇ ਲਾਏ ਮਹੁੰਬਤ ਭਰੇ ਤਾਲਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ
This entry was posted in ਅੰਤਰਰਾਸ਼ਟਰੀ.