ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿਚੋਂ ਨਾਵਲ, ਕਹਾਣੀ, ਨਾਟਕ ਅਤੇ ਕਵਿਤਾ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਰੂਪ ਹਨ। ਸਵੈ ਜੀਵਨੀ ਦੀ ਪਰੰਪਰਾ ਬਾਅਦ ਵਿਚ ਸ਼ੁਰੂ ਹੋਈ ਹੈ। ਪੁਰਾਤਨ ਜ਼ਮਾਨੇ ਵਿਚ ਵੀ ਬਾਲਪਨ ਵਿਚ ਦਾਦੇ-ਦਾਦੀ ਕੋਲੋਂ ਬੱਚੇ ਕਹਾਣੀਆਂ ਜਿਨ੍ਹਾਂ ਨੂੰ ਬਾਤਾਂ ਕਿਹਾ ਜਾਂਦਾ ਸੀ, ਸੁਣਕੇ ਸੌਂਦੇ ਸਨ। ਬਹੁਤ ਕੁਝ ਆਪਣੇ ਪਰਿਵਾਰ ਦੀ ਵਿਰਾਸਤ ਤੋਂ ਹੀ ਸਿਖਦੇ ਸਨ। ਸਮੇਂ ਦੀ ਤਬਦੀਲੀ ਨਾਲ ਕਹਾਣੀਆਂ ਸੁਣਨ ਦੀ ਥਾਂ ਪੜ੍ਹਨ ਦਾ ਰਿਵਾਜ ਹੋ ਗਿਆ। ਵੱਡੀਆਂ ਕਹਾਣੀਆਂ ਨੂੰ ਨਾਵਲਿਟ ਅਤੇ ਨਾਵਲ ਕਿਹਾ ਜਾਣ ਲੱਗ ਪਿਆ। ਲੇਖਿਕਾ ਪਰਮਵੀਰ ਕੌਰ ਜ਼ੀਰਾ ਨੇ ਵੀ ਆਪਣੇ ਦਾਦੇ ਤੋਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਅਤੇ ਤ੍ਰਾਸਦੀ ਦੀਆਂ ਬਾਤਾਂ ਸੁਣਕੇ ਅਤੇ ਬਾਅਦ ਵਿਚ ਜ਼ਿੰਦਗੀ ਦੇ ਤਲਖ਼ ਤਜ਼ਰਬੇ ਹਾਸਲ ਕਰਕੇ ਆਪਣੀ ਸਵੈ ਜੀਵਨੀ ਪਰਵਾਜ਼ ਲਿਖੀ, ਜਿਸਨੂੰ ਉਹ ਨਾਵਲ ਲਿਖਦੀ ਹੈ। ਅਸਲ ਵਿਚ ਇਹ ਸਵੈਜੀਵਨੀ ਹੈ ਪ੍ਰੰਤੂ ਉਸਨੇ ਜੀਵਨ ਦੀਆਂ ਘਟਨਾਵਾਂ ਨੂੰ ਦਿਲਚਸਪ ਬਣਾਕੇ ਨਾਵਲ ਬਣਾ ਦਿੱਤਾ ਹੈ। ਇਹ ਨਾਵਲ 127 ਪੰਨਿਆਂ ਦਾ 100 ਰੁਪਏ ਦੀ ਕੀਮਤ ਵਾਲਾ ਹੈ, ਜਿਸਨੂੰ ਲੇਖਿਕਾ ਨੇ ਪੰਜ ਭਾਗਾਂ ਵਿਚ ਵੰਡਿਆ ਹੈ। ਇਸ ਨਾਵਲ ਨੂੰ 5 ਆਬ ਪ੍ਰਕਾਸ਼ਨ ਜ¦ਧਰ ਨੇ ਪ੍ਰਕਾਸ਼ਤ ਕੀਤਾ ਹੈ। ਵੈਸੇ ਇਸਨੂੰ ਨਾਵਲਿਟ ਵੀ ਕਿਹਾ ਜਾ ਸਕਦਾ ਹੈ। ਇਹ ਆਪਣੀ ਕਿਸਮ ਦਾ ਵਿਲੱਖਣ ਨਾਵਲ ਹੈ ਕਿਉਂਕਿ ਇਹ ਫਸਟ ਪਰਸਨ ਵਿਚ ਲਿਖਿਆ ਗਿਆ ਹੈ। ਅਸਲ ਵਿਚ ਇਸਨੂੰ ਸਵੈਜੀਵਨੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨਾਵਲ ਵਿਚ ਲੇਖਿਕਾ ਨੇ ਬਚਪਨ ਵਿਚ ਹੀ ਆਪਣੀ ਮਾਂ ਦੀ ਮੌਤ ਤੋਂ ਬਾਅਦ ਇਕ ਲੜਕੀ ਨੂੰ ਪਿਤਾ ਵੱਲੋਂ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਦੇ ਹਾਲਾਤ ਬਾਰੇ ਜ਼ਿੰਦਗੀ ਬਸਰ ਕਰਨ ਸਮੇਂ ਆਈਆਂ ਮੁਸਕਲਾਂ ਅਤੇ ਅਣਮਨੁਖੀ ਵਰਤਾਰਿਆਂ ਬਾਰੇ ਵਿਸਤਾਰ ਪੂਰਬਕ ਲਿਖਿਆ ਹੈ। ਇਹ ਨਾਵਲ ਮਾਂ ਮਹਿਟਰ ਲੜਕੀ ਦੀ ਬਹਾਦਰੀ, ਦਲੇਰੀ, ਦ੍ਰਿੜ੍ਹਤਾ, ਲਗਨ, ਉਸਰੂ ਸੋਚ, ਸਿਆਣਪ ਅਤੇ ਸਜੱਗਤਾ ਦਾ ਨਮੂਨਾ ਹੈ। ਜਿਸ ਕਰਕੇ ਉਹ ਆਪਣੀ ਜ਼ਿੰਦਗੀ ਇੱਜ਼ਤ ਮਾਣ ਨਾਲ ਬਸਰ ਕਰਨ ਦੇ ਯੋਗ ਹੋਈ ਹੈ। ਆਮ ਤੌਰ ਤੇ ਇਤਨੀ ਛੋਟੀ ਉਮਰ ਵਿਚ ਲੜਕੀਆਂ ਇਤਨੀਆਂ ਸੁਜੱਗ ਨਹੀਂ ਹੁੰਦੀਆਂ। ਉਹ ਆਪਣੇ ਬਜ਼ੁਰਗਾਂ ਦੇ ਪੈਰਾਂ ਵਿਚ ਪੈਰ ਹੀ ਰੱਖਦੀਆਂ ਹੁੰਦੀਆਂ ਹਨ ਪ੍ਰੰਤੂ ਇਸ ਸਵੈਜੀਵਨੀ ਦੀ ਨਾਇਕਾ ਆਮ ਲੜਕੀਆਂ ਨਾਲੋਂ ਥੋੜ੍ਹੀ ਵੱਖਰੀ ਸੋਚ ਦੀ ਮਾਲਕ ਹੈ। ਇਸ ਨਾਵਲ ਦੀ ਕਹਾਣੀ ਸੁਣਾਉਂਦਿਆਂ ਲੇਖਿਕਾ ਨੇ ਸ਼ਬਦਾਵਲੀ ਵੀ ਕਈ ਥਾਂ ਕਮਾਲ ਦੀ ਸਰਲ, ਸਾਦੀ ਸਮਝ ਵਿਚ ਆਉਣ ਵਾਲੀ ਪ੍ਰੰਤੂ ਮਨ ਨੂੰ ਸਰਸਾਰ ਕਰਨ ਵਾਲੀ ਵਰਤੀ ਹੈ। ਜਿਵੇਂ ਉਹ ਲਿਖਦੀ ਹੈ ‘‘ ਦੋਸਤੋ! ਜ਼ਿੰਦਗੀ ਚੰਦਨ ਦਾ ਬਾਗ ਨਹੀਂ, ਜਿਸ ਤੋਂ ਹਮੇਸ਼ਾ ਖ਼ੁਸ਼ਬੂ ਹੀ ਆਉਂਦੀ ਰਹੇ……………..! ਇਹ ਦੁੱਖਾਂ-ਸੁੱਖਾਂ, ਗ਼ਮਾਂ-ਹੰਝੂਆਂ, ਦਰਦਾਂ, ਮਿਲਾਪ-ਵਿਛੋੜੇ, ਖ਼ੁਸ਼ੀ-ਗ਼ਮੀ ਦਾ ਘਟਨਾ ਚਕਰ ਹੈ। ਨਿਰੰਤਰ ਕਾਰਜਸ਼ੀਲਤਾ ਇਸਨੂੰ ਸਾਰ੍ਯਥਕ ਬਣਾ ਦਿੰਦੀ ਹੈ। ਇਸ ਲਈ ਬੰਧੂਓ…! ਹਮੇਸ਼ਾ ਕਾਰਜਸ਼ੀਲ ਰਹੋ।’’