ਰੂਪਨਗਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤੀ ਹਕੂਮਤ ਸਿਖਾਂ ਨਾਲ ਇਨਸਾਫ਼ ਨਹੀਂ ਕਰ ਰਹੀ ਹੈ। ਹਮੇਸ਼ਾਂ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕਰਦੀ ਆਈ ਹੈ। ਭਾਰਤ ਵਿਚ ਬਹੁਗਿਣਤੀਆਂ ਪ੍ਰਤੀ ਅਤੇ ਘੱਟਗਿਣਤੀ ਸਿਖਾਂ ਲਈ ਕਾਨੂੰਨ ਅਤੇ ਵਿਵਸਥਾ ਦਾ ਦੋਹਰੇ ਮਾਪਦੰਡ ਅਪਣਾਇਆ ਜਾਣਾ ਸਿਖ ਕੌਮ ਨਾਲ ਘੋਰ ਬੇਇਨਸਾਫ਼ੀ ਅਤੇ ਅਤਿ ਬੇਸ਼ਰਮੀ ਵਾਲਾ ਵਰਤਾਰਾ ਹੈ ।
ਦਮਦਮੀ ਟਕਸਾਲ ਮੁਖੀ ਪਿੰਡ ਡੇਕਵਾਲਾ (ਰੋਪੜ) ਵਿਖੇ ਵਿਸ਼ੇਸ਼ ਤੌਰ ’ਤੇ ਮੁਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਆਜੀਵਨ ਕੈਦ ਦੀ ਸਜਾ ਸੁਣਾਏ ਜਾ ਚੁਕੇ ਭਾਈ ਜਗਤਾਰ ਸਿੰਘ ਤਾਰਾ ਦੇ ਪਰਿਵਾਰ ਦੀ ਸਾਰ ਲੈਣ ਆਏ ਸਨ। ਇਸ ਮੌਕੇ ਉਨ੍ਹਾਂ ਭਾਈ ਤਾਰਾ ਦੇ ਭਰਾਤਾ ਭਾਈ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ ਅਤੇ ਭਰਜਾਈ ਬੀਬੀ ਕਵਲਜੀਤ ਕੌਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਕੌਮੀ ਸੰਘਰਸ਼ ’ਚ ਪੈਣ ਤੋਂ ਪਹਿਲਾਂ ਭਾਈ ਤਾਰਾ ਦਸਾਂ ਨੋਂਹਾਂ ਦੀ ਕਿਰਤ ਕਰ ਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਭਾਈ ਤਾਰਾ ਨੂੰ ਸੁਣਾਈ ਗਈ ਸਜਾ ਪ੍ਰਤੀ ਵਿਸ਼ਵ ਦੇ ਇਨਸਾਫ਼ ਪਸੰਦ ਲੋਕਾਂ ਦੀ ਨਿਗ੍ਹਾ ਵਿਚ ਅਤੇ ਸਿਖ ਕੌਮ ਦੇ ਹਿਰਦੇ ’ਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਭਾਈ ਤਾਰਾ ਨੇ ਵਿਸ਼ਵ ਸਾਹਮਣੇ ਮੁਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਪਿੱਛੇ ਉਸ ਦੀ ਸਤਾ ਦੌਰਾਨ ਹਜ਼ਾਰਾਂ ਬੇਕਸੂਰ ਸਿਖ ਨੌਜਵਾਨਾਂ ਦੇ ਕਤਲ ਹੋਣ ਦੀ ਬਾਦਲੀਲ ਅਤੇ ਪੂਰੀ ਨਿਡਰਤਾ ਨਾਲ ਕੋਮ ਦੀ ਪੀੜਾ ਅਤੇ ਜਜਬਾਤਾਂ ਨੂੰ ਜ਼ੁਬਾਨ ਦਿਤੀ। ਉਸ ਨੇ ਬੇਅੰਤ ਸਿੰਘ ਕਤਲ ਕੇਸ ਵਿਚ ਆਪਣੀ ਭੂਮਿਕਾ ਨੂੰ ਲਿਖਤੀ ਤੌਰ ’ਤੇ ਕਬੂਲ ਕਰ ਲੈਣ ਉਪਰੰਤ ਆਪਣੀ ਦ੍ਰਿੜਤਾ ’ਚ ਕੋਈ ਕਮੀ ਨਹੀਂ ਆਉਣ ਦਿਤੀ । ਉਸ ਵੱਲੋਂ ਸਖ਼ਤ ਸਜਾ ਸੁਣਾਏ ਜਾਣ ’ਤੇ ਵੀ ਉਨ੍ਹਾਂ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਅਤੇ ਆਪਣੇ ਨਾਲ ਕਿਸੇ ਤਰਾਂ ਵੀ ਨਰਮੀ ਵਰਤਣ ਬਾਰੇ ਅਪੀਲ ਕਰਨ ਤੋਂ ਇਨਕਾਰ ਕਰਦਿਆਂ ਸਿਖ ਕੌਮ ਦੀ ਗੌਰਵਸ਼ਾਲੀ ਸ਼ਾਨਦਾਰ ਰਵਾਇਤ ਨੂੰ ਕਾਇਮ ਰਖਣ ਪ੍ਰਤੀ ਦ੍ਰਿੜਤਾ ਦਿਖਾਉਣ ਲਈ ਉਹ ਸਿਖ ਕੌਮ ’ਚ ਸਦਾ ਸਤਿਕਾਰਿਆ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਸਿਖਾਂ ਲਈ ਵੱਖਰੇ ਕਾਨੂੰਨ ਅਤੇ ਵੱਖਰੀ ਵਿਵਸਥਾ ਹੈ। ਸਜਾਵਾਂ ਪੂਰੀਆਂ ਕਰ ਚੁਕੇ ਸਿਖ ਕੈਦੀਆਂ ਦੀ ਰਿਹਾਈ ਲਈ ਕੌਮ ਨੂੰ ਲੜਨਾ ਪੈ ਰਿਹਾ ਹੈ। ਭਾਰਤ ਵਿਚ ਉਮਰ ਕੈਦ 20 ਸਾਲ ਦੀ ਹੁੰਦੀ ਹੈ ਪਰ 20 ਸਾਲ ਤੋਂ ਵਧ ਕੈਦ ਕੱਟ ਚੁਕੇ ਭਾਈ ਤਾਰਾ ਨੂੰ ਆਖ਼ਰੀ ਸਵਾਸ ਤਕ ਕੈਦ ਦੀ ਸਜਾ ਸੁਣਾ ਕੇ ਸਿਖਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਜਦ ਕਿ ਸਿਖ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਵਰਗਿਆਂ ਨੂੰ ਪਰੋਲ ’ਤੇ ਰਿਹਾਈ ਦੇਣ ’ਚ ਦੇਰੀ ਨਹੀਂ ਕੀਤੀ ਗਈ। ਇੱਥੋਂ ਤਕ ਕਿ ਬੁੜੈਲ ਜੇਲ੍ਹ ਵਿਖੇ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਿਹਤ ਪੱਖੋਂ ਨਾਜ਼ੁਕ ਹਾਲਤ ’ਚ ਗੁਜ਼ਰ ਰਹੀ ਆਪਣੀ ਬਿਮਾਰ ਮਾਂ ਨੂੰ ਵੀ ਮਿਲਣ ਦੀ ਆਗਿਆ ਨਹੀਂ ਦਿਤੀ ਗਈ। ਨਾ ਹੀ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਰਦ ਦੇ ਇਲਾਜ ਪ੍ਰਤੀ ਜੇਲ੍ਹ ਪ੍ਰਸ਼ਾਸਨ ਨੇ ਸੰਜੀਦਗੀ ਦਿਖਾਈ। ਉਨ੍ਹਾਂ ਕਿਹਾ ਕਿ ਸਿਖ ਕੌਮ ਦੇ ਯੋਧਿਆਂ ਨੇ ਕੌਮ ਦੀ ਆਨ ਸ਼ਾਨ ਲਈ ਕੁਰਬਾਨੀਆਂ ਦਿੱਤੀਆਂ ਉੱਥੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਵੀ ਕਿਸੇ ਗੱਲੋਂ ਘਟ ਨਹੀਂ ਜੋ ਹਮੇਸ਼ਾਂ ਮੁਸੀਬਤਾਂ ਅਤੇ ਚੁਨੌਤੀਆਂ ਦਾ ਸਾਹਸ ਦਲੇਰੀ ਅਤੇ ਦ੍ਰਿੜਤਾ ਨਾਲ ਸਾਹਮਣਾ ਕੀਤਾ। ਇਹ ਪੰਥ ਦੇ ਪਰਿਵਾਰ ਹਨ ਅਤੇ ਪੰਥ ਦਾ ਰੋਮ ਰੋਮ ਇਹਨਾਂ ਪਰਿਵਾਰਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਹਕੂਮਤ ਸਿਖ ਕੌਮ ਦੇ ਹੱਕ ਹਕੂਕ ਲਈ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਨੂੰ ਸਖ਼ਤ ਸਜਾਵਾਂ ਦੇ ਕੇ ਵੀ ਉਨ੍ਹਾਂ ਦਾ ਹੌਸਲਾ ਪਸਤ ਨਹੀਂ ਕਰ ਸਕੇਗੀ। ਸਿੱਖ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਕੌਮ ਆਪਣੇ ਹੱਕ ਸੱਚ ਅਤੇ ਨਿਆਂ ਲਈ ਲੜਾਈ ਜਾਰੀ ਰੱਖੇਗੀ ।