ਇਹ ਨਾਵਲ ਪੜ੍ਹਦਿਆਂ ਪਾਠਕ ਦਾ ਮਨ ਵੀ ਕਈ ਵਾਰ ਡਿਕ ਡੋਲੇ ਖਾਣ ਲੱਗ ਜਾਂਦਾ ਹੈ। ਭਾਵੇਂ ਲੇਖਿਕਾ ਨੇ ਕਈ ਥਾਂ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਪ੍ਰੰਤੂ ਕਹਾਣੀ ਦੀ ਲਗਾਤਾਰਤਾ ਅਤੇ ਪਾਤਰਾਂ ਦੇ ਪੜ੍ਹੇ ਲਿਖੇ ਹੋਣ ਕਰਕੇ ਉਹ ਬਹੁਤੀ ਖਟਕਦੀ ਨਹੀਂ। ਲੇਖਿਕਾ ਨੇ ਸਿੱਧ ਕਰ ਦਿੱਤਾ ਹੈ ਕਿ ਮਤਰੇਈ ਮਾਂ ਅਤੇ ਪਿਤਾ ਦੀ ਕਿਸੇ ਕਿਸਮ ਦੀ ਸਹਾਇਤਾ ਤੋਂ ਬਿਨਾਂ ਵੀ ਇਕ ਬੇਸਹਾਰਾ ਲੜਕੀ ਆਪਣੇ ਦਾਦੇ ਅਤੇ ਉਸਦੀ ਮੌਤ ਤੋਂ ਬਾਅਦ ਸਮਾਜ ਦੇ ਚੰਗੇ ਕਿਰਦਾਰ ਵਾਲੇ ਇਨਸਾਨਾ ਦੇ ਪਿਆਰ ਅਤੇ ਸਹਿਯੋਗ ਨਾਲ ਲੜਕੀਆਂ ਆਪਣੀ ਮਰਜੀ ਅਨੁਸਾਰ ਪਰਵਾਜ਼ ਭਰ ਸਕਦੀਆਂ ਹਨ, ਬਸ਼ਰਤੇ ਕਿ ਉਨ੍ਹਾਂ ਵਿਚ ਹੌਸਲਾ, ਆਤਮ ਵਿਸ਼ਵਾਸ਼, ਦ੍ਰਿੜ੍ਹ ਇਰਾਦਾ, ਲਗਨ, ਨਿਸ਼ਾਨਾ ਪ੍ਰਾਪਤ ਕਰਨ ਦੀ ਇੱਛਾ ਸ਼ਕਤੀ ਅਤੇ ਅਡੋਲ ਰਹਿਣ ਦੀ ਸਮਰੱਥਾ ਹੋਵੇ। ਅਜਿਹੇ ਪੰਧ ਵਿਚ ਰੁਕਾਵਟਾਂ ਬਹੁਤ ਆਉਂਦੀਆਂ ਹਨ। ਇਹ ਨਾਵਲ ਨੌਜਵਾਨ ਬੇਸਹਾਰਾ ਲੜਕੀਆਂ ਜਿਨ੍ਹਾਂ ਨੂੰ ਹਾਲਾਤ ਨੇ ਦੁੱਖਾਂ ਦੀ ਘੁੰਮਣਘੇਰੀ ਵਿਚ ਪਾ ਕੇ ਅਨੇਕਾਂ ਦੁਸ਼ਾਵਰੀਆਂ ਅਤੇ ਔਕੜਾਂ ਵਿਚ ਪਾ ਦਿੱਤਾ ਹੋਵੇ, ਉਨ੍ਹਾਂ ਲਈ ਸਵੈਮਾਣ ਨਾਲ ਜ਼ਿੰਦਗੀ ਜਿਓਣ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ। ਹਾਲਾਂਕਿ ਇਸ ਨਾਵਲ ਵਿਚ ਇੱਕ ਅਬਲਾ ਦੀ ਤ੍ਰਾਸਦੀ ਦੀ ਦਰਦਭਰੀ ਕਹਾਣੀ ਹੈ ਪ੍ਰੰਤੂ ਲੇਖਿਕਾ ਨੇ ਇਸ ਪ੍ਰਕਾਰ ਵਰਨਣ ਕੀਤਾ ਹੈ ਕਿ ਉਹ ਲੜਕੀ ਤਰਸ ਦੀ ਪਾਤਰ ਬਣਨ ਦੀ ਥਾਂ ਆਤਮ ਵਿਸ਼ਵਾਸ਼ ਦਾ ਨਮੂਨਾ ਬਣਦੀ ਹੈ। ਨਾਵਲ ਵਿਚ ਉਸ ਲੜਕੀ ਦੇ ਦਾਦੇ ਦੀ ਦਲੇਰੀ ਅਤੇ ਪਿਤਾ ਗੁਰਪਰਤਾਪ ਸਿੰਘ ਦੀ ਬੁਜਦਿਲੀ ਵਿਖਾਈ ਗਈ ਹੈ। ਇਕ ਪਰਿਵਾਰ ਦੇ ਦੋ ਮੈਂਬਰ ਇਕ ਦੂਜੇ ਦੇ ਉਲਟ ਸੁਭਾਅ ਦੇ ਹਨ। ਦਾਦਾ ਆਪਣੇ ਸਪੁੱਤਰ ਨੂੰ ਇਸ ਕਰਕੇ ਬੇਦਖ਼ਲ ਕਰ ਦਿੰਦਾ ਹੈ ਕਿਉਂਕਿ ਉਹ ਆਪਣੀ ਦੂਜੇ ਵਿਆਹ ਵਾਲੀ ਪਤਨੀ ਦੇ ਮਗਰ ਲੱਗਕੇ ਆਪਣੀ ਲੜਕੀ ਦੀ ਵੇਖ ਭਾਲ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਸਗੋਂ ਸਾਰੀ ਪ੍ਰਾਪਰਟੀ ਆਪਣੇ ਨਾਮ ਲਗਵਾਉਣ ਲਈ ਆਪਣੇ ਪਿਤਾ ਉਪਰ ਜ਼ੋਰ ਪਾਉਂਦਾ ਰਹਿੰਦਾ ਸੀ। ਬੇਸਹਾਰਾ ਲੜਕੀ ਦੀ ਵਿਚਾਰਧਾਰਾ ਵੀ ਅਦਰਸ਼ਕ ਅਤੇ ਠੋਸ ਵਿਖਾਈ ਗਈ ਹੈ, ਜਿਸਤੋਂ ਲੜਕੀਆਂ ਅਗਵਾਈ ਲੈ ਸਕਦੀਆਂ ਹਨ। ਲੇਖਿਕਾ ਨੇ ਨਾਵਲ ਦੀ ਮੁੱਖ ਪਾਤਰ ਵੀਰੂ ਨੂੰ ਦਾਰਸ਼ਨਿਕ ਵਿਚਾਰਧਾਰਾ ਵਾਲੀ ਧਾਰਮਿਕ ਖਿਆਲਾਂ ਵਿਚ ਪਰੁਚੀ ਵਿਖਾਇਆ ਗਿਆ ਹੈ। ਆਦਰਸ਼ਕ, ਦਲੇਰ ਅਤੇ ਆਤਮ ਵਿਸ਼ਵਾਸੀ ਇਤਨੀ ਵਿਖਾਇਆ ਗਿਆ ਹੈ ਕਿ ਕਈ ਵਾਰ ਤਾਂ ਉਸਦੇ ਕਿਰਦਾਰ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ। ਨੌਜਵਾਨੀ ਦੀ ਉਮਰ ਵਿਚ ਗੂੜ੍ਹ ਗਿਆਨ ਦੀਆਂ ਗੱਲਾਂ ਸੁਣਕੇ ਉਹ ਰੱਬੀ ਰੂਪ ਲੱਗਦੀ ਹੈ। ਮਤਰੇਈ ਮਾਂ ਬਾਰੇ ਨਾਇਕਾ ਵੀਰੂ ਆਪਣੀ ਭਾਵਨਾ ਨੂੰ ਆਪਣੇ ਪਾਪਾ ਦੀ ਪਿੰ੍ਰਸੀਪਲ ਪਤਨੀ ਕਹਿਕੇ ਪ੍ਰਗਟਾਉਂਦੀ ਹੈ ਪ੍ਰੰਤੂ ਕੋਈ ਘਟੀਆ ਸ਼ਬਦਾਵਲੀ ਨਹੀਂ ਵਰਤਦੀ, ਜਿਸਤੋਂ ਉਸਦੀ ਸਿਆਣਪ, ਅਣਖ਼ ਅਤੇ ਖ਼ੁਦਦਾਰੀ ਝਲਕਦੀ ਹੈ। ਪ੍ਰੰਤੂ ਉਹ ਉਸਨੂੰ ਆਪਣੀ ਮਾਂ ਦਾ ਦਰਜਾ ਵੀ ਨਹੀਂ ਦਿੰਦੀ। ਕਈ ਥਾਂ ਆਪਣੇ ਪਾਪਾ ਨੂੰ ਵੀ ਸਤਿਕਾਰ ਅਤੇ ਵਿਅੰਗ ਨਾਲ ਸ੍ਰ.ਗੁਰਪਰਤਾਪ ਸਿੰਘ ਕਹਿੰਦੀ ਹੈ। ਵੀਰੂ ਨੇ ਮਾੜੇ ਹਾਲਾਤ ਅਤੇ ਨਾਜ਼ਕ ਦੌਰ ਵਿਚ ਵੀ ਹਾਰ ਨਹੀਂ ਮੰਨੀ ਅਤੇ ਨਾ ਹੀ ਕੋਈ ਗ਼ਲਤ ਕਦਮ ਚੁੱਕਿਆ ਹੈ, ਜਿਸ ਕਰਕੇ ਉਹ ਬਾਕੀ ਲੜਕੀਆਂ ਲਈ ਰੋਲ ਮਾਡਲ ਹੈ। ਵੀਰੂ ਆਪਣੇ ਪਿਤਾ ਦੇ ਵਿਵਹਾਰ ਤੋਂ ਇਤਨੀ ਦੁੱਖੀ ਹੈ ਕਿ ਉਹ ਉਸਦਾ ਫੋਨ ਸੁਣਨ ਨੂੰ ਵੀ ਤਿਆਰ ਨਹੀਂ। ਪ੍ਰੰਤੂ ਇਕ ਥਾਂ ਤੇ ਲਿਖਦੀ ਹੈ ਕਿ ਜਦੋਂ ਉਸਨੂੰ ਚੰਡੀਗੜ੍ਹ ਤੋਂ ਬਾਹਰ ਉਸਦੇ ਦਾਦਾ ਵੱਲੋਂ ਉਸ ਲਈ ਖ੍ਰੀਦੇ ਫਲੈਟ ਵਿਚੋਂ ਕੱਢਣ ਲਈ ਪੜ੍ਹਾਈ ਦੇ ਬਹਾਨੇ ਆਪਣੇ ਚਚੇਰੇ ਭਰਾ ਨਾਲ ਉਸਦਾ ਪਿਤਾ ਪੜ੍ਹਨ ਲਈ ਭੇਜਦਾ ਹੈ ਤਾਂ ਪੰਜ ਲੱਖ ਰੁਪਿਆ ਵੀਰੂ ਦੇ ਖਰਚੇ ਲਈ ਚਚੇਰੇ ਭਰਾ ਨੂੰ ਦਿੰਦਾ ਹੈ। ਇਸ ਸਵੈ ਜੀਵਨੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਮਤਰੇਈ ਮਾਂ ਅਤੇ ਖ਼ੂਨ ਦੇ ਰਿਸ਼ਤੇ ਨਾਲੋਂ ਹੋਰ ਦੂਜੇ ਰਿਸ਼ਤੇ ਜ਼ਿਆਦਾ ਨਿਭਦੇ ਹਨ ਕਿਉਂਕਿ ਵੀਰੂ ਨੂੰ ਸੈਣੀ, ਅਰੋੜਾ , ਪਿਤਾ ਦਾ ਚਚੇਰਾ ਭਰਾ, ਐਮ.ਡੀ. ਸਾਹਿਬ, ਨਾਟਕ ਮੰਡਲੀ ਦੇ ਸਹਿਯੋਗੀ ਅਤੇ ਮੂੰਹ ਬੋਲਾ ਭਰਾ ਦੇ ਪਰਿਵਾਰ ਵੱਲੋਂ ਬਹੁਤ ਸਹਾਇਤਾ ਅਤੇ ਪਿਤਰੀ ਪਿਆਰ ਮਿਲਿਆ ਹੈ। ਅਮਰਬੀਰ ਸਿੰਘ ਜਿਹੜਾ ਸੈਣੀ ਪਰਿਵਾਰ ਨੇ ਅਡਾਪਟ ਕੀਤਾ ਹੋਇਆ ਲੜਕਾ ਹੈ, ਉਹ ਵੀ ਵੀਰੂ ਨਾਲ ਬਾਵਾਸਤਾ ਰਹਿੰਦਾ ਹੈ ਜਿਸਤੋਂ ਇਹ ਸਵੈ ਜੀਵਨੀ ਦਿਲਚਸਪ ਬਣਦੀ ਲੱਗਦੀ ਹੈ ਕਿਉਂਕਿ ਇਕ ਲੜਕੇ ਅਤੇ ਲੜਕੀ ਦੀਆਂ ਅੰਤਰੀਵ ਭਾਵਨਾਵਾਂ ਦੀ ਖਿੱਚ ਦਾ ਪ੍ਰਗਟਾਵਾ ਹੁੰਦਾ ਹੈ। ਇਕ ਲੜਕੇ ਅਤੇ ਲੜਕੀ ਵਿਚ ਇਸ ਖਿੱਚ ਦਾ ਹੋਣਾ ਕੁਦਰਤੀ ਹੈ, ਜਿਸ ਕਰਕੇ ਪਾਠਕ ਦੀ ਰੁਚੀ ਬਣੀ ਰਹਿੰਦੀ ਹੈ। ਸਕੂਲ ਵਿਚ ਪੜ੍ਹਾਉਂਦਿਆਂ ਉਸਨੂੰ ਬੜੇ ਤਲਖ਼ ਤਜ਼ਰਬੇ ਹੁੰਦੇ ਹਨ। ਸਿਆਸਤਦਾਨਾ ਦੀ ਸਕੂਲਾਂ ਵਿਚ ਦਖ਼ਅੰਦਾਜ਼ੀ, ਭਰਿਸ਼ਟਾਚਾਰ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਖ਼ੁਦਗਰਜੀ ਲਈ ਸਿਆਸਤਦਾਨ ਨਸ਼ਿਆਂ ਦੀ ਦਲਦਲ ਵਿਚ ਧਕੇਲ ਦਿੰਦੇ ਹਨ। ਅਜਿਹੇ ਹਾਲਾਤ ਵਿਚ ਵੀਰੂ ਨੇ ਅਸੂਲਾਂ ਦੇ ਵਿਰੁਧ ਜਾ ਕੇ ਰੋਜ-ਰੋਜ ਮਰਨ ਨਾਲੋਂ ਇਕ ਦਿਨ ਮਰਨਾ ਆਰਥਾਤ ਨੌਕਰੀ ਤੋਂ ਅਸਤੀਫਾ ਦੇਣਾ ਯੋਗ ਸਮਝਿਆ, ਜਦੋਂ ਕਿ ਜੀਵਨ ਬਸਰ ਕਰਨ ਲਈ ਪੈਸਾ ਜ਼ਰੂਰੀ ਹੁੰਦਾ ਹੈ। ਵੀਰੂ ਬਲਾਤਕਾਰ ਤੋਂ ਪ੍ਰਭਾਵਤ ਲੜਕੀਆਂ, ਯਤੀਮਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਵਿਦਿਆਰਥੀਆਂ ਦੀ ਨਾਟਕ ਮੰਡਲੀ ਬਣਾਕੇ ਦੇਸ਼ ਭਗਤੀ ਦਾ ਜ਼ਜਬਾ ਵੀ ਪੈਦਾ ਕਰਨ ਵਿਚ ਪਹਿਲ ਕਰਦੀ ਰਹੀ ਹੈ। ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਉਹ ਲੋਕ ਨਾਇਕਾ ਬਣਕੇ ਲੋਕ ਸੇਵਾ ਕਰ ਰਹੀ ਹੈ। ਸਵੈ ਜੀਵਨੀ ਦੇ ਅਖ਼ੀਰ ਤੱਕ ਵੀਰੂ ਸਮਾਜ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਕਰਦੀ ਰਹਿੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਪਰਿਵਾਰ ਨੇ ਉਸਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਕੀਤਾ ਸੀ, ਉਸਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰਾਂ ਨੇ ਵੀਰੂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ। ਜੋ ¦ਮੀ ਕਾਨੂੰਨੀ ਲੜਾਈ ਤੋਂ ਬਾਅਦ ਛੁਡਾਇਆ ਗਿਆ ਸੀ। ਇਸ ਜਦੋਜਹਿਦ ਵਿਚ ਪੁਲਿਸ ਦੇ ਰੋਲ ਬਾਰੇ ਉਸਦੇ ਤਜਰਬੇ ਬੜੇ ਕੌੜੇ ਹਨ ਤੇ ਉਹ ਲਿਖਦੀ ਹੈ ਕਿ ਪੁਲਿਸ ਪਰਿਵਾਰਾਂ ਦੀਆਂ ਤਿੰਨ ਪੁਸ਼ਤਾਂ ਤੇ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਪਰਮਵੀਰ ਕੌਰ ਜ਼ੀਰਾ ਦੀ ਸਵੈ ਜੀਵਨੀ ਵਿਲੱਖਣ ਕਿਸਮ ਦੀ ਹੈ, ਜਿਸ ਨੂੰ ਪੜ੍ਹਕੇ ਨੌਜਵਾਨੀ ਪ੍ਰੇਰਨਾ ਲੈ ਸਕਦੀ ਹੈ। ਬੱਚਿਆਂ ਨੂੰ ਬਿਜਲੀ ਉਪਕਰਣਾਂ ਨਾਲ ਖੇਡਣ ਤੋਂ ਵੀ ਵਰਜਦੀ ਹੈ ਕਿਉਂਕਿ ਵੀਰੂ ਵੱਲੋਂ ਬਿਜਲੀ ਦੇ ਉਪਕਰਨ ਨਾਲ ਖੇਡਣ ਕਰਕੇ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪਿਆ ਸੀ। ਅਜੇ ਪਰਮਵੀਰ ਕੌਰ ਜ਼ੀਰਾ ਭਰ ਜਵਾਨੀ ਵਿਚ ਹੈ, ਉਸਦੀ ਬਾਕੀ ਰਹਿੰਦੀ ਉਮਰ ਦੀ ਕਹਾਣੀ ਹੋਰ ਵੀ ਦਿਲਚਸਪ ਹੋ ਸਕਦੀ ਹੈ ਕਿਉਂਕਿ ਉਹ ਆਮ ਲੜਕੀਆਂ ਨਾਲੋਂ ਆਪਣਾ ਵੱਖਰਾ ਰਸਤਾ ਬਣਾਕੇ ਚਲਣ ਵਾਲੀ ਜੁਝਾਰੂ ਲੜਕੀ ਹੈ। ਸ਼ਾਲਾ ਉਹ ਪੰਜਾਬੀ ਸਾਹਿਤ ਦੀ ਝੋਲੀ ਹੋਰ ਭਰਦੀ ਰਹੇ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਤੋਂ ਪ੍ਰਹੇਜ ਕਰੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਪਰਮਵੀਰ ਜ਼ੀਰਾ ਦੀ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ : ਉਜਾਗਰ ਸਿੰਘ ਉਜਾਗਰ ਸਿੰਘ
This entry was posted in ਸਰਗਰਮੀਆਂ.